ਕੀੜੀ ਦੀ ਕੋਸ਼ਿਸ਼ ਰੰਗ ਲਿਆਈ

3/21/2018 9:07:37 AM

ਰਾਜਾ ਰਾਮਦੱਤ ਦਾ ਰਾਜ ਸੀ। ਉਹ ਵਿਦਵਾਨਾਂ, ਕਵੀਆਂ ਤੇ ਕਲਾਕਾਰਾਂ ਦਾ ਬਹੁਤ ਸਤਿਕਾਰ ਕਰਦਾ ਸੀ। ਅਨੰਤਪੁਰ 'ਚ ਹੀ ਇਕ ਸ਼ਿਲਪੀ ਵੀ ਰਹਿੰਦਾ ਸੀ, ਜਿਸ ਦਾ ਨਾਂ ਗੰਗਾ ਦਾਸ ਸੀ। ਉਹ ਰਾਜ ਦੀ ਹੱਦ ਨੇੜਲੀ ਪਹਾੜੀ 'ਤੇ ਪੱਥਰ ਕੱਟ ਕੇ ਮੂਰਤੀਆਂ ਤਿਆਰ ਕਰਦਾ ਸੀ। ਉਸ ਦੀਆਂ ਮੂਰਤੀਆਂ ਬਹੁਤ ਸੁੰਦਰ ਹੁੰਦੀਆਂ ਸਨ।
ਇਕ ਦਿਨ ਰਾਜਾ ਰਾਮਦੱਤ ਸ਼ਿਕਾਰ ਲਈ ਜੰਗਲ ਗਏ। ਉਥੇ ਇਕ ਹਿਰਨ ਪਿੱਛੇ ਉਨ੍ਹਾਂ ਆਪਣਾ ਘੋੜਾ ਦੌੜਾਇਆ। ਹਿਰਨ ਡਰ ਕੇ ਪਹਾੜੀ ਵੱਲ ਭੱਜਿਆ। ਰਾਮਦੱਤ ਉਸ ਦੇ ਪਿੱਛੇ-ਪਿੱਛੇ ਚੱਲਦੇ ਗਏ। ਪਹਾੜੀ 'ਤੇ ਗੰਗਾ ਦਾਸ ਨੂੰ ਮੂਰਤੀਆਂ ਬਣਾਉਂਦਾ ਦੇਖ ਰਾਮਦੱਤ ਰੁਕ ਗਏ। ਇੰਨੀਆਂ ਸੁੰਦਰ ਮੂਰਤੀਆਂ ਉਨ੍ਹਾਂ ਪਹਿਲਾਂ ਕਦੇ ਨਹੀਂ ਦੇਖੀਆਂ ਸਨ।
ਰਾਮਦੱਤ ਨੇ ਗੰਗਾ ਦਾਸ ਨੂੰ ਕਿਹਾ, ''ਮੈਂ ਚਾਹੁੰਦਾ ਹਾਂ ਕਿ ਤੂੰ ਮੇਰੀ ਵੀ ਇਕ ਸੁੰਦਰ ਮੂਰਤੀ ਬਣਾਵੇਂ।''
ਗੰਗਾ ਦਾਸ ਨੇ ਸਿਰ ਝੁਕਾ ਕੇ ਕਿਹਾ, ''ਮਹਾਰਾਜ, ਮੈਂ ਤੁਹਾਡੀ ਮੂਰਤੀ ਜ਼ਰੂਰ ਬਣਾਵਾਂਗਾ।'
