ਜ਼ੈਨਬ ਬਲਾਤਕਾਰ ਮਾਮਲਾ: ਲਾਹੌਰ ਹਾਈ ਕੋਰਟ ਨੇ ਬਰਕਰਾਰ ਰੱਖੀ ਦੋਸ਼ੀ ਦੀ ਸਜ਼ਾ

03/21/2018 3:18:37 PM

ਲਾਹੌਰ(ਭਾਸ਼ਾ)— ਪਾਕਿਸਤਾਨ ਦੀ ਅਦਾਲਤ ਨੇ 7 ਸਾਲਾ ਇਕ ਬੱਚੀ ਨਾਲ ਬਲਾਤਕਾਰ ਅਤੇ ਉਸ ਦੀ ਹੱਤਿਆ ਦੀ ਘਟਨਾ ਦੇ ਮਾਮਲੇ ਦੇ ਦੋਸ਼ੀ ਦੀ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇਸ ਘਟਨਾ ਨਾਲ ਪੂਰੇ ਦੇਸ਼ ਵਿਚ ਨਾਰਾਜ਼ਗੀ ਦੀ ਲਹਿਰ ਦੌੜ ਗਈ ਸੀ। ਅੱਤਵਾਦ ਵਿਰੋਧੀ ਅਦਾਲਤ ਨੇ ਪਿਛਲੇ ਮਹੀਨੇ 23 ਸਾਲਾ ਇਮਰਾਨ ਅਲੀ ਨੂੰ ਬੱਚੀ ਨੂੰ ਅਗਵਾ, ਬਲਾਤਕਾਰ ਅਤੇ ਫਿਰ ਹੱਤਿਆ ਦਾ ਦੋਸ਼ੀ ਕਰਾਰ ਦਿੰਦੇ ਹੋਏ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ ਕਿਸੇ ਮਾਮਲੇ ਦਾ ਨਿਪਟਾਰਾ 4 ਦਿਨ ਦੇ ਅੰਦਰ ਕੀਤਾ ਗਿਆ ਸੀ। ਲਾਹੌਰ ਹਾਈ ਕੋਰਟ (ਐਲ.ਐਚ.ਸੀ) ਨੇ ਅੱਤਵਾਦ ਨਿਰੋਧੀ ਅਦਾਲਤ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਕੱਲ ਅਲੀ ਨੂੰ ਮੌਤ ਦੀ ਸਜ਼ਾ ਸੁਣਾਈ।
ਦੱਸਣਯੋਗ ਹੈ ਕਿ ਲਾਹੌਰ ਤੋਂ 50 ਕਿਲੋਮੀਟਰ ਦੂਰ ਕਸੂਰ ਸ਼ਹਿਰ ਵਿਚ 7 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਕੂੜੇਦਾਨ ਵਿਚ ਸੁੱਟਣ ਦੀ ਦਿਲ ਦਹਿਲਾ ਦੇਣ ਵਾਲੀ ਘਟਨਾ ਹੋਈ ਸੀ। ਇਸ ਦੇ 2 ਹਫਤੇ ਬਾਅਦ ਜਨਵਰੀ ਵਿਚ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਸੂਰ ਸ਼ਹਿਰ ਦੇ 10 ਕਿਲੋਮੀਟਰ ਦੇ ਦਾਇਰੇ ਵਿਚ 12 ਮਹੀਨੇ ਦੇ ਅੰਦਰ ਹੋਈ ਇਹ 12ਵੀਂ ਅਜਿਹੀ ਘਟਨਾ ਸੀ। ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਅਜਿਹੇ ਹੀ 7 ਹੋਰ ਮਾਮਲੇ ਸਾਹਮਣੇ ਆਏ ਸਨ। ਲਾਹੌਰ ਹਾਈ ਕੋਰਟ ਦੀ ਜੱਜ ਸਦਾਕਤ ਅਲੀ ਖਾਨ ਅਤੇ ਜੱਜ ਸ਼ੇਹਰਾਮ ਸਰਵਰ ਚੌਧਰੀ ਦੀ ਬੈਂਚ ਨੇ ਬਚਾਅ ਪੱਖ ਅਤੇ ਇਸਤਗਾਸਾ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਦੋਸ਼ੀ ਕਰਾਰ ਦਿੱਤੇ ਜਾਣ ਵਿਰੁੱਧ ਅਲੀ ਦੀ ਅਪੀਲ ਰੱਦ ਕਰ ਦਿੱਤਾ ਸੀ। ਅਲੀ ਨੇ ਇਹ ਵੀ ਕਿਹਾ ਸੀ ਕਿ ਆਪਣਾ ਜ਼ੁਰਮ ਕਬੂਲ ਕਰ ਕੇ ਉਸ ਨੇ ਅਦਾਲਤ ਦਾ ਸਮਾਂ ਬਚਾਇਆ ਹੈ। ਅਜਿਹੇ ਵਿਚ ਉਸ ਦੇ ਨਾਲ ਨਰਮ ਰਵੱਈਏ ਨਾਲ ਪੇਸ਼ ਆਉਣਾ ਚਾਹੀਦਾ ਹੈ। ਦੋਸ਼ੀ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿਚ ਵੀ ਅਪੀਲ ਕਰ ਸਕਦਾ ਹੈ।


Related News