''ਡੈਪੋ'' ਤਹਿਤ 3 ਹਜ਼ਾਰ ''ਨਸ਼ਾ ਰੋਕੂ ਅਫ਼ਸਰਾਂ'' ਦੀ ਰਜਿਸਟ੍ਰੇਸ਼ਨ

03/21/2018 11:57:05 PM

ਰੂਪਨਗਰ, (ਵਿਜੇ)- ਪੰਜਾਬ ਸਰਕਾਰ ਵੱਲੋਂ ਆਰੰਭੇ ਲੋਕ ਪੱਖੀ ਨਸ਼ਾ ਵਿਰੋਧੀ ਪ੍ਰੋਗਰਾਮ 'ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫ਼ਸਰ' (ਡੈਪੋ) ਦੇ ਤਹਿਤ 18 ਸਾਲ ਤੋਂ ਵੱਧ ਹਰੇਕ ਨਾਗਰਿਕ ਨੂੰ ਮੌਕਾ ਦਿੱਤਾ ਗਿਆ ਹੈ ਕਿ ਉਹ ਸਮਾਜ ਨੂੰ ਮੁਕੰਮਲ ਤੌਰ 'ਤੇ ਨਸ਼ਾ ਮੁਕਤ ਕਰਨ ਲਈ ਆਰੰਭੀ ਇਸ ਵਿਸ਼ੇਸ਼ ਮੁਹਿੰਮ ਦਾ ਤਨ ਅਤੇ ਮਨ ਨਾਲ ਹਿੱਸਾ ਬਣ ਸਕੇ ਅਤੇ ਆਪਣੇ ਪਰਿਵਾਰ, ਮੁਹੱਲੇ, ਆਲੇ-ਦੁਆਲੇ ਨੂੰ ਨਸ਼ਾ ਮੁਕਤ ਕਰਨ ਲਈ ਲੋਕ ਲਹਿਰ ਵਜੋਂ ਸਾਫ਼ ਸੁਥਰੇ ਸਮਾਜ ਦੀ ਸਿਰਜਣਾ 'ਚ ਯੋਗਦਾਨ ਪਾ ਸਕੇ। 
ਇਹ ਪ੍ਰਗਟਾਵਾ ਗੁਰਨੀਤ ਤੇਜ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਕਮੇਟੀ ਰੂਮ ਵਿਚ ਇਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਵੈ-ਇੱਛਾ ਨਾਲ ਡੈਪੋ ਵਾਲੰਟੀਅਰ ਬਣ ਕੇ ਮਨੁੱਖਤਾ ਦੀ ਸੇਵਾ 'ਚ ਯੋਗਦਾਨ ਜ਼ਰੂਰ ਪਾਇਆ ਜਾਵੇ। ਇਸ ਮੁਹਿੰਮ ਦਾ ਮੁੱਖ ਮੰਤਵ ਵੱਧ ਤੋਂ ਵੱਧ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਨਾ ਹੈ। 23 ਮਾਰਚ ਨੂੰ ਨੌਜਵਾਨ ਸਸ਼ਕਤੀਕਰਨ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਜ਼ਿਲਾ, ਸਬ-ਡਵੀਜ਼ਨ ਪੱਧਰ 'ਤੇ ਸਹੁੰ ਚੁੱਕ ਸਮਾਗਮ ਕਰਵਾਇਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਇਸ ਮੁਹਿੰਮ ਦਾ ਆਗਾਜ਼ ਕਰਨਗੇ। 
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀ ਡੈਪੋ (ਡਰੱਗ ਐਬਿਊਜ਼ ਪ੍ਰੀਵੈਨਸ਼ਨ ਅਫ਼ਸਰ) ਵਾਲੰਟੀਅਰ ਮੁਹਿੰਮ ਤਹਿਤ ਹੁਣ ਤੱਕ ਜ਼ਿਲੇ 'ਚ ਲੱਗਭਗ 3 ਹਜ਼ਾਰ 'ਨਸ਼ਾ ਰੋਕੂ ਅਫ਼ਸਰਾਂ' ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ ਇਸ ਦਿਵਸ 'ਤੇ ਜ਼ਿਲਾ ਪੱਧਰੀ ਸਹੁੰ ਚੁੱਕ ਸਮਾਗਮ ਰੂਪਨਗਰ ਦੇ ਸਰਕਾਰੀ ਕਾਲਜ ਵਿਚ ਸਵੇਰੇ 11 ਵਜੇ ਕੀਤਾ ਜਾਵੇਗਾ। ਇਸ ਦੇ ਨਾਲ-ਨਾਲ ਮੋਰਿੰਡਾ ਅਤੇ ਸ੍ਰੀ ਚਮਕੌਰ ਸਾਹਿਬ ਸਬ-ਡਵੀਜ਼ਨ ਦਾ ਸਮਾਗਮ ਦਾਣਾ ਮੰਡੀ ਸ੍ਰੀ ਚਮਕੌਰ ਸਾਹਿਬ ਵਿਖੇ ਐੱਸ.ਡੀ.ਐੱਮ. ਰੂਹੀ ਦੁਗ ਦੀ ਪ੍ਰਧਾਨਗੀ ਵਿਚ, ਜਦਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਦਾ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸ੍ਰ੍ਰੀ ਅਨੰਦਪੁਰ ਸਾਹਿਬ ਵਿਖੇ ਰਾਕੇਸ਼ ਕੁਮਾਰ ਐੱਸ.ਡੀ.ਐੱਮ. ਦੀ ਅਗਵਾਈ ਵਿਚ ਕੀਤਾ ਜਾਵੇਗਾ। 


Related News