ਸਮਾਗਮਾਂ ਦਾ ਬਚਿਆ ਭੋਜਨ ਇਕੱਠਾ ਕਰ ਕੇ ਲੋੜਵੰਦਾਂ ''ਚ ਵੰਡਦੀਆਂ ਕੁਝ ਐੱਨ. ਜੀ. ਓਜ਼

03/20/2018 7:33:33 AM

ਦੇਸ਼ ਨੇ ਬੇਸ਼ੱਕ ਹੀ ਵੱਖ-ਵੱਖ ਖੇਤਰਾਂ ਵਿਚ ਵੱਡੀਆਂ ਸਫਲਤਾਵਾਂ ਹਾਸਿਲ ਕਰ ਲਈਆਂ ਹੋਣ ਪਰ ਅਜੇ ਵੀ ਸਾਡੀ ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਭੁੱਖੇ ਢਿੱਡ ਸੌਣਾ ਪੈਂਦਾ ਹੈ ਕਿਉਂਕਿ ਖਰੀਦਣ ਦੀ ਸਮਰੱਥਾ ਨਾ ਹੋਣ ਕਾਰਨ ਕਾਫੀ ਅਨਾਜ ਪੈਦਾ ਹੋਣ ਦੇ ਬਾਵਜੂਦ ਇਹ ਲੋੜਵੰਦਾਂ ਤਕ ਨਹੀਂ ਪਹੁੰਚਦਾ। ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਅਨੁਸਾਰ ਭਾਰਤੀ ਰੋਜ਼ਾਨਾ 244 ਕਰੋੜ ਰੁਪਏ ਦਾ ਭੋਜਨ ਬਰਬਾਦ ਕਰ ਦਿੰਦੇ ਹਨ, ਜੋ 89060 ਕਰੋੜ ਰੁਪਏ ਸਾਲਾਨਾ ਬਣਦਾ ਹੈ, ਜਦਕਿ ਦੂਜੇ ਪਾਸੇ ਭਾਰਤ ਵਿਚ ਰੋਜ਼ਾਨਾ 19 ਕਰੋੜ 40 ਲੱਖ ਲੋਕ ਭੁੱਖੇ ਸੌਂਦੇ ਹਨ। ਕੁਲ ਪੈਦਾ ਖੁਰਾਕ ਸਮੱਗਰੀ ਦਾ 40 ਫੀਸਦੀ ਹਿੱਸਾ ਹਰ ਸਾਲ ਬਰਬਾਦ ਹੋ ਜਾਂਦਾ ਹੈ। ਵਿਆਹਾਂ ਅਤੇ ਹੋਰਨਾਂ ਸਮਾਗਮਾਂ ਵਿਚ ਅੰਦਾਜ਼ਨ ਲੋੜ ਨਾਲੋਂ 20-25 ਫੀਸਦੀ ਤਕ ਜ਼ਿਆਦਾ ਭੋਜਨ ਪਕਾਇਆ ਜਾਂਦਾ ਹੈ ਅਤੇ ਬਚਿਆ ਹੋਇਆ ਫਾਲਤੂ ਭੋਜਨ ਲੋੜਵੰਦਾਂ ਤਕ ਪਹੁੰਚਾਉਣ ਦੀ ਬਜਾਏ ਕੂੜੇਦਾਨਾਂ 'ਚ ਸੁੱਟ ਦਿੱਤਾ ਜਾਂਦਾ ਹੈ। ਅੰਨ ਦੀ ਇਹ ਬਰਬਾਦੀ ਕੁਦਰਤੀ ਸੋਮਿਆਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਤੇ ਟੋਇਆਂ ਵਿਚ ਸੁੱਟੇ ਗਏ ਇਸ ਭੋਜਨ 'ਚੋਂ ਨਿਕਲਣ ਵਾਲੀ ਹਾਨੀਕਾਰਕ ਮਿਥੇਨ ਗੈਸ ਗਲੋਬਲ ਵਾਰਮਿੰਗ ਦੀ ਵਜ੍ਹਾ ਵੀ ਬਣਦੀ ਹੈ। ਇਸ ਲਈ ਇਸ ਬਰਬਾਦ ਹੋ ਰਹੇ ਭੋਜਨ ਨੂੰ ਜੇਕਰ ਲੋੜਵੰਦ ਲੋਕਾਂ ਤਕ ਪਹੁੰਚਾਇਆ ਜਾਵੇ ਤਾਂ ਇਸ ਤੋਂ ਵਧ ਕੇ ਕੋਈ ਪੁੰਨ ਨਹੀਂ। ਇਸੇ ਨੂੰ ਧਿਆਨ ਵਿਚ ਰੱਖਦਿਆਂ ਦੇਸ਼ ਵਿਚ ਕੁਝ ਸੰਸਥਾਵਾਂ ਅੱਗੇ ਆਈਆਂ ਹਨ। ਸਭ ਤੋਂ ਪਹਿਲਾਂ 2013 ਵਿਚ ਜੈਪੁਰ ਵਿਖੇ ਐੱਨ. ਜੀ. ਓ. 'ਅੰਨ ਖੇਤਰ ਫਾਊਂਡੇਸ਼ਨ' ਨੇ ਵਿਆਹਾਂ, ਪਾਰਟੀਆਂ, ਹੋਟਲਾਂ ਅਤੇ ਧਾਰਮਿਕ ਅਸਥਾਨਾਂ ਦਾ ਬਚਿਆ ਹੋਇਆ ਭੋਜਨ ਸਾਫ-ਸੁਥਰੇ ਅਤੇ ਵਿਗਿਆਨਿਕ ਢੰਗ ਨਾਲ ਇਕੱਠਾ ਕਰ ਕੇ ਲੋੜਵੰਦਾਂ ਨੂੰ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ। 
ਇਸ ਤੋਂ ਬਾਅਦ ਮਹਾਰਾਸ਼ਟਰ ਦੇ ਔਰੰਗਾਬਾਦ ਵਿਚ 'ਹਾਰੂਨ ਮੁਕਾਤੀ ਇਸਲਾਮਿਕ ਸੈਂਟਰ' ਅਤੇ ਮੁੰਬਈ ਦੇ ਵਿਸ਼ਵ ਪ੍ਰਸਿੱਧ ਡੱਬਾ ਵਾਲਿਆਂ ਦੇ ਇਕ ਸਮੂਹ ਨੇ ਵੀ ਲੋਕਾਂ ਦੇ ਘਰਾਂ ਤੋਂ ਬਚਿਆ ਹੋਇਆ ਸਾਫ-ਸੁਥਰਾ ਭੋਜਨ ਇਕੱਠਾ ਕਰ ਕੇ ਲੋੜਵੰਦਾਂ ਨੂੰ ਵੰਡਣਾ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਕੁਝ ਹੋਰ ਸਮਾਜ ਸੇਵੀ ਸੰਸਥਾਵਾਂ ਹੁਣ ਇਸ ਖੇਤਰ 'ਚ ਅੱਗੇ ਆਈਆਂ ਹਨ। 
ਪੰਜਾਬ ਦੇ ਸ਼ਹਿਰ ਲੁਧਿਆਣਾ ਵਿਚ 'ਏਕ ਨੂਰ ਸੇਵਾ ਕੇਂਦਰ' ਨਾਮੀ ਐੱਨ. ਜੀ. ਓ. ਨੇ ਵਿਆਹਾਂ ਤੇ ਹੋਰ ਸਮਾਗਮਾਂ ਦਾ ਬਚਿਆ ਹੋਇਆ ਭੋਜਨ ਇਕੱਠਾ ਕਰ ਕੇ ਲੋੜਵੰਦਾਂ ਤਕ ਪਹੁੰਚਾਉਣ ਲਈ 'ਨੇਕੀ ਦੀ ਗੱਡੀ' ਸੇਵਾ ਸ਼ੁਰੂ ਕੀਤੀ ਹੈ। 
