ਝੋਨੇ ਦੀ ਨਵੀਂ ਕਿਸਮ ਝੁਲਸ ਰੋਗ ਦੀਆਂ ਬੀਮਾਰੀਆਂ ਦਾ ਟਾਕਰਾ ਕਰਨ ''ਚ ਸਮਰੱਥ

03/21/2018 7:53:44 AM

ਲੁਧਿਆਣਾ  (ਨਿਰਮਲ ਸਿੰਘ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ 23 ਅਤੇ 24 ਮਾਰਚ ਨੂੰ ਦੋ ਰੋਜ਼ਾ ਕਿਸਾਨ ਮੇਲਾ ਲਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਬੀਜ ਮਾਹਿਰ ਹਰਦਿਆਲ ਸਿੰਘ ਬਰਾੜ ਅਤੇ ਹਰਵਿੰਦਰ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਝੋਨੇ ਦੀ ਨਵੀਂ ਕਿਸਮ ਬੀ. ਆਰ. 105 ਲਿਆਂਦੀ ਜਾ ਰਹੀ ਹੈ, ਇਹ ਇਕ ਰਿਸਰਚ ਵਰਾਇਟੀ ਹੈ, ਇਹ ਕਿਸਮ ਪੂਸਾ-44 ਤੋਂ 5 ਤੋਂ 7 ਦਿਨ ਪਹਿਲਾਂ ਪਕਦੀ ਹੈ। ਇਸ ਨੂੰ ਪੂਸਾ-44 ਦੇ ਮੁਕਾਬਲੇ ਖਾਦ ਵੀ ਘੱਟ ਪਾਉਣੀ ਪੈਂਦੀ ਹੈ। ਇਹ ਕਿਸਮ ਹਰ ਤਰ੍ਹਾਂ ਦੀ ਜ਼ਮੀਨ ਤੇ ਹਰ ਤਰ੍ਹਾਂ ਦੇ ਪਾਣੀ ਵਿਚ ਹੋ ਸਕਦੀ ਹੈ। ਇਹ ਕਿਸਮ ਝੁਲਸ ਰੋਗ ਦੀਆਂ ਪੰਜਾਬ ਵਿਚ ਪਾਈਆਂ ਜਾਂਦੀਆਂ 10 ਬੀਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਕਿਸਮ ਤੇ ਪੂਸਾ-44 ਦੇ ਮੁਕਾਬਲੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ। ਇਸ ਦਾ ਕੱਦ 105 ਸੈ. ਮੀ. ਤੱਕ ਹੁੰਦਾ ਹੈ। ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿਗਦੀ ਨਹੀਂ। ਇਸ ਦਾ ਫੁਟਾਰਾ ਬਹੁਤ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਇਸ ਕਿਸਮ ਦਾ ਝਾੜ 32 ਤੋਂ ਲੈ ਕੇ 38 ਕੁਇੰਟਲ ਪ੍ਰਤੀ ਏਕੜ ਤੱਕ ਨਿਕਲਿਆ ਹੈ। ਇਹ ਕਿਸਮ 145 ਦਿਨਾਂ ਵਿਚ ਸਮੇਤ ਪਨੀਰੀ ਪੱਕ ਕੇ ਤਿਆਰ ਹੋ ਜਾਂਦੀ ਹੈ। ਪ੍ਰੋ. ਬਰਾੜ ਨੇ ਦੱਸਿਆ ਕਿ ਇਸ ਤੋਂ ਇਲਾਵਾ ਝੋਨੇ ਦੀਆਂ ਹੋਰ ਕਿਸਮਾਂ ਪੂਸਾ-44 ਫਾਊਂਡੇਸ਼ਨ ਬੀਜ ਕਰਨਾਲ ਵਾਲਾ, ਪੀ. ਆਰ. 121, ਪੀ . ਆਰ. 122, ਪੀ. ਆਰ. 123, ਪੀ. ਆਰ-124, ਪੀ. ਆਰ-126 ਵੀ ਸਟੋਰ 'ਤੇ ਉਪਲੱਬਧ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਾਲ ਪੀ. ਏ. ਯੂ. ਵੱਲੋਂ ਪਾਸ ਝੋਨੇ ਦੀ ਨਵੀਂ ਕਿਸਮ ਪੀ. ਆਰ.127 ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਈ. ਏ. ਆਰ. ਦਿੱਲੀ ਵਲੋਂ ਪਾਸ ਇਸ ਸਾਲ ਬਾਸਮਤੀ ਦੀਆਂ ਨਵੀਆਂ ਕਿਸਮਾਂ ਪੀ. ਬੀ-1718 (ਪੀ. ਬੀ 1121 ਦੀ ਸੋਧ), ਪੀ. ਬੀ. 1637 (ਪੀ. ਬੀ. 1 ਦੀ ਸੋਧ) ਤੇ ਪੀ. ਬੀ. 1728 (ਪੀ. ਬੀ. 1401 ਦੀ ਸੋਧ) ਅਤੇ ਪੀ. ਬੀ. 1121, ਪੀ.ਬੀ. 1509 ਕਿਸਮਾਂ ਵੀ ਉਪਲੱਬਧ ਹੋਣਗੀਆਂ।


Related News