ਚੀਨ ਨੇ ਦਿਖਾਈ ਹੁਸ਼ਿਆਰੀ, ਡੋਕਲਾਮ ਤੱਕ ਬਣਾਈ ਨਵੀਂ ਸੜਕ

03/20/2018 9:34:26 AM

ਬੀਜਿੰਗ (ਬਿਊਰੋ)— ਚੀਨ ਨੇ ਇਕ ਵਾਰੀ ਫਿਰ ਚਲਾਕੀ ਦਿਖਾਈ ਹੈ। ਡੋਕਲਾਮ ਵਿਵਾਦ ਦੇ ਬਾਅਦ ਚੀਨ ਨੇ ਪਹਿਲਾਂ ਵਿਵਾਦਮਈ ਇਲਾਕੇ ਵਿਚ ਸੜਕ ਬਣਾਉਣ ਦਾ ਕੰਮ ਰੋਕ ਦਿੱਤਾ ਸੀ। ਇਸ ਨਾਲ ਮੰਨਿਆ ਜਾ ਰਿਹਾ ਸੀ ਕਿ ਗਤੀਰੋਧ ਫਿਲਹਾਲ ਖਤਮ ਹੋ ਗਿਆ ਹੈ ਪਰ ਹੁਣ ਸੈਟੇਲਾਈਟ ਰਾਹੀਂ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ ਨਾਲ ਪਤਾ ਚੱਲਦਾ ਹੈ ਕਿ ਚੀਨ ਨੇ ਵਿਵਾਦਮਈ ਜਗ੍ਹਾ ਨੂੰ ਛੱਡ ਕੇ ਦੂਜੇ ਰਸਤੇ ਤੋਂ ਦੱਖਣੀ ਡੋਕਲਾਮ ਤੱਕ ਪਹੁੰਚਣ ਲਈ ਸੜਕ ਬਣਾ ਲਈ ਹੈ। ਇਹ ਸੜਕ ਭਾਰਤੀ ਪੋਸਟਾਂ ਤੋਂ ਸਿਰਫ ਪੰਜ ਕਿਲੋਮੀਟਰ ਦੀ ਦੂਰੀ 'ਤੇ ਹੈ, ਜੋ ਭਾਰਤੀ ਸੁਰੱਖਿਆ ਲਈ ਖਤਰਾ ਹੈ। ਹਾਲਾਂਕਿ ਇਸ ਮਾਮਲੇ ਵਿਚ ਫਿਲਹਾਲ ਅਧਿਕਾਰਿਕ ਤੌਰ 'ਤੇ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ।
ਬੀਤੇ ਸਾਲ ਜੂਨ ਮਹੀਨੇ ਵਿਚ ਚੀਨ ਦੇ ਫੌਜੀਆਂ ਨੇ ਡੋਕਲਾਮ ਇਲਾਕੇ ਵਿਚ ਸੜਕ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਪਰ ਭਾਰਤੀ ਫੌਜੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ ਸੀ। ਆਖਿਰਕਾਰ ਅਗਸਤ ਵਿਚ ਦੋਹਾਂ ਦੇਸ਼ਾਂ ਦੇ ਡਿਪਲੋਮੈਟਾਂ ਵਿਚਕਾਰ ਗੱਲਬਾਤ ਹੋਈ ਅਤੇ ਸੜਕ ਨਿਰਮਾਣ ਦਾ ਕੰਮ ਰੋਕ ਦਿੱਤਾ ਗਿਆ। ਇਸ ਨੂੰ ਭਾਰਤ ਦੀ ਵੱਡੀ ਜਿੱਤ ਮੰਨਿਆ ਗਿਆ। ਹਾਲਾਂਕਿ ਇਸ ਦੇ ਬਾਵਜੂਦ ਡੋਕਲਾਮ ਨੇੜੇ ਚੀਨੀ ਫੌਜੀ ਲਗਾਤਾਰ ਤੈਨਾਤ ਰਹੇ। ਉੱਧਰ ਚੀਨੀ ਫੌਜੀ ਦੂਜੇ ਰਸਤੇ ਤੋਂ ਦੱਖਣੀ ਡੋਕਲਾਮ ਤੱਕ ਪਹੁੰਚਣ ਦਾ ਰਸਤਾ ਲੱਭ ਚੁੱਕੇ ਸਨ। ਉਸ ਨੇ ਸਰਦੀਆਂ ਦੇ ਮੌਸਮ ਵਿਚ ਸੜਕ ਨਿਰਮਾਣ ਦਾ ਕੰਮ ਪੂਰਾ ਕਰ ਲਿਆ, ਜੋ ਹੁਣ ਸੈਟੇਲਾਈਟ ਇਮੇਜ਼ ਜ਼ਰੀਏ ਸਾਫ ਦਿਖਾਈ ਦੇ ਰਹੀ ਹੈ। ਗੌਰਤਲਬ ਹੈ ਕਿ ਡੋਕਲਾਮ ਇਲਾਕੇ ਵਿਚ ਚੀਨ ਵੱਲੋਂ ਲਗਾਤਾਰ ਨਿਰਮਾਣ ਕੰਮ ਕੀਤਾ ਜਾ ਰਿਹਾ ਹੈ। ਚੀਨ ਇਸ ਇਲਾਕੇ ਵਿਚ ਤੇਜ਼ੀ ਨਾਲ ਨਵੀਆਂ ਪੋਸਟਾਂ, ਹੈਲੀਪੈਡ ਆਦਿ ਦਾ ਨਿਰਮਾਣ ਕਰ ਰਿਹਾ ਹੈ। ਇਸ ਗੱਲ 'ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਮੋਹਰ ਲਗਾ ਚੁੱਕੀ ਹੈ।


Related News