ਬਿਹਾਰ 'ਚ ਅੰਬੇਡਕਰ ਸਾਹਿਬ ਦੇ ਬੁੱਤ ਨਾਲ ਕੀਤੀ ਛੇੜਛਾੜ ਦੀ ਇਟਲੀ 'ਚ ਕੀਤੀ ਗਈ ਨਿਖੇਧੀ

03/20/2018 12:52:42 PM

ਰੋਮ (ਇਟਲੀ) (ਕੈਂਥ)— ਭਾਰਤ ਵਿਚ ਭਾਰਤੀ ਸੰਵਿਧਾਨ ਦੇ ਪਿਤਾਮਾ ਡਾ: ਬੀ ਆਰ ਅੰਬੇਡਕਰ ਸਾਹਿਬ ਜੀ ਨੇ ਸਾਰੀ ਜਿੰਦਗੀ ਆਪਣੇ ਪਰਿਵਾਰ ਨੂੰ ਵੀ ਅਣਦੇਖਿਆਂ ਕਰਕੇ ਸਮਾਜ ਦੇ ਉਸ ਵਰਗ ਲਈ ਸੰਘਰਸ ਕੀਤਾ, ਜਿਨ੍ਹਾਂ ਦਾ ਪਰਛਾਂਵਾ ਲੈਣਾ ਵੀ ਮਨੂਵਾਦੀ ਲੋਕਾਂ ਲਈ ਪਾਪ ਸੀ। ਗਰੀਬਾਂ ਦੇ ਮਸੀਹਾ ਬਾਵਾ ਸਾਹਿਬ ਹੀ ਉਸ ਸਮੇਂ ਇਕ ਅਜਿਹੇ ਇਨਸਾਨ ਸਨ, ਜਿਨ੍ਹਾਂ ਨੇ ਭਾਰਤੀ ਨਾਰੀ ਨੂੰ ਉਨ੍ਹਾਂ ਦੇ ਹੱਕ ਦੁਆਏ ਅਤੇ ਸਤੀ ਪ੍ਰਥਾ ਦਾ ਡਟਵਾਂ ਵਿਰੋਧ ਕਰ ਕੇ ਗੁਲਾਮ ਸਮਝੀ ਜਾਂਦੀ ਨਾਰੀ ਨੂੰ ਆਜ਼ਾਦ ਕਰਵਾਇਆ। ਅਜਿਹੇ ਰਹਿਬਰ ਦੇ ਬੁੱਤ ਨੂੰ ਤੋੜਨਾ ਜਾਂ ਉਸ ਨਾਲ ਹੋਰ ਕੋਈ ਛੇੜਛਾੜ ਕਰਨੀ ਸਿੱਧੇ ਰੂਪ ਵਿਚ ਭਾਰਤੀ ਸੰਵਿਧਾਨ 1'ਤੇ ਹਮਲਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਐਸੋਸੀਏਸਨ ਇਟਲੀ ਦੇ ਚੇਅਰਮੈਨ ਸ੍ਰੀ ਗਿਆਨ ਚੰਦ ਸੂਦ, ਪ੍ਰਧਾਨ ਸ੍ਰੀ ਸਰਬਜੀਤ ਵਿਰਕ ਅਤੇ ਸ੍ਰੀ ਲੇਖ ਰਾਜ ਜੱਖੂ ਜਨਰਲ ਸਕੱਤਰ ਨੇ ਸਾਂਝੇ ਤੌਰ ਤੇ ਕਰਦਿਆਂ ਕਿਹਾ ਕਿ ਇਹ ਭਾਰਤ ਦੇ ਸਮੁੱਚੇ ਦਲਿਤ ਸਮਾਜ ਲਈ ਚਿੰਤਾ ਦਾ ਵਿਸ਼ਾ ਹੀ ਨਹੀਂ, ਸਗੋਂ ਬਹੁਤ ਹੀ ਜ਼ਿਆਦਾ ਗੰਭੀਰਤਾ ਨਾਲ ਵਿਚਾਰਨ ਵਾਲਾ ਮਸਲਾ ਵੀ ਹੈ। ਆਗੂ ਸਾਥੀਆਂ ਨੇ ਕਿਹਾ ਕਿ ਭਾਰਤ ਵਿਚ ਮਨੂਵਾਦੀ ਲੋਕ ਬਾਵਾ ਸਾਹਿਬ ਦੇ ਬੁੱਤਾਂ ਨਾਲ ਛੇੜਖਾਨੀ ਕਰ ਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਅਤੇ ਉਨ੍ਹਾਂ ਦੇ ਮਿਸ਼ਨ ਨੂੰ ਕਿਸੇ ਵੀ ਕਿਸਮ ਵਿਚ ਖਤਮ ਨਹੀ ਕਰ ਸਕਦੇ। ਬਾਵਾ ਸਾਹਿਬ ਦੇ ਬੁੱਤਾਂ ਨਾਲ ਛੇੜਛਾੜ ਕਰਨ ਦੀ ਘਟਨਾ ਪਿੱਛੇ ਜਿੱਥੇ ਮਨੂਵਾਦੀ ਸਰਕਾਰੀ ਸਿਸਟਮ ਦਾ ਹੱਥ ਹੈ, ਉੱਥੇ ਹੀ ਦਲਿਤ ਸਮਾਜ ਵਲੋਂ ਗੁਮਰਾਹ ਹੋ ਕੇ ਗਲਤ ਸ਼ਾਸਕ ਚੁਣਨਾ ਵੀ ਹੈ। ਭਾਰਤ ਦਾ ਦਲਿਤ ਸਮਾਜ ਜਦੋਂ ਤੱਕ ਪੂਰਨ ਤੌਰ 'ਤੇ ਜਾਗਰੂਕ ਹੋ ਕੇ ਆਪਣੀ ਵੋਟ ਦਾ ਸਹੀ ਇਸਤੇਮਾਲ ਨਹੀ ਕਰਦਾ, ਉਦੋਂ ਤੱਕ ਭਾਰਤ ਅੰਦਰ ਗਰੀਬ ਅਤੇ ਘੱਟ ਗਿਣਤੀ ਲੋਕਾਂ ਨਾਲ ਧੱਕਾ ਹੋਣਾ ਸੁਭਾਵਿਕ ਹੈ। ਆਗੂਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜੇ ਭਾਰਤ ਦਾ ਦਲਿਤ ਸਮਾਜ ਦੇਸ਼ ਅੰਦਰ ਸਨਮਾਨ ਅਤੇ ਸਤਿਕਾਰ ਵਾਲੀ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਨੂੰ ਬਾਵਾ ਸਾਹਿਬ ਦੇ ਮਿਸ਼ਨ ਨੂੰ ਪੜ੍ਹਨ ਅਤੇ ਸਮਝਣ ਦੀ ਬਹੁਤ ਲੋੜ ਹੈ। ਇਸ ਮੌਕੇ ਹੋਰ ਵੀ ਅੰਬੇਡਕਰੀ ਸਾਥੀਆਂ ਨੇ ਬਾਵਾ ਸਾਹਿਬ ਦੇ ਬੁੱਤ ਨਾਲ ਕੀਤੀ ਛੇੜਛਾੜ ਦੀ ਨਿਖੇਧੀ ਕੀਤੀ।


Related News