ਚੀਨ ਕਰੇਗਾ ਦੁਨੀਆ ਦੀ ਸਭ ਤੋਂ ਤੇਜ਼ ''ਹਵਾ ਸੁਰੰਗ'' ਦਾ ਨਿਰਮਾਣ

03/21/2018 4:07:27 PM

ਬੀਜਿੰਗ (ਬਿਊਰੋ)— ਚੀਨ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਬਨਣਾ ਚਾਹੁੰਦਾ ਹੈ। ਹੁਣ ਚੀਨ ਨੇ ਐਲਾਨ ਕੀਤਾ ਹੈ ਕਿ ਉਹ ਸੁਪਰ ਫਾਸਟ ਏਅਰ ਪਲੇਨ ਦੀ ਨਵੀਂ ਪੀੜ੍ਹੀ ਵਿਕਸਿਤ ਕਰਨ ਲਈ ਦੁਨੀਆ ਦੀ ਸਭ ਤੋਂ ਤੇਜ਼ 'ਹਵਾ ਸੁਰੰਗ' ਦਾ ਨਿਰਮਾਣ ਕਰ ਰਿਹਾ ਹੈ। ਇਸ ਦੀ ਵਰਤੋਂ ਹਾਈਪਰਸੋਨਿਕ ਮਿਜ਼ਾਈਲ ਤਕਨਾਲੋਜੀ ਲਈ ਵੀ ਕੀਤੀ ਜਾ ਸਕਦੀ ਹੈ। ਹਵਾ ਸੁਰੰਗਾਂ ਨਾਲ ਪਤਾ ਚੱਲਦਾ ਹੈ ਕਿ ਹਵਾ ਠੋਸ ਇਕਾਈ ਵਿਚੋਂ ਕਿਵੇਂ ਲੰਘਦੀ ਹੈ, ਜਿਸ ਨਾਲ ਡਿਜ਼ਾਈਨਰ ਐਰੋਡਾਇਨਾਮਿਕਸ ਵਿਚ ਸੁਧਾਰ ਕਰ ਸਕਦੇ ਹਨ ਜਾਂ ਉਹ ਹਵਾ ਦੇ ਉੱਚ ਗਤੀ ਤੱਕ ਪਹੁੰਚਣ ਨਾਲ ਇਕਾਈ ਵਿਚ ਪੈਦਾ ਹੋਏ ਤਣਾਅ ਨੂੰ ਘੱਟ ਕਰ ਸਕਦੇ ਹਨ। ਇਕ ਅੰਗਰੇਜੀ ਅਖਬਾਰ ਨੇ ਦੱਸਿਆ ਕਿ ਇਹ ਦੁਨੀਆ ਦੀ ਸਭ ਤੋਂ ਤੇਜ਼ ਹਾਈਪਰਸੋਨਿਕ ਹਵਾ ਸੁਰੰਗ ਹੋਵੇਗੀ। ਚੀਨ ਅਕੈਡਮੀ ਆਫ ਸਾਇੰਸ ਦੇ ਇਕ ਸ਼ੋਧ ਮਾਹਰ ਹਾਨ ਗਿਲਾਈ ਨੇ ਦੱਸਿਆ ਕਿ 265 ਮੀਟਰ ਲੰਬੀ ਸੁਰੰਗ ਦੀ ਵਰਤੋਂ ਹਾਈਪਰਸੋਨਿਕ ਜਹਾਜ਼ ਦੇ ਪਰੀਖਣ ਕਰਨ ਲਈ ਕੀਤੀ ਜਾ ਸਕਦੀ ਹੈ। ਜਿਸ ਦੀ ਗਤੀ ਧੁਨੀ ਦੀ ਗਤੀ ਤੋਂ 25 ਗੁਣਾ ਜ਼ਿਆਦਾ ਹੋਵੇਗੀ।
