ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਸਰਕਾਰ ਖਿਲਾਫ ਰੋਸ ਮੁਜ਼ਾਹਰਾ

03/21/2018 11:59:51 AM

ਸੁਲਤਾਨਪੁਰ ਲੋਧੀ (ਸੋਢੀ)— ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਸੁਲਤਾਨਪੁਰ ਲੋਧੀ ਵੱਲੋਂ ਪ੍ਰਧਾਨ ਸਤਨਰਾਇਣ ਮਹਿਤਾ ਦੀ ਅਗਵਾਈ ਹੇਠ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਗਿਆ। ਰੋਸ ਮਜ਼ਾਹਰੇ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਬਲਦੇਵ ਸਿੰਘ ਸੂਬਾਈ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਚੋਣਾਂ 'ਚ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਾ ਹੋਣ ਕਾਰਨ ਜਨਤਾ 'ਚ ਭਾਰੀ ਰੋਸ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਹਰੇਕ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਜਾਂ 2500 ਰੁਪਏ ਬੇਰੋਜ਼ਗਾਰੀ ਭੱਤਾ, ਬੁਢਾਪਾ ਅਤੇ ਵਿਧਵਾ ਪੈਨਸ਼ਨ ਦੋ ਹਜ਼ਾਰ ਕਰਨ, ਸ਼ਗਨ ਸਕੀਮ 31 ਹਜ਼ਾਰ ਰੁਪਏ ਦੇਣ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ, ਲੜਕੀਆਂ ਦੀ ਨਰਸਰੀ ਤੋਂ ਪੀ. ਐੱਚ. ਡੀ. ਤੱਕ ਦੀ ਪੜ੍ਹਾਈ ਮੁਫਤ ਕਰਨ ਅਤੇ ਹੋਰ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ। ਹੁਣ ਲੋਕਾਂ ਦੀਆਂ ਸਾਰੀਆਂ ਸਹੂਲਤਾਂ ਬੰਦ ਪਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਨਲਾਈਨ ਸਿਸਟਮ ਲਾਗੂ ਕਰਨ ਨਾਲ ਉਸਾਰੀ ਮਜ਼ਦੂਰ ਜੋ ਅਨਪੜ੍ਹ ਹੋਣ ਕਰਕੇ ਸਕੀਮਾਂ ਦਾ ਲਾਭ ਨਹੀਂ ਲੈ ਸਕੇ, ਉਹ ਸਾਰੀਆਂ ਸਰਕਾਰੀ ਸਕੀਮਾਂ ਤੋ ਵਾਂਝੇ ਰਹਿ ਗਏ ਹਨ। ਕਿਰਤੀ ਮਜ਼ਦੂਰ 8 ਮਹੀਨੇ ਤੋਂ ਦਫਤਰਾਂ 'ਚ ਖੱਜਲ-ਖੁਆਰ ਹੋ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਦੀ ਪੰਜਾਬ 'ਚ ਕੈਪਟਨ ਸਰਕਾਰ ਆਈ ਹੈ ਗੁੰਡਾਗਰਦੀ ਵੱਧ ਚੁੱਕੀ ਹੈ ਅਤੇ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੈ। ਸ਼ਹਿਰ 'ਚ ਵੱਖ-ਵੱਖ ਲੋਕਾਂ 'ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਮਸਲਿਆਂ ਦੇ ਹੱਲ ਸਬੰਧੀ ਸੁਲਤਾਨਪੁਰ ਦੇ ਬੱਸ ਸਟੈਂਡ 'ਤੇ 29 ਮਾਰਚ ਨੂੰ ਇਕ ਰੋਸ ਰੈਲੀ ਕੀਤੀ ਜਾਏਗੀ। ਇਸ ਮੌਕੇ ਅਮਰੀਕ ਸਿੰਘ ਮਸੀਤਾਂ, ਸੁਰਿੰਦਰ ਸਿੰਘ ਹੁਸੈਨਪੁਰ, ਰਾਜ ਮੋਹਨ ਸਿੰਘ, ਮੁਖਤਿਆਰ ਸਿੰਘ, ਜੀਤ ਸਿੰਘ, ਜਸਵੰਤ ਸਿੰਘ, ਰਛਪਾਲ ਸਿੰਘ, ਕੁਲਵੰਤ ਸਿੰਘ, ਗੁਰਮੰਗਤ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਸੋਹਣ ਸਿੰਘ, ਬਲਵਿੰਦਰ ਸਿੰਘ, ਚਰਨਜੀਤ ਸਿੰਘ, ਜੀਤਾ, ਕੁਲਦੀਪ ਸਿੰਘ ਡਡਵਿੰਡੀ, ਰਾਜ ਕੁਮਾਰ ਅਤੇ ਹੋਰ ਮਜ਼ਦੂਰ ਸ਼ਾਮਲ ਹੋਏ।


Related News