ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੇ ਮੱਥੇ ''ਤੇ ਚਿੰਤਾ ਦੀਆਂ ਲਕੀਰਾਂ ਖਿੱਚੀਆਂ

03/21/2018 3:36:10 PM

ਸੁਲਤਾਨਪੁਰ ਲੋਧੀ (ਧੀਰ)— ਬੀਤੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੇ ਤਾਪਮਾਨ 'ਚ ਵਾਧੇ ਕਾਰਨ ਜਿੱਥੇ ਸਮੇਂ ਤੋਂ ਪਹਿਲਾਂ ਹੀ ਗਰਮੀ ਦੇ ਮੌਸਮ ਦਾ ਅਹਿਸਾਸ ਹੋਣ ਲੱਗ ਪਿਆ ਸੀ, ਉਥੇ ਅੱਜ ਵਾਰ-ਵਾਰ ਆਸਮਾਨ 'ਚ ਛਾਏ ਕਾਲੇ ਬਦਲਾਂ ਤੇ ਹਲਕੀ ਬਾਰਿਸ਼ ਨੇ ਮੌਸਮ 'ਚ ਇਕ ਵਾਰ ਫਿਰ ਤੋਂ ਤਬਦੀਲੀ ਲਿਆ ਦਿੱਤੀ। ਮੌਸਮ 'ਚ ਹੋਏ ਅਚਾਨਕ ਪਰਿਵਰਤਨ ਨਾਲ ਜਿੱਥੇ ਤਾਪਮਾਨ 'ਚ ਕੁਝ ਗਿਰਾਵਟ ਆਈ ਉਥੇ ਹੀ ਦਿਨ ਭਰ ਮੌਸਮ ਵੀ ਰੰਗ ਬਦਲਦਾ ਰਿਹਾ।
ਮੌਸਮ 'ਚ ਆਏ ਪਰਿਵਰਤਨ ਅਤੇ ਥੋੜ੍ਹੀ ਜਿਹੀ ਬਾਰਿਸ਼ ਨੇ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਜ਼ਰੂਰ ਖਿੱਚ ਦਿੱਤੀਆਂ ਹਨ ਕਿਉਂਕਿ ਇਹ ਸਮਾਂ ਕਣਕ ਦੀ ਫਸਲ ਦੇ ਤਿਆਰ ਹੋਣ ਦਾ ਹੈ। ਅਜਿਹੇ 'ਚ ਚਲੀਆਂ ਤੇਜ਼ ਹਵਾਵਾਂ ਅਤੇ ਬਾਰਿਸ਼ ਕਣਕ ਦੇ ਝਾੜ 'ਤੇ ਅਸਰ ਪਾ ਸਕਦੀ ਹੈ। 
ਦਜੇ ਪਾਸੇ ਇਸ ਸਮੇਂ ਕਿਸਾਨ ਆਲੂਆਂ ਦੀ ਫਸਲ ਨੂੰ ਵੀ ਸੰਭਾਲ ਰਿਹਾ ਹੈ ਅਤੇ ਅਜਿਹੇ ਸਮੇਂ ਪਈ ਬਾਰਿਸ਼ ਉਸ ਦੇ ਲਈ ਨਵੀਂ ਮੁਸੀਬਤ ਖੜ੍ਹੀ ਕਰ ਸਕਦੀ ਹੈ ਕਿਉਂਕਿ ਇਸ ਵਾਰ ਆਲੂਆਂ ਦੀ ਫਸਲ ਦਾ ਝਾੜ ਵਧੀਆ ਹੈ। ਦੂਜਾ ਬੀਤੇ ਸਾਲ ਨਾਲੋਂ ਆਲੂਆਂ ਦੀ ਫਸਲ ਦਾ ਰੇਟ ਵੀ ਜ਼ਿਆਦਾ ਹੈ। ਵਾਤਾਵਰਣ ਮਾਹਿਰ ਸੰਤ ਸੀਚੇਵਾਲ ਵਾਰ-ਵਾਰ ਹੋ ਰਹੇ ਮੌਸਮ ਪਰਿਵਰਤਨ ਨੂੰ ਵਾਤਾਵਰਣ ਦਾ ਪ੍ਰਦੂਸ਼ਿਤ ਹੋਣਾ ਦੱਸ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅੰਨ੍ਹੇਵਾਹ ਦਰੱਖਤਾਂ ਦੀ ਕਟਾਈ ਹੋ ਰਹੀ ਹੈ ਪਰ ਅਸੀਂ ਓਨੇ ਦਰੱਖਤ ਦੋਬਾਰਾ ਪੈਦਾ ਕਰਨ 'ਚ ਅਸਮਰਥ ਸਾਬਤ ਹੋ ਰਹੇ ਹਾਂ। ਮੌਸਮ ਵਿਭਾਗ ਵੱਲੋਂ ਵੀ ਇਕ ਹੋਰ ਬਾਰਿਸ਼ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਖੇਤੀਬਾੜੀ ਮਾਹਿਰ ਡਾ. ਪਰਮਿੰਦਰ ਕੁਮਾਰ ਦਾ ਕਹਿਣਾ ਹੈ ਹਾਲਾਂਕਿ ਥੋੜ੍ਹੀ ਜਿਹੀ ਬਾਰਿਸ਼ ਦਾ ਕਣਕ ਦੀ ਫਸਲ 'ਤੇ ਕੋਈ ਅਸਰ ਨਹੀਂ ਹੈ ਪਰ ਤੇਜ਼ ਬਾਰਿਸ਼ ਜ਼ਰੂਰ ਕੁਝ ਨੁਕਸਾਨ ਕਰ ਸਕਦੀ ਹੈ।


Related News