ਇਹ ਖੁਲਾਸਾ ਉਦੋਂ ਹੋਇਆ ਹੈ, ਜਦੋਂ ਦੁਨੀਆ ਦੇ ਪ੍ਰਮੁੱਖ ਫੌਜੀ ਸ਼ਕਤੀ ਵਾਲੇ ਦੇਸ਼ ਮਿਜ਼ਾਈਲਾਂ ਅਤੇ ਜਾਸੂਸੀ ਜਹਾਜ਼ਾਂ ਨਾਲ ਹਾਈਪਰਸੋਨਿਕ ਹਥਿਆਰਾਂ ਦੀ ਅਗਲੀ ਪੀੜ੍ਹੀ ਨੂੰ ਵਿਕਸਿਤ ਕਰਨ ਦੀ ਦੌੜ ਵਿਚ ਸ਼ਾਮਲ ਹਨ। ਇਸ ਤੋਂ ਪਹਿਲਾਂ ਇਸ ਮਹੀਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿਚ ਕਿਹਾ ਸੀ ਕਿ ਰੂਸ ਨੇ ਹਾਈਪਰਸੋਨਿਕ ਮਿਜ਼ਾਈਲਾਂ ਦੀ ਇਕ ਨਵੀਂ ਪੀੜ੍ਹੀ ਵਿਕਸਿਤ ਕੀਤੀ ਹੈ, ਜਿਸ ਮਗਰੋਂ ਅਮਰੀਕਾ ਸਮੇਤ ਹੋਰ ਨਾਟੋ ਦੇਸ਼ਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਸੀ। ਹਾਲ ਹੀ ਵਿਚ ਅਮਰੀਕੀ ਅਧਿਕਾਰੀਆਂ ਨੇ ਹਾਈਪਰਸੋਨਿਕ ਹਥਿਆਰਾਂ ਨਾਲ ਸੰਭਾਵਿਤ ਖਤਰਿਆਂ ਦੇ ਬਾਰੇ ਵਿਚ ਦੱਸਿਆ ਸੀ ਕਿ ਉਨ੍ਹਾਂ ਦੀ ਗਤੀ ਧੁਨੀ ਦੀ ਗਤੀ ਤੋਂ 5 ਗੁਣਾ  ਜਾਂ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ। ਜਾਪਾਨ ਦੀ ਇਕ ਰਿਪੋਰਟ ਮੁਤਾਬਕ ਚੀਨ ਨੇ ਵੀ ਬੀਤੇ ਸਾਲ ਇਕ ਹਾਈਪਰਸੋਨਿਕ ਮਿਜ਼ਾਈਲ ਡੀ. ਐੱਫ-17 ਦਾ ਪਰੀਖਣ ਕੀਤਾ ਹੈ। ਹਾਲਾਂਕਿ ਪੇਂਟਾਗਨ ਨੇ ਹਾਈਪਰਸੋਨਿਕ ਨੂੰ ਲੈ ਕੇ ਪਹਿਲਾਂ ਤੋਂ ਹੀ ਚਿਤਾਵਨੀ ਦੇ ਰੱਖੀ ਹੈ ਕਿ ਅਮਰੀਕਾ ਸਾਲਾਂ ਤੋਂ ਇਸ ਤਰ੍ਹਾਂ ਦੀ ਤਕਨੀਕ ਵਿਕਸਿਤ ਕਰ ਰਿਹਾ ਹੈ। ਏਜੰਸੀ ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਚੀਨੀ ਅਕੈਡਮੀ ਆਫ ਸਾਈਂਸੇਜ ਨੇ ਪਹਿਲਾਂ ਤੋਂ ਹੀ ਆਪਣੀ ਮੌਜੂਦਾ ਹਵਾ ਸੁਰੰਗ ਵਿਚ ਇਕ ਹਾਈਪਰਸੋਨਿਕ ਜਹਾਜ਼ ਉਡਾਣ ਦਾ ਪਰੀਖਣ ਕਰ ਲਿਆ ਹੈ।


Related News