ਸਿਡਨੀ ''ਚ ਹਿੰਸਕ ਵਾਰਦਾਤ, ਘਰ ''ਚ ਦਾਖਲ ਹੋ ਕੇ ਵਿਅਕਤੀ ਨੇ ਕੀਤੀ ਗੋਲੀਬਾਰੀ

03/21/2018 1:34:08 PM

ਸਿਡਨੀ— ਆਸਟ੍ਰੇਲੀਆ ਦੇ ਸ਼ਹਿਰ ਸਿਡਨੀ 'ਚ ਮੰਗਲਵਾਰ ਦੀ ਰਾਤ ਨੂੰ ਇਕ ਵਿਅਕਤੀ ਵਲੋਂ ਹਿੰਸਕ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਪੁਲਸ ਮੁਤਾਬਕ ਇਸ ਘਟਨਾ ਦੇ ਸੰਬੰਧ 'ਚ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਰਅਸਲ ਪੱਛਮੀ ਸਿਡਨੀ ਸਥਿਤ ਇਕ ਘਰ 'ਚ ਦਾਖਲ ਹੋ ਕੇ ਇਕ ਵਿਅਕਤੀ ਵਲੋਂ ਗੋਲੀਬਾਰੀ ਕੀਤੀ ਗਈ, ਜਿਸ ਕਾਰਨ ਜੋੜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੁਲਸ ਮੁਤਾਬਕ ਉਨ੍ਹਾਂ ਨੂੰ ਮੰਗਲਵਾਰ ਰਾਤ ਤਕਰੀਬਨ 7.30 ਵਜੇ ਕਿਡ ਕਲੋਜ਼, ਬਿਡਵਿੱਲ ਸਥਿਤ ਘਰ 'ਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ। 

PunjabKesari
ਪੁਲਸ ਮੁਤਾਬਕ ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਗੋਲੀਬਾਰੀ ਜਾ ਸ਼ਿਕਾਰ ਹੋਏ 47 ਸਾਲਾ ਵਿਅਕਤੀ ਅਤੇ 43 ਸਾਲਾ ਔਰਤ ਗੰਭੀਰ ਰੂਪ ਨਾਲ ਜ਼ਖਮੀ ਮਿਲੇ। ਜ਼ਖਮੀਆਂ ਨੂੰ ਵੈਸਟਮੀਡ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਇਕ ਚਸ਼ਮਦੀਦ ਗਵਾਹ ਨੇ ਦੱਸਿਆ ਘਰ ਦੇ ਬਾਹਰ ਇਕ ਤੇਜ਼ ਰਫਤਾਰ ਕਾਰ ਆ ਕੇ ਰੁਕੀ ਅਤੇ ਉਸ ਨੇ ਸੁਣਿਆ ਕਿ ਨੌਜਵਾਨ ਨੇ ਇਕੋ ਵਾਰ 4 ਗੋਲੀਆਂ ਚਲਾਈਆਂ। ਘਰ ਦੇ ਬਾਹਰ ਇਕ 15 ਸਾਲਾ ਲੜਕੀ ਨੇ ਮਦਦ ਲਈ ਰੌਲਾ ਪਾਇਆ। ਇਸ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੁਲਸ ਨੇ ਨੇੜੇ ਦੀਆਂ ਗਲੀਆਂ 'ਚ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਅਤੇ 23 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ। ਪੁਲਸ ਨੇ ਗ੍ਰਿਫਤਾਰ ਕੀਤੇ ਦੋਸ਼ੀ 'ਤੇ ਦੋ ਲੋਕਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਪੁਲਸ ਵਲੋਂ ਨੌਜਵਾਨ ਨੂੰ ਜ਼ਮਾਨਤ ਨਹੀਂ ਦਿੱਤੀ ਗਈ ਅਤੇ ਉਸ ਨੂੰ ਬੁੱਧਵਾਰ ਨੂੰ ਸਥਾਨਕ ਕੋਰਟ 'ਚ ਪੇਸ਼ ਕੀਤਾ ਜਾਵੇਗਾ। ਪੁਲਸ ਵਲੋਂ ਘਟਨਾ ਦੀ ਜਾਂਚ ਜਾਰੀ ਹੈ ਅਤੇ ਪੁਲਸ ਦਾ ਮੰਨਣਾ ਹੈ ਕਿ ਜੋੜੇ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ ਗਈ।


Related News