ਕੈਨੇਡਾ 'ਚ ਪੰਜਾਬੀ ਨੇ ਸਾਥੀਆਂ ਨਾਲ ਮਿਲ ਕੇ ਕੀਤੀ ਕੁੱਟ-ਮਾਰ, ਵਾਰੰਟ ਜਾਰੀ (ਵੀਡੀਓ)

03/21/2018 3:36:42 PM

ਓਨਟਾਰੀਓ—  ਕੈਨੇਡਾ ਦੇ ਸੂਬੇ ਓਨਟਾਰੀਓ 'ਚ 13 ਮਾਰਚ, 2018 ਨੂੰ ਤਿੰਨ ਵਿਅਕਤੀਆਂ ਨੇ ਇਕ ਆਟੀਸਟਿਕ ਵਿਅਕਤੀ (ਦਿਮਾਗੀ ਰੂਪ ਤੋਂ ਥੋੜਾ ਕਮਜ਼ੋਰ) ਨੂੰ ਬਿਨਾਂ ਕਿਸੇ ਗੱਲ ਦੇ ਕੁੱਟਣਾ ਸ਼ੁਰੂ ਕਰ ਦਿੱਤਾ, ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਪੁਲਸ ਨੇ ਇਨ੍ਹਾਂ ਦੋਸ਼ੀਆਂ 'ਚੋਂ ਇਕ ਦੀ ਪਛਾਣ 25 ਸਾਲਾ ਰਨਜੋਤ ਸਿੰਘ ਧਾਮੀ ਵਜੋਂ ਕੀਤੀ ਹੈ। ਧਾਮੀ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਖਿਲਾਫ ਸਰੀ ਦੀ ਪੁਲਸ ਨੇ ਵਾਰੰਟ ਜਾਰੀ ਕੀਤਾ ਹੈ। ਪੁਲਸ ਨੇ ਕਿਹਾ ਕਿ ਬਾਕੀ ਦੋ ਦੋਸ਼ੀ ਵੀ ਏਸ਼ੀਆਈ ਮੂਲ ਦੇ ਲੱਗਦੇ ਹਨ। 

ਪੀਲ ਰੀਜਨਲ ਪੁਲਸ ਮੁਤਾਬਕ ਮਿਸੀਸਾਗਾ ਮਾਲ ਦੇ ਬੱਸ ਸਟੇਸ਼ਨ 'ਤੇ 13 ਮਾਰਚ ਦੀ ਰਾਤ 10.45 ਵਜੇ ਇਕ 29 ਸਾਲਾ ਵਿਅਕਤੀ ਪੌੜੀਆਂ 'ਤੇ ਬੈਠਾ ਹੋਇਆ ਸੀ। ਜਿਵੇਂ ਹੀ ਉਸ ਨੇ ਦੇਖਿਆ ਕਿ 3 ਵਿਅਕਤੀ ਉਸ ਵੱਲ ਆ ਰਹੇ ਹਨ ਤਾਂ ਉਹ ਆਪਣੇ ਬੂਟ ਪਾਉਣ ਲੱਗਾ ਪਰ ਇਸ ਤੋਂ ਪਹਿਲਾਂ ਹੀ ਧਾਮੀ ਅਤੇ ਉਸ ਦੇ ਦੋ ਹੋਰ ਸਾਥੀਆਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਬੇਕਸੂਰ ਵਿਅਕਤੀ ਕੁੱਝ ਵੀ ਨਾ ਕਰ ਸਕਿਆ ਅਤੇ ਉਸ ਦੇ ਨੱਕ, ਚਿਹਰੇ, ਹੱਥਾਂ ਅਤੇ ਸਿਰ 'ਤੇ ਸੱਟਾਂ ਲੱਗੀਆਂ ਹਨ। ਇਸ ਘਟਨਾ ਨਾਲ ਉਹ ਬਹੁਤ ਡਰ ਚੁੱਕਾ ਹੈ। ਉਕਤ ਵਿਅਕਤੀ ਨੂੰ ਕੁੱਟਣ ਮਗਰੋਂ ਧਾਮੀ ਅਤੇ ਉਸ ਦੇ ਸਾਥੀ ਚੁੱਪ-ਚਾਪ ਉੱਥੋਂ ਚਲੇ ਗਏ। ਬੱਸ ਸਟੇਸ਼ਨ ਦੇ ਸੀ. ਸੀ. ਟੀ. ਵੀ. ਕੈਮਰੇ 'ਚ ਇਹ ਵੀਡੀਓ ਰਿਕਾਰਡ ਹੋਈ ਹੈ। 
ਮਾਮਲੇ ਦੀ ਜਾਂਚ ਕਰਨ ਵਾਲੇ ਪੁਲਸ ਇੰਸਪੈਕਟਰ ਨੌਰਮ ਇੰਗਲਿਸ਼ ਨੇ ਦੱਸਿਆ ਕਿ ਧਾਮੀ ਬਾਰੇ ਪੁਲਸ ਪਹਿਲਾਂ ਤੋਂ ਹੀ ਜਾਣਦੀ ਹੈ ਪਰ ਉਸ ਦੇ ਟਿਕਾਣੇ ਬਾਰੇ ਅਜੇ ਪਤਾ ਨਹੀਂ ਲੱਗਾ। ਪੁਲਸ ਨੇ ਧਾਮੀ ਦੇ ਬਾਕੀ ਸਾਥੀਆਂ ਲਈ ਐਲਾਨ ਕਰਦਿਆਂ ਕਿਹਾ, ''ਅਸੀਂ ਜਲਦੀ ਹੀ ਬਾਕੀ ਦੋ ਦੋਸ਼ੀਆਂ ਤਕ ਪੁੱਜ ਜਾਵਾਂਗੇ, ਇਸ ਲਈ ਉਹ ਵੀ ਹੁਣ ਤਿਆਰ ਹੀ ਰਹਿਣ।'' ਮੰਗਲਵਾਰ ਨੂੰ ਪੁਲਸ ਨੇ ਇਸ ਘਟਨਾ ਦੀ ਵੀਡੀਓ ਨੂੰ ਅਪਲੋਡ ਕੀਤਾ ਸੀ ਅਤੇ ਇਸ ਨੂੰ ਹੁਣ ਤਕ 400,000 ਵਾਰ ਦੇਖਿਆ ਜਾ ਚੁੱਕਾ ਹੈ।


Related News