ਪਾਕਿ ''ਚ ਹਿੰਦੂ ਭਾਈਚਾਰਾ ਮਨਾਏਗਾ ਸੀਤਾ ਮਾਤਾ ਦੇ ਜਨਮਦਿਨ ਦੀ ਵਰ੍ਹੇਗੰਢ

03/21/2018 3:40:09 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਘੱਟ ਗਿਣਤੀ ਹਿੰਦੂ ਭਾਈਚਾਰੇ ਨੇ ਮਾਤਾ ਸੀਤਾ ਦੇ ਜਨਮਦਿਨ ਦੀ ਵਰ੍ਹੇਗੰਢ ਸ਼ਾਨਦਾਰ ਤਰੀਕੇ ਨਾਲ ਮਨਾਉਣ ਦੀ ਤਿਆਰੀ ਕੀਤੀ ਹੈ। ਵੀਰਵਾਰ (22 ਮਾਰਚ) ਨੂੰ ਪੂਜਾ-ਪਾਠ ਦੇ ਬਾਅਦ ਕਰਾਚੀ ਤੋਂ ਜਲੂਸ ਕੱਢਿਆ ਜਾਵੇਗਾ। ਇਸ ਦੀਆਂ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਇਸ ਨੂੰ ਲੈ ਕੇ ਪਾਕਿਸਤਾਨ ਦੇ ਹਿੰਦੂ ਭਾਈਚਾਰੇ ਵਿਚ ਬਹੁਤ ਉਤਸ਼ਾਹ ਹੈ। 20 ਕਰੋੜ ਦੀ ਆਬਾਦੀ ਵਾਲੇ ਪਾਕਿਸਤਾਨ ਵਿਚ ਹਿੰਦੂਆਂ ਦੀ ਆਬਾਦੀ ਕਰੀਬ ਦੋ ਫੀਸਦੀ ਹੈ। ਕਰਾਚੀ ਵਿਚ ਇਹ ਆਯੋਜਨ ਕਈ ਮੰਦਰਾਂ ਵੱਲੋਂ ਸਾਂਝੇ ਤੌਰ 'ਤੇ ਕੀਤਾ ਜਾ ਰਿਹਾ ਹੈ। ਹੀਰਾ ਲਾਲ ਸੀਤਾ ਮੰਦਰ, ਰਾਮ ਦੇਵ ਮੰਦਰ ਸੋਲਜ਼ਰ ਬਾਜ਼ਾਰ ਅਤੇ ਕਰਾਚੀ ਦੇ ਮਾਤਾ ਮੰਦਰ ਪ੍ਰਸ਼ਾਸਨ ਵੱਲੋਂ ਸਾਂਝਾ ਬਿਆਨ ਜਾਰੀ ਕਰ ਕੇ ਸੂਬਾਈ ਸਰਕਾਰ, ਨਗਰ ਪ੍ਰਸ਼ਾਸਨ, ਗ੍ਰਹਿ ਮੰਤਰੀ, ਕਰਾਚੀ ਮੇਅਰ, ਕਮਿਸ਼ਨਰ ਅਤੇ ਪੁਲਸ ਤੋਂ ਰੈਲੀ ਦੀ ਸੁਰੱਖਿਆ ਅਤੇ ਹੋਰ ਵਿਵਸਥਾਵਾਂ ਦੀ ਮੰਗ ਕੀਤੀ ਗਈ ਹੈ। ਇਸ ਰੈਲੀ ਵਿਚ ਵੱਡੀ ਗਿਣਤੀ ਵਿਚ ਲੋਕ ਹਿੱਸਾ ਲੈਂਦੇ ਹਨ। ਇਸ ਲਈ ਆਯੋਜਨ ਕਮੇਟੀ ਨੇ ਕਿਹਾ ਹੈ ਕਿ ਸੁਰੱਖਿਆ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਲੋਕ ਬਿਨਾ ਕਿਸੇ ਡਰ ਦੇ ਪੂਜਾ-ਪਾਠ ਕਰਨ ਅਤੇ ਜਲੂਸ ਵਿਚ ਸ਼ਾਮਲ ਹੋ ਸਕਣ। ਆਯੋਜਨ ਕਮੇਟੀ ਨੇ ਦੱਸਿਆ ਕਿ ਸੋਲਜ਼ਰ ਬਾਜ਼ਾਰ ਰਾਮ ਦੇਵ ਮੰਦਰ ਤੋਂ ਸ਼ਾਮ ਦੇ 6 ਵਜੇ ਜਲੂਸ ਨਿਕਲੇਗਾ। ਅੱਧਾ ਘੰਟਾ ਮਰੀ ਮਾਤਾ ਮੰਦਰ ਵਿਚ ਜਲੂਸ ਦਾ ਠਹਿਰਾਅ ਹੋਵੇਗਾ। ਫਿਰ ਜਲੂਸ ਜ਼ੂਲੋਜ਼ੀਕਲ ਗਾਰਡਨ ਦੇ ਪੰਜਵੇਂ ਗੇਟ 'ਤੇ ਪਹੁੰਚੇਗਾ। ਇਸ ਮੌਕੇ ਪਾਕਿਸਤਾਨ ਦੀ ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਤੇ ਕਸ਼ਮੀਰ ਦੀ ਆਜ਼ਾਦੀ ਲਈ ਵਿਸ਼ੇਸ਼ ਪੂਜਾ-ਪਾਠ ਕੀਤਾ ਜਾਵੇਗਾ।
 


Related News