ਮਾਤਾ ਵੈਸ਼ਨੋ ਦੇਵੀ ਤੀਰਥ ਯਾਤਰਾ ਬਾਰੇ ਚੰਦ ਜ਼ਰੂਰੀ ਸੁਝਾਅ

03/21/2018 7:38:38 AM

ਜੰਮੂ-ਕਸ਼ਮੀਰ ਵਿਚ ਮਾਤਾ ਵੈਸ਼ਨੋ ਦੇਵੀ ਤੀਰਥ ਦੇਸ਼ ਦੇ ਮੋਹਰੀ ਧਾਰਮਿਕ ਅਸਥਾਨਾਂ 'ਚੋਂ ਇਕ ਹੈ, ਜਿਥੇ ਹਰ ਸਾਲ 1 ਕਰੋੜ ਤੋਂ ਜ਼ਿਆਦਾ ਸ਼ਰਧਾਲੂ ਮਾਤਾ ਦੇ ਦਰਬਾਰ 'ਚ ਮੱਥਾ ਟੇਕਣ ਆਉਂਦੇ ਹਨ। ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਟਰੱਸਟ, ਕਟੜਾ ਦੇ ਯਤਨਾਂ ਨਾਲ ਪਿਛਲੇ ਕੁਝ ਸਮੇਂ ਦੌਰਾਨ ਇਥੋਂ ਦੀ ਵਿਵਸਥਾ ਬਹੁਤ ਸੁੰਦਰ ਹੋ ਗਈ ਹੈ। ਸਾਰੇ ਰਸਤੇ 'ਚ ਐੱਲ. ਈ. ਡੀ. ਲਾਈਟਾਂ ਲਾ ਦੇਣ ਨਾਲ ਰਾਤ ਦੀ ਯਾਤਰਾ ਬਹੁਤ ਸੁਖਾਲੀ ਹੋ ਗਈ ਹੈ ਤੇ ਯਾਤਰਾ ਮਾਰਗ ਵਿਚ ਉੱਚ ਦਰਜੇ ਦੇ ਸਪੀਕਰ ਲਾਉਣ ਕਾਰਨ ਸ਼ਰਧਾਲੂਆਂ ਨੂੰ ਦਰਬਾਰ 'ਚ ਪ੍ਰਸਾਰਿਤ ਹੋਣ ਵਾਲੇ ਭਜਨ ਆਦਿ ਬਹੁਤ ਸਾਫ ਤੇ ਸਪੱਸ਼ਟ ਸੁਣਾਈ ਦਿੰਦੇ ਹਨ। 
ਇਹੋ ਨਹੀਂ, ਨਰਾਤਿਆਂ 'ਚ ਇਕ ਭਾਰਤੀ ਕੰਪਨੀ ਨੇ ਫੁੱਲਾਂ ਨਾਲ ਬਹੁਤ ਸੁੰਦਰ ਸ਼ਿੰਗਾਰ ਕਰ ਦਿੱਤਾ ਹੈ ਤੇ ਪੁਰਾਣੀ ਗੁਫਾ ਵਿਚ ਇਕ ਮੰਦਿਰ ਬਣਾ ਦਿੱਤਾ ਹੈ, ਜਿਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਨ੍ਹਾਂ ਸਭ ਗੱਲਾਂ ਨੇ ਵੈਸ਼ਨੋ ਦੇਵੀ ਯਾਤਰਾ ਦਾ ਆਕਰਸ਼ਣ ਬਹੁਤ ਵਧਾ ਦਿੱਤਾ ਹੈ ਪਰ ਸਾਨੂੰ ਪਾਨੀਪਤ ਤੋਂ ਮਾਤਾ ਵੈਸ਼ਨੋ ਦੇਵੀ ਦੇ ਇਕ ਭਗਤ ਸ਼੍ਰੀ ਇੰਦਰਜੀਤ ਕਪੂਰ ਨੇ ਇਕ ਪੱਤਰ ਰਾਹੀਂ ਮਾਤਾ ਵੈਸ਼ਨੋ ਦੇਵੀ ਤੀਰਥ ਦੀ ਯਾਤਰਾ ਹੋਰ ਸੁੰਦਰ ਤੇ ਸੁਖਾਲੀ ਬਣਾਉਣ ਲਈ ਕੁਝ ਸੁਝਾਅ ਦਿੱਤੇ ਹਨ, ਜੋ ਅਸੀਂ ਹੇਠਾਂ ਦਰਜ ਕਰ ਰਹੇ ਹਾਂ:
