ਕੈਂਸਰ ਪੀੜਤ ਪੰਜ ਸਾਲਾਂ ਬੱਚੇ ਦੀ ਫਾਇਰ ਫਾਈਟਰ ਬਣਨ ਦੀ ਇੱਛਾ ਇੰਝ ਹੋਈ ਪੂਰੀ

03/21/2018 2:46:32 AM

ਟੋਰਾਂਟੋ— ਦੁਨੀਆ ਭਰ 'ਚ ਫਾਇਰ ਫਾਈਟਰਜ਼ ਆਪਣੀ ਬਹਾਦਰੀ ਤੇ ਮੁਸ਼ਕਲਾਂ ਨਾਲ ਲੜਨ ਦੀ ਸਮਰਥਾ ਕਰਕੇ ਹੀ ਜਾਣੇ ਜਾਂਦੇ ਹਨ। ਕੈਨੇਡਾ ਦੇ ਵੈਗਨ 'ਚ ਮੰਗਲਵਾਰ ਨੂੰ ਇਕ ਨਵਾਂ ਫਾਇਰ ਫਾਈਟਰ ਸ਼ਾਮਲ ਕੀਤਾ ਗਿਆ, ਜੋ ਕੱਦ 'ਚ ਚਾਹੇ ਬਾਕੀਆਂ ਦੇ ਮੁਕਾਬਲੇ ਘੱਟ ਸੀ ਪਰ ਲੜਨ ਦੀ ਸਮਰਥਾ ਦੇ ਮਾਮਲੇ 'ਚ ਉਹ ਕਿਸੇ ਤੋਂ ਘੱਟ ਨਹੀਂ ਸੀ।

PunjabKesari
ਮੈਟੀਓ ਪਾਪਾ ਇਸ ਸਮੇਂ ਲੀਊਕੇਮੀਆ ਨਾਂ ਦੇ ਕੈਂਸਰ ਨਾਲ ਪੀੜਤ ਹੈ ਤੇ ਕਰੀਬ ਡੇਢ ਸਾਲ ਬਾਅਦ ਉਸ ਦਾ ਇਲਾਜ ਸ਼ੁਰੂ ਹੋਣ ਵਾਲਾ ਹੈ। ਜਦੋਂ ਵੈਗਨ ਦੀ ਫਾਇਰ ਫਾਈਟਿੰਗ ਸਰਵਿਸ ਨੂੰ ਪਤਾ ਲੱਗਿਆ ਕਿ ਕੈਂਸਰ ਨਾਲ ਪੀੜਤ ਪੰਜ ਸਾਲਾਂ ਬੱਚੇ ਦਾ ਸੁਪਨਾ ਫਾਇਰ ਫਾਈਟਰ ਬਣਨ ਦਾ ਹੈ ਤਾਂ ਉਨ੍ਹਾਂ ਬੱਚੇ ਦੀ ਇੱਛਾ ਪੂਰੀ ਕਰਨ ਦਾ ਫੈਸਲਾ ਲਿਆ। ਮੰਗਲਵਾਰ ਸਵੇਰੇ ਮੈਟੀਓ ਦੇ ਜਨਮਦਿਨ ਮੌਕੇ ਵੈਗਨ ਫਾਇਰ ਸਰਵਿਸ ਦੇ ਚੀਫ ਲੈਰੀ ਬੈਂਟਲੇ ਆਪਣੇ ਕਰੂ ਮੈਂਬਰਾਂ ਨਾਲ ਵੁੱਡਬ੍ਰਿਜ ਬੱਚੇ ਦੇ ਪਰਿਵਾਰ ਨੂੰ ਮਿਲਣ ਪਹੁੰਚੇ।

PunjabKesari
ਫਾਇਰ ਫਾਈਟਰਜ਼ ਨੇ ਇਸ ਮੌਕੇ ਮੌਟੀਓ ਨੂੰ ਉਸ ਦਾ ਆਪਣਾ ਹੈਲਮਟ ਤੇ ਯੂਨੀਫਾਰਮ ਦਿੱਤੀ। ਇੰਨਾ ਹੀ ਨਹੀਂ ਉਸ ਦੇ ਨਾਲ ਉਨ੍ਹਾਂ ਸਾਰਿਆਂ ਨੇ ਕੇਕ ਵੀ ਕੱਟਿਆ ਤੇ ਉਸ ਨੂੰ ਫਾਇਰ ਟਰੱਕ 'ਚ ਸਕੂਲ ਲਈ ਛੱਡਣ ਗਏ। ਸਕੂਲ ਪੁੱਜਦਿਆਂ ਹੀ ਉਸ ਦਾ ਅਧਿਆਪਕਾਂ ਵਲੋਂ ਵੀ ਸਵਾਗਤ ਕੀਤਾ ਗਿਆ। ਇਸ ਸਮੇਂ ਮੌਜੂਦ ਹਰ ਸ਼ਖਸ ਦੇ ਦਿਲ 'ਚ ਮੈਟੀਓ ਲਈ ਹਮਦਰਦੀ ਸੀ ਤੇ ਹਰ ਕੋਈ ਉਸ ਦੀ ਚੰਗੀ ਸਿਹਤ ਦੀ ਅਰਦਾਸ ਕਰ ਰਿਹਾ ਸੀ। 
ਫਾਇਰ ਸਰਵਿਸ  ਦੇ ਚੀਫ ਨੇ ਕਿਹਾ ਕਿ ਇਹ ਸਭ ਦੇਖ ਤੇ ਮੇਰੀਆਂ ਅੱਖਾਂ 'ਚ ਹੰਝੂ ਆ ਗਏ। ਇਹ ਸਾਡੀ ਕਮਿਊਨਿਟੀ ਲਈ ਬਹੁਤ ਹੀ ਸਪੈਸ਼ਲ ਦਿਨ ਹੈ। ਇਸ ਦੌਰਾਨ ਮੈਟੀਓ ਦੀ ਮਾਤਾ ਜੂਡੀ ਨੇ ਕਿਹਾ ਕਿ ਇਹ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਭਾਵੁੱਕ ਦਿਨ ਹੈ। ਉਨ੍ਹਾਂ ਦੇ ਪਰਿਵਾਰ ਦਾ ਕਹਿਣਾ ਸੀ ਕਿ ਮੈਟੀਓ ਦਾ ਪੰਜਵਾਂ ਜਨਮਦਿਨ ਯਾਦਗਾਰ ਬਣ ਗਿਆ ਹੈ।


Related News