ਬਾਇਓਮੀਟ੍ਰਿਕ ਹਾਜ਼ਰੀ ਤੋਂ ਬਾਅਦ ਬੰਬਈ ਮਿਊਂਸੀਪਲ ਕਾਰਪੋਰੇਸ਼ਨ ਨੇ 10,000 ਲੇਟ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟੀਆਂ

03/18/2018 7:48:11 AM

ਸਭ ਨੂੰ ਪਤਾ ਹੈ ਕਿ ਸਰਕਾਰੀ ਮਹਿਕਮਿਆਂ ਦੇ ਕਈ ਮੁਲਾਜ਼ਮ ਸਮੇਂ ਸਿਰ ਡਿਊਟੀ 'ਤੇ ਨਾ ਪਹੁੰਚਣ ਦੇ ਮਾਮਲੇ  ਤੋਂ ਇਲਾਵਾ ਕੰਮ ਦੇ ਘੰਟਿਆਂ ਦੌਰਾਨ 'ਫਰਲੋ' ਮਾਰਦੇ ਜਾਂ ਡਿਊਟੀ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਦਫਤਰ 'ਚੋਂ ਖਿਸਕ ਜਾਂਦੇ ਹਨ। ਇਸੇ ਨੂੰ ਰੋਕਣ ਅਤੇ ਮੁਲਾਜ਼ਮਾਂ 'ਚ ਸਮੇਂ ਦੀ ਪਾਲਣਾ ਯਕੀਨੀ ਬਣਾਉਣ ਲਈ ਦੇਸ਼ 'ਚ ਕੇਂਦਰ ਸਰਕਾਰ ਦੇ ਦਫਤਰਾਂ 'ਚ ਸਤੰਬਰ 2014 'ਚ ਬਾਇਓਮੀਟ੍ਰਿਕ ਹਾਜ਼ਰੀ ਪ੍ਰਣਾਲੀ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਕਈ ਸੂਬਾ ਸਰਕਾਰਾਂ ਵਲੋਂ ਆਪਣੇ ਮਹਿਕਮਿਆਂ 'ਚ ਲਾਗੂ ਕਰਨ ਦੇ ਨਾਲ-ਨਾਲ ਪ੍ਰਾਈਵੇਟ ਅਦਾਰਿਆਂ ਵਲੋਂ ਵੀ ਅਪਣਾਇਆ ਜਾ ਰਿਹਾ ਹੈ। ਇਸੇ ਹਾਜ਼ਰੀ ਦੇ ਆਧਾਰ 'ਤੇ ਮੁਲਾਜ਼ਮਾਂ ਦੀ ਤਨਖਾਹ ਬਣਦੀ ਹੈ।
ਬਾਇਓਮੀਟ੍ਰਿਕ ਹਾਜ਼ਰੀ ਪ੍ਰਣਾਲੀ ਦੇ ਤਹਿਤ ਮੁਲਾਜ਼ਮਾਂ ਨੂੰ ਇਕ ਆਈ. ਡੀ. ਕਾਰਡ ਦਿੱਤਾ ਜਾਂਦਾ ਹੈ, ਜਿਸ 'ਚ ਉਨ੍ਹਾਂ ਦਾ ਪੂਰਾ ਵੇਰਵਾ ਦਰਜ ਹੁੰਦਾ ਹੈ। ਬਾਇਓਮੀਟ੍ਰਿਕ ਮਸ਼ੀਨ ਦੇ ਸਾਹਮਣੇ ਕਾਰਡ ਦਿਖਾਉਣ ਜਾਂ 'ਸਵਾਈਪ' ਕਰਨ ਨਾਲ ਸਬੰਧਤ ਮੁਲਾਜ਼ਮ ਦੀ ਹਾਜ਼ਰੀ ਲੱਗਦੀ ਹੈ ਤੇ ਕੁਝ ਮਸ਼ੀਨਾਂ 'ਚ ਉਂਗਲ ਜਾਂ ਅੰਗੂਠੇ ਨਾਲ ਵੀ ਹਾਜ਼ਰੀ ਲਾਈ ਜਾਂਦੀ ਹੈ। ਇਸ ਨਾਲ ਹੋਰਨਾਂ ਲਾਭਾਂ ਤੋਂ ਇਲਾਵਾ ਜਿਥੇ ਪ੍ਰਸ਼ਾਸਕੀ ਖਰਚੇ 'ਚ   ਕਮੀ ਆਉਂਦੀ ਹੈ, ਉਥੇ ਹੀ ਕਾਗਜ਼ੀ ਕਾਰਵਾਈ ਤੇ ਧੋਖੇ ਦੀ ਸੰਭਾਵਨਾ ਵੀ ਘਟਦੀ ਹੈ।
ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਲੇਟ-ਲਤੀਫੀ, ਕੰਮ ਦੇ ਘੰਟਿਆਂ ਦੌਰਾਨ ਫਰਲੋ ਮਾਰਨ ਦੇ ਰੁਝਾਨ ਅਤੇ ਗ਼ੈਰ-ਹਾਜ਼ਰੀ 'ਤੇ ਵੀ ਰੋਕ ਲੱਗ ਰਹੀ ਹੈ। ਇਨ੍ਹਾਂ ਲਾਭਾਂ ਕਾਰਨ ਜਿਥੇ ਸਬੰਧਤ ਮੁਲਾਜ਼ਮਾਂ 'ਚ ਚੌਕਸੀ ਅਤੇ ਜਵਾਬਦੇਹੀ ਦੀ ਭਾਵਨਾ ਵਧ ਰਹੀ ਹੈ, ਉਥੇ ਹੀ ਕੁਝ ਥਾਵਾਂ 'ਤੇ ਮੁਲਾਜ਼ਮਾਂ 'ਚ ਇਸ ਨੂੰ ਲੈ ਕੇ 'ਰੋਸ' ਵੀ ਪਾਇਆ ਜਾ ਰਿਹਾ ਹੈ।
ਮਿਸਾਲ ਵਜੋਂ ਬ੍ਰਿਹਨਮੁੰਬਈ (ਬੰਬਈ) ਮਿਊਂਸੀਪਲ ਕਾਰਪੋਰੇਸ਼ਨ (ਬੀ. ਐੱਮ. ਸੀ.) ਵਲੋਂ ਲਾਗੂ ਕੀਤੀ ਗਈ ਇਸ ਪ੍ਰਣਾਲੀ ਦੇ ਵਿਰੁੱਧ ਇਸ ਦੇ ਮੁਲਾਜ਼ਮਾਂ ਵਲੋਂ ਭਾਰੀ ਨਾਰਾਜ਼ਗੀ ਪ੍ਰਗਟਾਈ ਜਾ ਰਹੀ ਹੈ। ਬੀ. ਐੱਮ. ਸੀ. ਦੇ ਸੀਨੀਅਰ ਅਧਿਕਾਰੀਆਂ ਮੁਤਾਬਕ ਇਸ ਦੀ ਵਜ੍ਹਾ ਇਹ ਹੈ ਕਿ ਹੁਣ ਉਨ੍ਹਾਂ ਲਈ ਡਿਊਟੀ 'ਤੇ ਦੇਰ ਨਾਲ ਆਉਣਾ ਤੇ ਡਿਊਟੀ ਖਤਮ ਹੋਣ ਤੋਂ ਪਹਿਲਾਂ ਛੁੱਟੀ ਕਰ ਕੇ ਜਾਣਾ ਮੁਸ਼ਕਿਲ ਹੋ ਗਿਆ ਹੈ।