ਲੁਧਿਆਣਾ ਨਗਰ ਨਿਗਮ ਦੀਆਂ ਹੱਦਾਂ ਵਿਚ ਹਰ ਸਮੇਂ ਮੁਹੱਈਆ ਇਹ ਸੇਵਾ ਇਕ ਦਾਨੀ ਸੱਜਣ, ਜੋ ਆਪਣਾ ਨਾਂ ਜ਼ਾਹਿਰ ਨਹੀਂ ਕਰਨਾ ਚਾਹੁੰਦੇ, ਵਲੋਂ ਐੱਨ. ਜੀ. ਓ. ਨੂੰ ਇਕ ਪੁਰਾਣੀ ਗੱਡੀ ਭੇਟ ਕਰਨ ਤੋਂ ਬਾਅਦ ਸ਼ੁਰੂ ਕੀਤੀ ਗਈ, ਜਿਸ ਨੂੰ ਭੋਜਨ ਇਕੱਠਾ ਕਰਨ ਵਾਲੀ ਗੱਡੀ 'ਚ ਬਦਲ ਦਿੱਤਾ ਗਿਆ ਹੈ। 
ਭੋਜਨ ਇਕੱਠਾ ਕਰਨ ਤੋਂ ਬਾਅਦ ਇਸ ਨੂੰ ਐੱਨ. ਜੀ. ਓ. ਵਲੋਂ ਚਲਾਈ ਜਾਂਦੀ 'ਨੇਕੀ ਦੀ ਰਸੋਈ' ਵਿਚ ਲਿਜਾਇਆ ਜਾਵੇਗਾ ਤੇ ਉਥੋਂ 2-3 ਘੰਟਿਆਂ ਅੰਦਰ ਹੀ ਲੋੜਵੰਦਾਂ ਤਕ ਪਹੁੰਚਾ ਦਿੱਤਾ ਜਾਵੇਗਾ। 
ਲੋੜਵੰਦਾਂ ਦੀ ਭੁੱਖ ਮਿਟਾਉਣ ਲਈ ਇਹ ਪ੍ਰਯੋਗ ਬਹੁਤ ਹੀ ਚੰਗਾ ਹੈ ਅਤੇ ਇਸ ਦੇ ਲਈ 'ਏਕ ਨੂਰ ਸੇਵਾ ਕੇਂਦਰ' ਧੰਨਵਾਦ ਦਾ ਪਾਤਰ ਹੈ। ਹੋਰਨਾਂ ਸੰਸਥਾਵਾਂ ਨੂੰ ਵੀ ਇਸ ਮਾਮਲੇ 'ਚ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਇਸ ਦੇ ਲਈ 3-4 ਸੰਸਥਾਵਾਂ ਹੀ ਕਾਫੀ ਨਹੀਂ ਹਨ। 
ਚੰਗਾ ਹੋਵੇਗਾ ਜੇ ਸਮਾਗਮਾਂ ਦੇ ਆਯੋਜਕ ਇਸ ਖੇਤਰ 'ਚ ਕੰਮ ਕਰਨ ਵਾਲੇ ਸੰਗਠਨਾਂ ਨਾਲ ਪਹਿਲਾਂ ਹੀ ਸੰਪਰਕ ਕਰ ਲੈਣ ਤਾਂ ਕਿ ਬਚਿਆ ਹੋਇਆ ਭੋਜਨ ਜ਼ਾਇਆ ਨਾ ਹੋਵੇ ਤੇ ਉਸ ਨੂੰ ਸੰਭਾਲ ਕੇ ਲੋੜਵੰਦਾਂ ਤਕ ਪਹੁੰਚਾਇਆ ਜਾ ਸਕੇ।  