* ਮੁੱਖ ਭਵਨ/ਮੰਦਿਰ ਵਿਚ ਜਾਣ ਤੋਂ ਪਹਿਲਾਂ ਸ਼ਰਧਾਲੂ ਇਸ਼ਨਾਨ ਕਰ ਕੇ ਨਵੇਂ ਕੱਪੜੇ ਪਹਿਨਦੇ ਹਨ, ਜਦਕਿ ਇਸ਼ਨਾਨ ਕਰਨ ਦੀ ਜਗ੍ਹਾ ਮੰਦਿਰ ਦੇ ਨੇੜੇ ਅਤੇ ਲਾਈਨ ਵਿਚ ਲੱਗਣ ਦਾ ਕੱਟ ਮੰਦਿਰ ਤੋਂ ਇਕ ਕਿਲੋਮੀਟਰ ਪਿੱਛੇ ਹੋਣ ਕਾਰਨ ਸ਼ਰਧਾਲੂਆਂ ਨੂੰ ਇਸ਼ਨਾਨ ਕਰ ਕੇ ਵਾਪਿਸ ਇਕ ਕਿਲੋਮੀਟਰ ਦੀ ਦੂਰੀ ਤਹਿ ਕਰਨੀ ਪੈਂਦੀ ਹੈ। 
ਇਸ ਲਈ ਇਸ਼ਨਾਨ ਕਰਨ ਦਾ ਪ੍ਰਬੰਧ ਲਾਈਨ ਵਿਚ ਲੱਗਣ ਵਾਲੇ ਕੱਟ ਦੇ ਨੇੜੇ ਹੀ ਕੀਤਾ ਜਾਵੇ ਤੇ ਸਾਮਾਨ ਰੱਖਣ ਵਾਲਾ ਲਾਕਰ ਵੀ ਉਸ ਦੇ ਨੇੜੇ ਹੀ ਮੁਹੱਈਆ ਕਰਵਾਇਆ ਜਾਵੇ। 
* ਅਕਸਰ ਸਮੇਂ ਦੀ ਘਾਟ ਕਾਰਨ ਜਾਂ ਚੜ੍ਹਾਈ ਚੜ੍ਹਨ ਵਿਚ ਅਸਮਰੱਥ ਯਾਤਰੀ ਭੈਰੋਂ ਘਾਟੀ ਮੰਦਿਰ ਜਾਣ ਤੋਂ ਰਹਿ ਜਾਂਦੇ ਹਨ, ਇਸ ਲਈ ਉਥੇ ਜਾਣ ਵਾਸਤੇ ਰੋਪ-ਵੇਅ ਦਾ ਕੰਮ ਛੇਤੀ ਮੁਕੰਮਲ ਕਰਵਾਇਆ ਜਾਵੇ ਤਾਂ ਕਿ ਲੋਕਾਂ ਦੀ ਯਾਤਰਾ ਅਧੂਰੀ ਨਾ ਰਹੇ। 
* ਅਕਸਰ ਸ਼ਰਧਾਲੂ ਵਾਪਸੀ ਮੌਕੇ ਕਟੜਾ ਤੋਂ ਅਖਰੋਟ ਆਦਿ ਦਾ ਪ੍ਰਸ਼ਾਦ ਲੈ ਕੇ ਆਉਂਦੇ ਹਨ, ਜਿਸ ਦੇ ਲਈ ਟਰੱਸਟ ਨੇ ਕੋਈ ਉਚਿਤ ਪ੍ਰਬੰਧ ਨਹੀਂ ਕੀਤਾ ਹੋਇਆ। 
ਇਸ ਲਈ ਟਰੱਸਟ ਵਲੋਂ ਕਟੜਾ ਵਿਚ ਵੱਖ-ਵੱਖ ਥਾਵਾਂ ਸਮੇਤ ਯਾਤਰਾ ਮਾਰਗ 'ਤੇ ਅਖਰੋਟ ਆਦਿ ਦੀ ਸੀਲਬੰਦ ਅਤੇ ਐੱਫ. ਐੱਸ. ਐੱਸ. ਏ. ਆਈ. ਵਲੋਂ ਪ੍ਰਮਾਣਿਤ ਸਮੱਗਰੀ ਦੀ ਹੀ ਵਿਕਰੀ ਦਾ ਪ੍ਰਬੰਧ ਕੀਤਾ ਜਾਵੇ, ਜੋ ਅੱਧਾ ਕਿਲੋ ਤੋਂ ਲੈ ਕੇ 