ਗੰਗਾ ਦਾਸ ਨੇ ਰਾਜੇ ਦੀ ਮੂਰਤੀ ਬਣਾਉਣੀ ਸ਼ੁਰੂ ਕੀਤੀ। ਕਈ ਦਿਨ ਬੀਤ ਗਏ ਪਰ ਮੂਰਤੀ ਤਿਆਰ ਨਾ ਹੋਈ। ਗੰਗਾ ਦਾਸ ਮੂਰਤੀਆਂ ਬਣਾਉਂਦਾ ਅਤੇ ਤੋੜ ਦਿੰਦਾ। ਜਿਸ ਤਰ੍ਹਾਂ ਦੀ ਮੂਰਤੀ ਦੀ ਕਲਪਨਾ ਗੰਗਾ ਦਾਸ ਨੇ ਕੀਤੀ ਸੀ, ਉਸ ਤਰ੍ਹਾਂ ਦੀ ਬਣ ਹੀ ਨਹੀਂ ਰਹੀ ਸੀ।
ਨਿਰਾਸ਼ ਹੋ ਕੇ ਗੰਗਾ ਦਾਸ ਟੁੱਟੀਆਂ ਮੂਰਤੀਆਂ ਕੋਲ ਬੈਠ ਗਿਆ। ਅਚਾਨਕ ਉਸ ਦੀ ਨਜ਼ਰ ਇਕ ਕੀੜੀ 'ਤੇ ਪਈ, ਜੋ ਕਣਕ ਦੇ ਦਾਣੇ ਨੂੰ ਕੰਧ ਦੇ ਉਸ ਪਾਰ ਲਿਜਾਣਾ ਚਾਹੁੰਦੀ ਸੀ। ਇਸ ਕੋਸ਼ਿਸ਼ ਵਿਚ ਉਹ ਵਾਰ-ਵਾਰ ਡਿੱਗ ਰਹੀ ਸੀ, ਫਿਰ ਵੀ ਕੋਸ਼ਿਸ਼ ਕਰ ਰਹੀ ਸੀ। ਆਖਿਰ ਕੀੜੀ ਦੀਆਂ ਕੋਸ਼ਿਸ਼ਾਂ ਰੰਗ ਲਿਆਈਆਂ ਅਤੇ ਉਹ ਕਣਕ ਦਾ ਦਾਣਾ ਕੰਧ ਦੇ ਪਾਰ ਲੈ ਗਈ।
ਇਹ ਦ੍ਰਿਸ਼ ਦੇਖ ਕੇ ਗੰਗਾ ਦਾਸ ਨੇ ਸੋਚਿਆ ਕਿ ਜਦੋਂ ਇਹ ਛੋਟੀ ਜਿਹੀ ਕੀੜੀ ਲਗਾਤਾਰ ਕੋਸ਼ਿਸ਼ ਕਰ ਕੇ ਸਫਲਤਾ ਹਾਸਲ ਕਰ ਸਕਦੀ ਹੈ ਤਾਂ ਮੈਂ ਕਿਉਂ ਨਹੀਂ? ਉਹ ਮੁੜ ਮੂਰਤੀ ਬਣਾਉਣ 'ਚ ਲੱਗ ਗਿਆ। ਇਸ ਵਾਰ ਗੰਗਾ ਦਾਸ ਸਫਲ ਰਿਹਾ। ਰਾਜਾ ਰਾਮਦੱਤ ਨੇ ਜਦੋਂ ਮੂਰਤੀ ਦੇਖੀ ਤਾਂ ਦੇਖਦੇ ਹੀ ਰਹਿ ਗਏ। ਉਨ੍ਹਾਂ ਨੂੰ ਪ੍ਰਸ਼ੰਸਾ ਲਈ ਸ਼ਬਦ ਨਹੀਂ ਮਿਲ ਰਹੇ ਸਨ। ਰਾਮਦੱਤ ਨੇ ਗੰਗਾ ਦਾਸ ਨੂੰ ਕੀਮਤੀ ਕੱਪੜੇ, ਗਹਿਣੇ ਤੇ ਹਜ਼ਾਰਾਂ ਸੋਨੇ ਦੀਆਂ ਮੋਹਰਾਂ ਇਨਾਮ ਵਜੋਂ ਦਿੱਤੀਆਂ ਅਤੇ ਨਾਲ ਹੀ ਉਸ ਨੂੰ ਰਾਜ ਸ਼ਿਲਪੀ ਐਲਾਨਿਆ।