ਨੈਤਿਕਤਾ ਦਾ ਤਕਾਜ਼ਾ ਹੈ ਕਿ ਸਾਨੂੰ ਵਿਆਹਾਂ ਤੇ ਹੋਰਨਾਂ ਸਮਾਗਮਾਂ ਵਿਚ ਹੀ ਨਹੀਂ, ਸਗੋਂ ਆਪਣੇ ਘਰਾਂ ਵਿਚ ਵੀ ਖਾਣਾ ਖਾਂਦੇ ਸਮੇਂ ਜੂਠ ਨਹੀਂ ਛੱਡਣੀ ਚਾਹੀਦੀ ਤੇ ਜਿੰਨੀ ਲੋੜ ਹੋਵੇ, ਓਨਾ ਹੀ ਲੈਣਾ ਚਾਹੀਦਾ ਹੈ ਤੇ ਭੁੱਖ ਨਾਲੋਂ ਕੁਝ ਘੱਟ ਹੀ ਖਾਣਾ ਚਾਹੀਦਾ ਹੈ, ਜੋ ਸਿਹਤ ਲਈ ਵੀ ਚੰਗਾ ਹੈ। 
ਭੋਜਨ ਪਰੋਸਣ ਵਾਲਿਆਂ ਲਈ ਵੀ ਚੰਗਾ ਹੋਵੇਗਾ ਕਿ ਉਹ ਇਕ ਵਾਰ ਵਿਚ ਹੀ ਵੱਧ ਤੋਂ ਵੱਧ ਨਾ ਪਰੋਸਣ ਤੇ ਲੋੜ ਮੁਤਾਬਿਕ ਹੀ ਦੇਣ ਕਿਉਂਕਿ ਨਾ ਸਿਰਫ ਜੂਠ ਲੱਗੇ ਭਾਂਡੇ ਸਾਫ ਕਰਨ ਵਿਚ ਪ੍ਰੇਸ਼ਾਨੀ ਹੁੰਦੀ ਹੈ, ਸਗੋਂ ਨਾਲੀਆਂ ਵਿਚ ਜੂਠ ਸੁੱਟਣ ਨਾਲ ਗੰਦਗੀ ਵੀ ਫੈਲਦੀ ਹੈ। 
ਜ਼ਿਕਰਯੋਗ ਹੈ ਕਿ ਭਾਰਤ ਵਿਚ ਅੰਨ ਨੂੰ ਵੀ ਦੇਵਤੇ ਦਾ ਦਰਜਾ ਪ੍ਰਾਪਤ ਹੈ ਅਤੇ ਭਾਰਤੀ ਧਰਮ ਦਰਸ਼ਨ ਵਿਚ ਭੋਜਨ ਦਾ ਅਨਾਦਰ ਕਰਨਾ ਜਾਂ ਜੂਠ ਛੱਡਣਾ ਠੀਕ ਨਹੀਂ ਮੰਨਿਆ ਗਿਆ ਹੈ। ਇਸ ਲਈ ਜੂਠ ਨਾ ਛੱਡਣ ਨਾਲ ਜਿਥੇ ਭੋਜਨ ਦੀ ਸਹੀ ਵਰਤੋਂ ਅਤੇ ਇਸ ਦੇ ਜ਼ਾਇਆ ਹੋਣ ਤੋਂ ਬਚਾਅ ਹੋਵੇਗਾ, ਉਥੇ ਹੀ ਧਨ ਦੀ ਬੱਚਤ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਚੰਗਾ ਹੋਵੇਗਾ। ਇਹੋ ਨਹੀਂ, ਬਚਿਆ ਹੋਇਆ ਭੋਜਨ ਲੋੜਵੰਦਾਂ ਤਕ ਪਹੁੰਚਾ ਦੇਣ ਨਾਲ ਨਾ ਸਿਰਫ ਉਨ੍ਹਾਂ ਦਾ ਢਿੱਡ ਭਰੇਗਾ, ਸਗੋਂ ਗੰਦਗੀ ਤੋਂ ਵੀ ਬਚਾਅ ਹੋਵੇਗਾ।                                       
—ਵਿਜੇ ਕੁਮਾਰ


Related News