5 ਕਿਲੋ ਦੇ ਪੈਕੇਟਾਂ ਵਿਚ ਹੋਵੇ ਅਤੇ ਇਨ੍ਹਾਂ 'ਤੇ ਪੈਕਿੰਗ ਦੀ ਤਰੀਕ ਤੇ ਵੱਧ ਤੋਂ ਵੱਧ ਵਿਕਰੀ ਮੁੱਲ ਲਿਖਿਆ ਜਾਵੇ। ਇਨ੍ਹਾਂ ਦੀ ਗੁਣਵੱਤਾ ਜਾਂਚ ਅਧਿਕਾਰੀਆਂ ਵਲੋਂ ਸਥਾਈ ਤੌਰ 'ਤੇ ਕਰਵਾਈ ਜਾਵੇ। 
* ਟਰੱਸਟ ਨੇ ਯਾਤਰੀਆਂ ਦੀ ਸਹੂਲਤ ਲਈ ਜਗ੍ਹਾ-ਜਗ੍ਹਾ ਆਰਾਮਘਰ ਤੇ ਕੰਬਲਾਂ ਦੀ ਸਹੂਲਤ ਦਿੱਤੀ ਹੋਈ ਹੈ ਪਰ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਨੇੜੇ ਅਜਿਹੀ ਸਹੂਲਤ ਨਹੀਂ ਹੈ, ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ, ਇਸ ਲਈ ਬੱਸ ਅੱਡੇ ਤੇ ਰੇਲਵੇ ਸਟੇਸ਼ਨ ਦੇ ਨੇੜੇ ਹੀ ਯਾਤਰੀਆਂ ਦੇ ਠਹਿਰਨ ਵਾਸਤੇ ਭਵਨ ਬਣਾਏ ਜਾਣ ਤੇ ਹੋਰਨਾਂ ਥਾਵਾਂ ਵਾਂਗ ਕੰਬਲ ਵੀ ਮੁਹੱਈਆ ਕਰਵਾਏ ਜਾਣ।
* ਵੈਸ਼ਨੋ ਦੇਵੀ ਤੀਰਥ ਯਾਤਰਾ ਲਈ ਹੈਲੀਕਾਪਟਰ ਰਾਹੀਂ ਜ਼ਿਆਦਾਤਰ ਵੀ. ਆਈ. ਪੀ. ਹੀ ਜਾਂਦੇ ਹਨ ਪਰ ਇਸ ਵਿਚ ਲੋੜਵੰਦਾਂ ਤੇ ਸਰੀਰਕ ਨਜ਼ਰੀਏ ਤੋਂ ਕਮਜ਼ੋਰ ਲੋਕਾਂ ਨੂੰ ਜਾਣ ਦੀ ਸਹੂਲਤ ਪਹਿਲ  ਦੇ ਆਧਾਰ 'ਤੇ ਅਤੇ ਸਸਤੀਆਂ ਦਰਾਂ 'ਤੇ ਟਿਕਟ ਦਿੱਤੀ ਜਾਣੀ ਚਾਹੀਦੀ ਹੈ। ਇਹੋ ਗੱਲ ਅਰਧ-ਕੁਆਰੀ ਤੋਂ ਭਵਨ ਤਕ ਚੱਲਣ ਵਾਲੀ ਬੈਟਰੀ ਕਾਰ ਸੇਵਾ 'ਤੇ ਵੀ ਲਾਗੂ ਹੁੰਦੀ ਹੈ। 
* ਵੈਸ਼ਨੋ ਦੇਵੀ ਯਾਤਰਾ ਲਈ ਚੱਲਣ ਵਾਲੇ ਹੈਲੀਕਾਪਟਰ ਸਿੰਗਲ ਇੰਜਣ ਹਨ। ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਨੂੰ ਡਬਲ ਇੰਜਣ ਕੀਤਾ ਜਾਵੇ।
