ਚੌਥੀ ਵਾਰ ਚੋਣ ਜਿੱਤਣ ''ਤੇ ਦੁਨੀਆ ਦੇ ਵੱਖ-ਵੱਖ ਨੇਤਾਵਾਂ ਨੇ ਪੁਤਿਨ ਨੂੰ ਦਿੱਤੀ ਵਧਾਈ

03/19/2018 8:53:12 PM

ਬੀਜਿੰਗ— ਚੀਨ ਤੇ ਜਰਮਨੀ ਸਮੇਤ ਦੁਨੀਆ ਭਰ ਦੇ ਕਈ ਨੇਤਾਵਾਂ ਨੇ ਵਲਾਦੀਮੀਰ ਪੁਤਿਨ ਨੂੰ ਚੌਥੀ ਵਾਰ ਰੂਸ ਦਾ ਰਾਸ਼ਟਰਪਤੀ ਚੁਣੇ ਜਾਣ 'ਤੇ ਵਧਾਈ ਦਿੱਤੀ। ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਪੁਤਿਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਨਵੀਂਆਂ ਉਚਾਈਆਂ 'ਤੇ ਲਿਜਾਣ ਲਈ ਬੀਜਿੰਗ ਮਾਸਕੋ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ।
ਚੀਨ ਦੀ ਸਰਕਾਰੀ ਪੱਤਰਕਾਰ ਏਜੰਸੀ ਦੇ ਮੁਤਾਬਕ ਸ਼ੀ ਨੇ ਕਿਹਾ ਕਿ ਮੌਜੂਦਾ ਸਥਿਤੀ 'ਚ ਚੀਨ-ਰੂਸ ਦੀ ਰਣਨੀਤਿਕ ਸਹਿਯੋਗ ਸਾਂਝੀਦਾਰੀ ਆਪਣੇ ਚੋਟੀ ਦੇ ਪੱਧਰ 'ਤੇ ਹੈ। ਤਹਿਰਾਨ ਤੋਂ ਮਿਲੀ ਰਿਪੋਰਟ 'ਚ ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਪੁਤਿਨ ਨੂੰ ਉਨ੍ਹਾਂ ਦੀ ਫੈਸਲਾਕੁੰਨ ਜਿੱਤ 'ਤੇ ਵਧਾਈ ਦਿੱਤੀ ਤੇ ਰੂਸ ਦੇ ਨਾਲ ਆਪਣੇ ਦੇਸ਼ ਦੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਜਤਾਇਆ। ਈਰਾਨੀ ਰਾਸ਼ਟਰਪਤੀ ਦੀ ਵੈੱਬਸਾਈਟ 'ਤੇ ਪਾਏ ਗਏ ਇਕ ਪੈਗਾਮ 'ਚ ਰੁਹਾਨੀ ਨੇ ਕਿਹਾ, ''ਮੈਨੂੰ ਯਕੀਨ ਹੈ ਕਿ ਤੁਹਾਡੇ ਨਵੇਂ ਕਾਰਜਕਾਲ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਰਿਸ਼ਤੇ ਹੋਰ ਮਜ਼ਬੂਤ ਹੋਣਗੇ।'' ਉੱਧਰ ਬਰਲਿਨ ਤੋਂ ਮਿਲੀ ਇਕ ਰਿਪੋਰਟ 'ਚ ਜਰਮਨ ਦੀ ਚਾਂਸਲਰ ਐਂਜੇਲਾ ਮਾਰਕਲ ਫਿਰ ਤੋਂ ਚੋਣ ਜਿੱਤਣ 'ਤੇ ਉਨ੍ਹਾਂ ਨੂੰ ਵਧਾਈ ਦੇਵੇਗੀ ਤੇ ਦੋਵਾਂ ਦੇਸ਼ਾਂ ਦੇ ਵਿਚਕਾਰ ਦੇ ਰਿਸ਼ਤਿਆਂ ਦੇ ਸਾਹਮਣੇ ਦੀਆਂ ਚੁਣੌਤੀਆਂ 'ਤੇ ਵੀ ਚਰਚਾ ਕਰੇਗੀ। 
