ਗੋਬਿੰਦਰ ਸਿੰਘ ਰੋਜ਼ੀ-ਰੋਟੀ ਕਮਾਉਣ ਗਿਆ ਸੀ ਇਰਾਕ

03/21/2018 7:27:05 AM

ਕਪੂਰਥਲਾ (ਭੂਸ਼ਣ, ਜ. ਬ.) - ਇਰਾਕ ਦੇ ਮੋਸੁਲ ਸ਼ਹਿਰ 'ਚ ਆਈ. ਐੱਸ. ਦੇ ਅੱਤਵਾਦੀਆਂ ਵੱਲੋਂ ਮੌਤ ਦੇ ਘਾਟ ਉਤਾਰੇ ਗਏ 39 ਭਾਰਤੀਆਂ 'ਚੋਂ ਇਕ ਜ਼ਿਲਾ ਕਪੂਰਥਲਾ ਦੇ ਪਿੰਡ ਮੁਨਾਰ ਨਾਲ ਸਬੰਧਤ ਹੋਣ ਕਾਰਣ ਇਸ ਪਿੰਡ ਜਿੱਥੇ ਸੋਗ ਛਾ ਗਿਆ ਹੈ, ਉਥੇ ਹੀ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਘਰ ਪੁੱਜੇ ਸਨ।  ਗੋਬਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ  ਸਾਲ 2013 'ਚ ਰੋਜ਼ੀ-ਰੋਟੀ ਕਮਾਉਣ ਲਈ ਇਰਾਕ ਗਿਆ ਸੀ। ਇਸ ਦੌਰਾਨ ਸਾਲ 2014 ਵਿਚ ਉਹ ਲਾਪਤਾ ਹੋ ਗਿਆ ਸੀ, ਜਿਸ ਦੇ ਪਰਿਵਾਰਕ ਮੈਂਬਰ ਉਸ ਦੇ ਹੁਣ ਵੀ ਜ਼ਿੰਦਾ ਹੋਣ ਦੀ ਆਸ ਲਾਈ ਬੈਠੇ ਹਨ ਪਰ ਮੰਗਲਵਾਰ ਨੂੰ ਭਾਰਤ ਸਰਕਾਰ ਦੇ ਐਲਾਨ ਨੇ ਉਨ੍ਹਾਂ ਦਾ ਪਰਿਵਾਰ ਹੀ ਤਬਾਹ ਕਰ ਦਿੱਤਾ ਹੈ।
45 ਸਾਲਾ ਗੋਬਿੰਦਰ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਰੋਂਦੇ ਹੋਏ ਦੱਸਿਆ ਕਿ ਉਸ ਦੇ ਪਰਿਵਾਰ ਦਾ ਇਕੋ-ਇਕ ਕਮਾਉਣ ਵਾਲਾ ਮੈਂਬਰ ਇਸ ਦੁਨੀਆ ਤੋਂ ਚਲਾ ਗਿਆ ਹੈ ਅਤੇ ਉਨ੍ਹਾਂ ਦੇ ਇਕ ਬੇਟੇ ਅਤੇ ਧੀ ਦੇ ਭਵਿੱਖ ਦੀ ਹੁਣ ਤੋਂ ਹੀ ਉਸ ਨੂੰ ਚਿੰਤਾ ਸਤਾਉਣ ਲੱਗੀ ਹੈ। ਅਮਰਜੀਤ ਕੌਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪਤੀ ਦੀ ਲਾਸ਼ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਂਦਾ ਜਾਵੇ। ਪਿੰਡ ਵਾਸੀਆਂ ਨੇ ਭਾਰਤ ਅਤੇ ਪੰਜਾਬ ਸਰਕਾਰ ਤੋਂ ਮ੍ਰਿਤਕ ਗੋਬਿੰਦਰ ਸਿੰਘ ਦੇ ਪਰਿਵਾਰ ਦੀ ਆਰਥਕ ਸਹਾਇਤਾ ਦੇ ਨਾਲ-ਨਾਲ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੀ ਵੀ ਮੰਗ ਕੀਤੀ ਹੈ।


Related News