ਬਿਆਨਾ ਰਾਸ਼ੀ ਲੈ ਕੇ ਜ਼ਮੀਨ ਦੀ ਰਜਿਸਟਰੀ ਕਰਵਾਈ ਕਿਸੇ ਹੋਰ ਦੇ ਨਾਂ

03/21/2018 11:08:34 PM

ਨਵਾਂਸ਼ਹਿਰ, (ਤ੍ਰਿਪਾਠੀ)- 8 ਕਨਾਲ ਜ਼ਮੀਨ ਦਾ ਬਿਆਨਾ ਲੈਣ ਦੇ ਬਾਵਜੂਦ ਜ਼ਮੀਨ ਦੀ ਰਜਿਸਟਰੀ ਕਿਸੇ ਹੋਰ ਦੇ ਨਾਂ ਕਰਵਾ ਕੇ ਧੋਖਾਦੇਹੀ ਕਰਨ ਦੇ ਦੋਸ਼ 'ਚ ਪੁਲਸ ਨੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। 
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ 'ਚ ਵਰਿੰਦਰਪਾਲ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਬਲਾਚੌਰ ਨੇ ਦੱਸਿਆ ਕਿ ਉਸ ਨੇ ਪਿੰਡ ਭਾਈਪੁਰ 'ਚ ਸਥਿਤ 8 ਕਨਾਲ ਜ਼ਮੀਨ ਦਾ ਸੌਦਾ ਹਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਭਾਈਪੁਰ ਨਾਲ 10.25 ਲੱਖ ਰੁਪਏ 'ਚ ਕਰ ਕੇ 8.95 ਲੱਖ ਰੁਪਏ ਬਿਆਨਾ ਦਿੱਤਾ ਸੀ। ਉਪਰੰਤ ਉਕਤ ਪਾਰਟੀ ਨੇ ਉਸ ਨੂੰ ਜ਼ਮੀਨ ਦਾ ਕਬਜ਼ਾ ਵੀ ਦੇ ਦਿੱਤਾ ਸੀ ਅਤੇ ਰਜਿਸਟਰੀ ਬਾਅਦ 'ਚ ਕਰਵਾਉਣ ਦਾ ਵਾਅਦਾ ਕੀਤਾ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਉਕਤ ਵਿਅਕਤੀ ਉਸ ਕੋਲੋਂ ਗਵਾਹਾਂ ਦੀ ਹਾਜ਼ਰੀ 'ਚ 55 ਹਜ਼ਾਰ ਰੁਪਏ ਨਕਦ ਵੀ ਲੈ ਗਏ ਸਨ, ਜਿਸ ਨੂੰ ਰਜਿਸਟਰੀ ਦੇ ਸਮੇਂ ਐਡਜਸਟ ਕਰਨ ਲਈ ਕਿਹਾ ਸੀ। ਉਕਤ ਜ਼ਮੀਨ 'ਤੇ ਉਸ ਨੇ ਕਾਸ਼ਤ ਕਰਨੀ ਵੀ ਸ਼ੁਰੂ ਕਰ ਦਿੱਤੀ ਸੀ ਪਰ ਜਦੋਂ ਉਕਤ ਵਿਅਕਤੀਆਂ ਨੂੰ ਉਹ ਰਜਿਸਟਰੀ ਕਰਵਾਉਣ ਲਈ ਕਹਿੰਦਾ ਤਾਂ ਉਹ ਟਾਲ-ਮਟੋਲ ਕਰ ਦਿੰਦੇ। ਬਾਅਦ 'ਚ ਉਸ ਨੂੰ ਪਤਾ ਲੱਗਾ ਕਿ ਉਕਤ ਲੋਕਾਂ ਨੇ 8 ਕਨਾਲ ਜ਼ਮੀਨ ਨੂੰ ਕਿਸੇ ਹੋਰ ਵਿਅਕਤੀ ਨੂੰ ਵੇਚ ਕੇ ਉਸ ਦੇ ਨਾਂ 'ਤੇ ਰਜਿਸਟਰੀ ਕਰਵਾ ਦਿੱਤੀ ਹੈ, ਜੋ ਕਿ ਕਾਨੂੰਨ ਅਨੁਸਾਰ ਪੂਰੀ ਤਰ੍ਹਾਂ  ਗਲਤ ਹੈ। ਥਾਣਾ ਬਲਾਚੌਰ ਦੀ ਪੁਲਸ ਨੇ ਹਰਵਿੰਦਰ ਸਿੰਘ ਅਤੇ ਸੰਦੀਪ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  


Related News