''ਸਿੱਖ ਖੇਡਾਂ'' ਨਾਲ ਆਸਟ੍ਰੇਲੀਆ ''ਚ ਰਾਗਬੱਧ ਕੀਰਤਨ ਦੇ ਪ੍ਰਵਾਹ ਲੜੀ ਨਾਲ ਸੰਗਤਾਂ ''ਚ ਉਤਸ਼ਾਹ

03/21/2018 10:18:49 AM

ਮੈਲਬੌਰਨ, (ਮਨਦੀਪ ਸਿੰਘ ਸੈਣੀ )— ਆਸਟ੍ਰੇਲੀਅਨ ਸਿੱਖ ਖੇਡਾਂ 30 ਮਾਰਚ ਤੋਂ ਸਿਡਨੀ 'ਚ ਸ਼ੁਰੂ ਹੋਣ ਜਾ ਰਹੀਆਂ ਹਨ। ਖੇਡਾਂ ਦੀ ਚੰਗੀ ਸ਼ੁਰੂਆਤ ਲਈ ਆਸਟ੍ਰੇਲੀਆ ਭਰ ਵਿਚ 31 ਰਾਗਾਂ 'ਚ ਰਾਗ ਦਰਬਾਰ ਕੀਰਤਨ ਫੇਰੀ ਦਾ ਆਰੰਭ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ 2 ਮਾਰਚ ਤੋਂ ਆਸਟ੍ਰੇਲੀਆ ਦੇ ਸ਼ਹਿਰ ਪਰਥ ਤੋਂ ਕੀਤੀ ਗਈ ਹੈ। ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜਵੱਦੀ ਜੋ ਕਿ ਆਪਣੇ ਜਥੇ ਸਮੇਤ ਗੁਰਬਾਣੀ ਦੇ 31 ਰਾਗਾਂ ਨੂੰ ਤੰਤੀ ਸਾਜ਼ਾਂ ਨਾਲ ਸੰਗਤਾ ਨੂੰ ਨਿਹਾਲ ਕਰਦੇ ਹਨ। ਇਸ ਦੌਰਾਨ ਐਡੀਲੇਡ, ਰੈਨਮਾਰਕ, ਮਿਲਡੂਰਾ, ਮੈਲਬੌਰਨ, ਸ਼ੈਪਹਰਟਨ, ਕੇਨਜ਼ ਆਦਿ ਸ਼ਹਿਰਾਂ 'ਚ ਜਿਉਂ-ਜਿਉਂ ਰਾਗਬੱਧ ਮਰਿਆਦਾ ਨਾਲ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ ਮੰਤਰ-ਮੁਗਧ ਕਰਦਾ ਹੋਇਆ ਇਹ ਕਾਫਲਾ ਅੱਗੇ ਵਧਿਆ ਤਿਉਂ-ਤਿਉਂ ਸੰਗਤਾਂ 'ਚ ਇਸ ਕੀਰਤਨ ਪ੍ਰਵਾਹ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 
ਇਸ ਰਾਗ ਦਰਬਾਰ ਕੀਰਤਨ ਫੇਰੀ ਨਾਲ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨਾਂ 'ਚ ਹਾਜ਼ਰੀ ਭਰਨ ਉਪਰੰਤ 31 ਰਾਗਾਂ ਦੇ ਆਖਰੀ ਦੀਵਾਨ 1 ਅਪ੍ਰੈਲ ਨੂੰ ਸਿਡਨੀ ਸ਼ਹਿਰ 'ਚ ਸਜਾਏ ਜਾਣਗੇ।|ਪ੍ਰਿੰਸੀਪਲ ਸੁਖਵੰਤ ਸਿੰਘ ਜੀ ਵਲੋਂ ਇਸ ਰਸਭਿੰਨੇ ਰਾਗਬੱਧ ਕੀਰਤਨ ਦਰਬਾਰ ਦਾ ਆਨੰਦ ਲੈਣ ਲਈ ਮੈਲਬੋਰਨ ਦੇ ਬਲੈਕਬਰਨ, ਕਰੇਗੀਬਰਨ, ਟਾਰਨੇਟ ਅਤੇ ਕੀਜ਼ਬੋਰੋ ਗੁਰਦੁਆਰਾ ਸਾਹਿਬਾਨਾਂ ਵਿਚ ਸੰਗਤਾਂ ਨੇ ਭਰਵੀਂ ਹਾਜ਼ਰੀ ਲਗਵਾਈ। 'ਆਸਟ੍ਰੇਲੀਅਨ ਸਿੱਖ ਖੇਡਾਂ' ਇਸ ਸਾਲ ਆਪਣੇ 31ਵੇਂ ਵਰ੍ਹੇ ਵਿਚ ਦਾਖਲ ਹੋ ਰਹੀਆਂ ਹਨ ਅਤੇ ਇਸ ਮੌਕੇ 31 ਰਾਗਣ 'ਚ ਰਾਗ ਦਰਬਾਰ ਕੀਰਤਨ ਦੀ ਇਸ ਕੜੀ ਰਾਹੀਂ ਆਸਟ੍ਰੇਲੀਆ ਭਰ ਦੀਆਂ ਸਿੱਖ ਸੰਗਤਾਂ ਨੂੰ ਗੁਰਬਾਣੀ ਵਿੱਚ ਰਾਗ ਦੀ ਪਰੰਪਰਾ ਤੋਂ ਜਾਣੂ ਕਰਵਾਉਂਦਿਆਂ ਸੰਗਤਾਂਵਿਚ ਉਤਸ਼ਾਹ ਪੈਦਾ ਕਰਨ ਦਾ ਇਹ ਵਿਲੱਖਣ ਉਪਰਾਲਾ ਹੈ।| 
'ਆਸਟ੍ਰੇਲੀਅਨ ਸਿੱਖ ਖੇਡਾਂ' ਦੇ ਪ੍ਰਧਾਨ ਸ. ਅਮਨਦੀਪ ਸਿੰਘ ਸਿੱਧੂ ਅਨੁਸਾਰ ਇਸ ਰਾਗਬੱਧ ਕੀਰਤਨ ਫੇਰੀ ਦਾ ਮਕਸਦ ਸਾਡੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ-ਨਾਲ ਸਿੱਖ ਸੰਗੀਤ ਅਤੇ ਸਿੱਖ ਕਲਾਵਾਂ ਨਾਲ ਜੋੜਨਾ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਸਿੱਖ ਵਿਰਸੇ 'ਤੇ ਮਾਣ ਮਹਿਸੂਸ ਕਰ ਸਕਣ। ਜ਼ਿਕਰਯੋਗ ਹੈ ਕਿ 2 ਮਾਰਚ ਤੋਂ ਆਰੰਭ ਹੋ ਚੁੱਕੀ ਇਸ ਰਾਗਬੱਧ ਕੀਰਤਨ ਫੇਰੀ ਦੇ ਆਖਰੀ ਦੀਵਾਨ ਸਿਡਨੀ ਸ਼ਹਿਰ ਦੇ ਰਿਵਸਬੀ ਅਤੇ ਪਾਰਕਲੀ ਗੁਰਦੁਆਰਾ ਸਾਹਿਬਾਨਾਂ 'ਚ ਸਜਾਏ ਜਾਣਗੇ।


Related News