* ਦਰਬਾਰ ਵਿਚ ਦਾਨ ਪਾਤਰਾਂ 'ਚ ਸ਼ਰਧਾਲੂਆਂ ਵਲੋਂ ਚੜ੍ਹਾਏ ਜਾਣ ਵਾਲੇ ਚੜ੍ਹਾਵੇ ਦੀ ਰਸੀਦ ਨਾ ਦੇਣਾ ਰੜਕਦਾ ਹੈ। ਇਸ ਲਈ ਦਾਨ ਪਾਤਰ ਬੰਦ ਕਰ ਕੇ ਸ਼ਰਧਾਲੂਆਂ ਨੂੰ ਪੱਕੀ ਰਸੀਦ ਦੇਣ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਬੋਰਡ ਵਲੋਂ ਯਾਤਰੀਆਂ ਤੋਂ ਮਿਲੇ ਚੜ੍ਹਾਵੇ ਦਾ ਪੂਰਾ ਅੰਕੜਾ ਵੈੱਬਸਾਈਟ 'ਤੇ ਰੋਜ਼ਾਨਾ ਪਾਇਆ ਜਾਣਾ ਚਾਹੀਦਾ ਹੈ। 
* ਯਾਤਰਾ ਮਾਰਗ 'ਤੇ ਗਰੀਬ ਸ਼ਰਧਾਲੂਆਂ ਲਈ ਮੁਫਤ ਭੋਜਨ ਮੁਹੱਈਆ ਹੋਵੇ। 
* ਯਾਤਰਾ ਮਾਰਗ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਸਿਹਤ ਬੀਮਾ ਕਰਵਾਇਆ ਜਾਵੇ ਤਾਂ ਕਿ ਮਜ਼ਦੂਰ ਪੂਰੀ ਈਮਾਨਦਾਰੀ ਨਾਲ ਯਾਤਰਾ 'ਤੇ ਆਏ ਭਗਤਾਂ ਦੀ ਯਾਤਰਾ ਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨ। 
ਇਸ ਲਈ ਜੇ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਅਤੇ ਜੰਮੂ-ਕਸ਼ਮੀਰ ਸਰਕਾਰ ਉਕਤ ਸੁਝਾਵਾਂ ਵੱਲ ਧਿਆਨ ਦੇ ਕੇ ਇਸ਼ਨਾਨ ਕਰਨ ਦਾ ਪ੍ਰਬੰਧ, ਰੋਪ-ਵੇਅ ਦਾ ਕੰਮ ਛੇਤੀ ਕਰਵਾਉਣ, ਪ੍ਰਸ਼ਾਦ ਦੀ ਵਿਕਰੀ, ਯਾਤਰੀਆਂ ਦੇ ਠਹਿਰਨ ਅਤੇ ਹੈਲੀਕਾਪਟਰ ਰਾਹੀਂ ਸਸਤੀਆਂ ਦਰਾਂ 'ਤੇ ਲਿਜਾਣ ਵਰਗੇ ਪ੍ਰਬੰਧ ਕਰਵਾ ਦੇਣ ਤਾਂ ਨਾ ਸਿਰਫ ਸ਼ਰਧਾਲੂਆਂ ਨੂੰ ਸੌਖ ਹੋ ਜਾਵੇਗੀ, ਸਗੋਂ ਸੂਬੇ ਵਿਚ ਧਾਰਮਿਕ ਸੈਰ-ਸਪਾਟੇ ਨੂੰ ਹੱਲਾਸ਼ੇਰੀ ਵੀ ਮਿਲੇਗੀ। 
—ਵਿਜੇ ਕੁਮਾਰ


Vijay Kumar Chopra

Chief Editor

Related News