ਖਾਤੇ ''ਚੋਂ ਡੈਬਿਟ ਕੀਤੇ ਰੁਪਏ, ਹੁਣ ਪੀ. ਐੱਨ. ਬੀ. ਦੇਵੇਗਾ ਹਰਜਾਨਾ

03/21/2018 10:58:37 PM

ਗੁਰਦਾਸਪੁਰ (ਵਿਨੋਦ)-ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਨੇ ਇਕ ਬੈਂਕ ਖਾਤਾਧਾਰਕ ਦੇ ਖਾਤੇ 'ਚੋਂ ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਵੱਲੋਂ ਬਿਨਾਂ ਨੋਟਿਸ ਦਿੱਤੇ 83,621 ਤੇ 21,413 ਰੁਪਏ ਡੈਬਿਟ ਕਰਨ ਸਬੰਧੀ ਪਟੀਸ਼ਨਕਰਤਾ ਨੂੰ ਰਾਹਤ ਦਿੰਦੇ ਹੋਏ ਬੈਂਕ ਨੂੰ ਹੁਕਮ ਦਿੱਤਾ ਹੈ ਕਿ ਉਹ ਪਟੀਸ਼ਨਕਰਤਾ ਨੂੰ ਉਕਤ ਰਾਸ਼ੀ ਸਮੇਤ 10 ਹਜ਼ਾਰ ਰੁਪਏ ਹਰਜਾਨਾ ਤੇ ਅਦਾਲਤ ਖਰਚ ਦੇ ਰੂਪ 'ਚ 30 ਦਿਨਾਂ ਦੇ ਅੰਦਰ ਵਾਪਸ ਕਰੇ।


ਕੀ ਹੈ ਮਾਮਲਾ
ਸ਼ਬਨਮ ਪ੍ਰਭਾ ਪਤਨੀ ਰਮੇਸ਼ ਚੰਦਰ ਸ਼ਰਮਾ ਨਿਵਾਸੀ ਭਾਰਤ ਨਗਰ ਅੰਮ੍ਰਿਤਸਰ ਨੇ ਕਿਹਾ ਕਿ ਉਸ ਦੇ ਤੇ ਉਸ ਦੀ ਬੇਟੀ ਆਂਚਲ ਸ਼ਰਮਾ ਦੇ ਨਾਂ 'ਤੇ 2 ਐੱਫ. ਡੀ. ਆਰ. ਪੰਜਾਬ ਨੈਸ਼ਨਲ ਬੈਂਕ ਦੀ ਆਰ. ਆਰ. ਬਾਵਾ ਕਾਲਜ ਬ੍ਰਾਂਚ ਬਟਾਲਾ 'ਚ ਹੈ। ਇਕ ਐੱਫ. ਡੀ. ਆਰ. 10,88,476 ਜਿਸ ਦੀ ਮਚਿਓਰਿਟੀ ਤਰੀਕ 28 ਅਗਸਤ 2015 ਸੀ ਅਤੇ ਦੂਜੀ 5,44,023 ਦੀ ਮਚਿਓਰਿਟੀ ਤਰੀਕ 10 ਸਤੰਬਰ 2015 ਸੀ। 


ਇਸ ਤੋਂ ਇਲਾਵਾ ਬੈਂਕ 'ਚ ਸੇਵਿੰਗ ਖਾਤਾ ਵੀ ਹੈ, ਜਿਸ ਦਾ ਨੰਬਰ 1227010400038028 ਹੈ। ਉਸ ਤੋਂ ਬਾਅਦ ਆਪਣੇ ਆਪ ਹੀ ਉਸ ਦੇ ਸੇਵਿੰਗ ਖਾਤੇ 'ਚੋਂ ਬੈਂਕ ਅਧਿਕਾਰੀਆਂ ਨੇ 83,621 ਤੇ 21,413 ਰੁਪਏ ਦੀ ਰਾਸ਼ੀ ਡੈਬਿਟ ਕਰ ਦਿੱਤੀ। ਜਦੋਂ ਪਟੀਸ਼ਨਕਰਤਾ ਨੇ ਇਸ ਦਾ ਕਾਰਨ ਪੁੱਛਿਆ ਤਾਂ ਬੈਂਕ ਅਧਿਕਾਰੀਆਂ ਦਾ ਜਵਾਬ ਸੀ ਕਿ ਐੱਫ. ਡੀ. ਆਰ. 'ਤੇ ਪਹਿਲਾਂ ਗਲਤੀ ਨਾਲ ਜ਼ਿਆਦਾ ਵਿਆਜ ਦਿੱਤਾ ਗਿਆ ਸੀ, ਜੋ ਵਾਪਸ ਲਿਆ ਗਿਆ ਹੈ। 


ਇਹ ਕਿਹਾ ਫੋਰਮ ਨੇ 
ਜ਼ਿਲਾ ਖਪਤਕਾਰ ਸੁਰੱਖਿਆ ਫੋਰਮ 'ਚ ਪ੍ਰਧਾਨ ਨਵੀਨ ਪੁਰੀ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਦਿੱਤਾ ਕਿ ਬੈਂਕ ਨੇ ਪਟੀਸ਼ਨਕਰਤਾ ਨੂੰ ਕਿਸੇ ਤਰ੍ਹਾਂ ਦਾ ਕੋਈ ਨੋਟਿਸ ਜਾਰੀ ਨਹੀਂ ਕੀਤਾ ਸੀ ਕਿ ਉਸ ਨੂੰ ਜ਼ਿਆਦਾ ਵਿਆਜ ਦਿੱਤਾ ਗਿਆ ਹੈ। ਫੋਰਮ ਨੇ ਬੈਂਕ ਨੂੰ ਹੁਕਮ ਦਿੱਤਾ ਕਿ ਉਹ ਸ਼ਬਨਮ ਦੇ ਬੈਂਕ ਖਾਤੇ 'ਚੋਂ ਕੱਟੀ ਗਈ ਰਾਸ਼ੀ ਤੇ 10 ਹਜ਼ਾਰ ਰੁਪਏ ਹਰਜਾਨਾ ਅਤੇ ਅਦਾਲਤੀ ਖਰਚ ਦੇ ਰੂਪ 'ਚ 30 ਦਿਨਾਂ 'ਚ ਵਾਪਸ ਕਰੇ, ਜੇਕਰ ਬੈਂਕ ਅਜਿਹਾ ਨਹੀਂ ਕਰਦਾ ਹੈ ਤਾਂ ਉਸ ਨੂੰ ਹੁਕਮ ਦੀ ਤਰੀਕ ਤੋਂ 9 ਫੀਸਦੀ ਵਿਆਜ ਅਦਾ ਕਰਨਾ ਹੋਵੇਗਾ। 


Related News