ਮਾਰਕਲ ਦੇ ਬੁਲਾਰੇ ਸਤੇਫੇਨ ਸੇਈਬਰਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੈਂ ਵਧਾਈ ਸੰਦੇਸ਼ ਦਾ ਮਜ਼ਬੂਰਨ ਪਹਿਲਾਂ ਜ਼ਿਕਰ ਨਹੀਂ ਕਰ ਸਕਦਾ ਪਰ ਮੇਰਾ ਯਕੀਨ ਹੈ ਕਿ ਇਸ ਦੌਰਾਨ ਜਰਮਨੀ ਤੇ ਰੂਸ ਦੇ ਰਿਸ਼ਤਿਆਂ ਦੀਆਂ ਚੁਣੌਤੀਆਂ ਦਾ ਵੀ ਜ਼ਿਕਰ ਹੋਵੇਗਾ। ਸੇਈਬਰਟ ਨੇ ਕਿਹਾ ਕਿ ਰੂਸੀ ਨੀਤੀਆਂ ਤੋਂ ਲੈ ਕੇ ਯੂਕ੍ਰੇਨ ਤੇ ਸੀਰੀਆ ਦੇ ਸੰਘਰਸ਼ਾਂ 'ਤੇ ਜਰਮਨੀ ਤੇ ਰੂਸ ਦੇ ਵਿਚਕਾਰ ਵਿਚਾਰਾਂ 'ਚ ਮਤਭੇਦ ਹੈ। ਇਸ ਦੌਰਾਨ ਬ੍ਰਿਸਲਸ ਤੋਂ ਮਿਲੀ ਇਕ ਹੋਰ ਰਿਪੋਰਟ 'ਚ ਜਰਮਨ ਵਿਦੇਸ਼ ਮੰਤਰੀ ਹੇਈਕਾ ਮਾਸ ਨੇ ਚੋਣਾਂ ਦੀ ਸੁਤੰਤਰਤਾ ਤੇ ਨਿਰਪੱਖਤਾ 'ਤੇ ਸਵਾਲੀਆ ਨਿਸ਼ਾਨ ਲਗਾਉਂਦੇ ਹੋਏ ਸੋਮਵਾਰ ਨੂੰ ਕਿਹਾ ਕਿ ਰੂਸ ਜਰਮਨੀ ਦਾ ਇਕ ਮੁਸ਼ਕਿਲ ਸਾਂਝੀਦਾਰ ਬਣਿਆ ਰਹੇਗਾ। 
ਟੋਕੀਓ ਤੋਂ ਮਿਲੀ ਇਕ ਹੋਰ ਰਿਪੋਰਟ 'ਚ ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਫਿਰ ਤੋਂ ਚੋਣਾਂ ਜਿੱਤਣ 'ਤੇ ਪੁਤਿਨ ਨੂੰ ਵਧਾਈ ਦਿੱਤੀ ਤੇ ਦੋਵਾਂ ਨੇਤਾਵਾਂ ਨੇ ਉੱਤਰ ਕੋਰੀਆ ਦੀ ਪ੍ਰਮਾਣੂ ਹਥਿਆਰਬੰਦੀ ਹਾਸਲ ਕਰਨ 'ਚ ਮਦਦ ਕਰਨ ਲਈ ਨਾਲ ਕੰਮ ਕਰਨ 'ਤੇ ਸਹਿਮਤੀ ਪ੍ਰਗਟਾਈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਆਬੇ ਨੇ ਟੈਲੀਫੋਨ 'ਤੇ ਪੁਤਿਨ ਦੇ ਨਾਲ ਗੱਲਬਾਤ 'ਚ ਉਨ੍ਹਾਂ ਨੂੰ ਦੁਬਾਰਾ ਚੁਣੇ ਜਾਣ ਲਈ ਵਧਾਈ ਦਿੱਤੀ।


Related News