ਕੈਨੇਡਾ 'ਚ ਮਿਲੀ ਵਿਦੇਸ਼ੀ ਔਰਤ ਦੀ ਲਾਸ਼,ਕੁੱਝ ਮਹੀਨਿਆਂ ਤੋਂ ਹੋ ਰਹੀ ਸੀ ਭਾਲ

03/20/2018 2:59:31 PM

ਬ੍ਰਿਟਿਸ਼ ਕੋਲੰਬੀਆ/ਆਸਟਰੇਲੀਆ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਆਸਟਰੇਲੀਅਨ ਔਰਤ ਦੀ ਲਾਸ਼ ਮਿਲੀ ਹੈ। ਉਹ ਨਵੰਬਰ ਮਹੀਨੇ ਤੋਂ ਲਾਪਤਾ ਸੀ ਅਤੇ ਲੰਬੇ ਸਮੇਂ ਤੋਂ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ। ਵ੍ਹਿਸਲਰ ਪੁਲਸ ਨੇ ਕਿਹਾ ਕਿ ਆਲੀਸਨ ਰਾਸਪਾ ਨਾਂ ਦੀ ਆਸਟਰੇਲੀਅਨ ਔਰਤ ਦੀ ਲਾਸ਼ ਇੱਥੋਂ ਦੇ ਅਲਫਾ ਲੇਕ ਪਾਰਕ 'ਚੋਂ ਮਿਲੀ ਹੈ। ਇਹ ਸਥਾਨ 'ਸੀ ਟੂ ਸਕਾਈ ਹਾਈਵੇਅ' ਦੇ ਨੇੜੇ ਸਥਿਤ ਹੈ। ਸ਼ੁੱਕਰਵਾਰ ਸ਼ਾਮ ਨੂੰ ਅਲਫਾ ਲੇਕ ਕੋਲੋਂ ਪੁਲਸ ਨੂੰ ਬਰਫ ਨਾਲ ਜੰਮੇ ਮਨੁੱਖੀ ਅਵਸ਼ੇਸ਼ ਮਿਲੇ ਸਨ। ਜਾਂਚ ਮਗਰੋਂ ਪਤਾ ਲੱਗਾ ਕਿ ਇਹ ਰਾਸਪਾ ਦੀ ਲਾਸ਼ ਹੈ। ਪੁਲਸ ਨੇ ਕਿਹਾ ਕਿ ਅਜੇ ਤਕ ਰਾਸਪਾ ਦੀ ਮੌਤ ਦੇ ਕਾਰਨ ਸਾਹਮਣੇ ਨਹੀਂ ਆਏ ਪਰ ਉਨ੍ਹਾਂ ਨੂੰ ਇਹ ਮਾਮਲਾ ਸ਼ੱਕੀ ਵੀ ਨਹੀਂ ਲੱਗ ਰਿਹਾ। 


ਤੁਹਾਨੂੰ ਦੱਸ ਦਈਏ ਕਿ ਰਾਸਪਾ ਕੈਨੇਡਾ 'ਚ ਰਹਿੰਦੀ ਸੀ ਅਤੇ ਉਸ ਦੇ ਲਾਪਤਾ ਹੋਣ ਦੀ ਰਿਪੋਰਟ 23 ਨਵੰਬਰ 2017 ਨੂੰ ਦਰਜ ਕਰਵਾਈ ਗਈ ਸੀ ਕਿਉਂਕਿ ਉਹ ਕੰਮ 'ਤੇ ਵਾਪਸ ਨਹੀਂ ਪੁੱਜੀ ਸੀ। ਆਖਰੀ ਵਾਰ ਉਸ ਨੂੰ 22 ਨਵੰਬਰ ਦੀ ਰਾਤ ਨੂੰ ਵ੍ਹਿਸਲਰ ਦੇ 'ਥਰੀ ਬਿਲੋਅ ਬਾਰ' 'ਚ ਦੇਖੀ ਗਈ ਸੀ ਅਤੇ ਕੁੱਝ ਦਿਨਾਂ ਮਗਰੋਂ ਉਸ ਦਾ ਕੁੱਝ  ਸਮਾਨ 'ਅਲਫਾ ਲੇਕ ਪਾਰਕ' ਨੇੜਿਓਂ ਮਿਲਿਆ। ਪੁਲਸ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ।


Related News