ਬੀ. ਐੱਮ. ਸੀ. ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ''ਬਾਇਓਮੀਟ੍ਰਿਕ ਪ੍ਰਣਾਲੀ ਨਾਲ ਸਾਨੂੰ ਦੋਸ਼ੀ ਮੁਲਾਜ਼ਮਾਂ 'ਤੇ ਡੂੰਘਾਈ ਨਾਲ ਨਜ਼ਰ ਰੱਖਣ 'ਚ ਸਹਾਇਤਾ ਮਿਲੀ ਹੈ।'' ਹੁਣੇ ਜਿਹੇ ਇਕ ਸਰਵੇ ਤੋਂ ਪਤਾ ਲੱਗਾ ਹੈ ਕਿ ਬੀ. ਐੱਮ. ਸੀ. ਦੇ ਇਕ ਲੱਖ ਤੋਂ ਜ਼ਿਆਦਾ ਮੁਲਾਜ਼ਮਾਂ 'ਚੋਂ ਲੱਗਭਗ 30 ਹਜ਼ਾਰ ਮੁਲਾਜ਼ਮ ਆਪਣੀ ਡਿਊਟੀ 'ਤੇ ਦੇਰ ਨਾਲ ਪਹੁੰਚੇ।
ਪਿਛਲੇ ਸਾਲ ਜੋ ਪ੍ਰਣਾਲੀ ਸ਼ੁਰੂ ਹੋਈ ਸੀ, ਉਸ ਨੇ  ਬੀ. ਐੱਮ. ਸੀ. 'ਚ ਹੁਣੇ ਜਿਹੇ ਉਦੋਂ ਵੱਡਾ ਹੰਗਾਮਾ ਖੜ੍ਹਾ ਕਰ ਦਿੱਤਾ, ਜਦੋਂ 10,000 ਮੁਲਾਜ਼ਮਾਂ ਦੀਆਂ ਤਨਖਾਹਾਂ 'ਚ ਇਸ ਲਈ ਕਟੌਤੀ ਕਰ ਦਿੱਤੀ ਗਈ ਕਿਉਂਕਿ ਇਸ ਨੂੰ ਬਾਇਓਮੀਟ੍ਰਿਕ ਪ੍ਰਣਾਲੀ ਨਾਲ ਜੋੜਨ ਤੋਂ ਬਾਅਦ ਉਨ੍ਹਾਂ ਦੇ ਕੰਮ ਦੇ ਘੰਟੇ ਘੱਟ ਨਿਕਲੇ ਸਨ। ਇਸ ਵਿਰੁੱਧ ਮੁਲਾਜ਼ਮਾਂ 'ਚ ਰੋਸ ਪੈਦਾ ਹੋ ਗਿਆ ਅਤੇ ਕਈ ਨਗਰ ਨਿਗਮ ਯੂਨੀਅਨਾਂ ਨੇ ਮੁਜ਼ਾਹਰਾ ਵੀ ਕੀਤਾ।
ਉਨ੍ਹਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਦੀ ਤਨਖਾਹ 'ਚ ਕਟੌਤੀ ਕਿਉਂ ਕੀਤੀ ਗਈ। ਇਸ ਸਬੰਧ 'ਚ ਅਧਿਕਾਰੀਆਂ ਦਾ ਕਹਿਣਾ ਹੈ ਕਿ ''ਹੁਣ ਤਕ ਅਸੀਂ ਬਹੁਤ ਨਰਮ ਰਵੱਈਆ ਅਪਣਾਇਆ ਹੈ ਪਰ ਹੁਣ ਦੋਸ਼ੀ ਮੁਲਾਜ਼ਮਾਂ 'ਚ ਜਵਾਬਦੇਹੀ ਦੀ ਭਾਵਨਾ ਜਗਾਉਣ ਦਾ ਸਮਾਂ ਆ ਗਿਆ ਹੈ ਤੇ ਇਸ ਸਬੰਧ 'ਚ ਕੋਈ ਬਹਾਨੇਬਾਜ਼ੀ ਨਹੀਂ ਚੱਲੇਗੀ। ਇਸ ਨਾਲ ਸਾਨੂੰ ਕਾਫੀ ਫਾਇਦਾ ਹੋ ਰਿਹਾ ਹੈ ਅਤੇ ਪਤਾ ਲੱਗ ਰਿਹਾ ਹੈ ਕਿ ਕਿਹੜਾ ਮੁਲਾਜ਼ਮ ਦਫਤਰ ਨੂੰ ਪੂਰਾ ਸਮਾਂ ਦੇ ਰਿਹਾ ਹੈ ਅਤੇ ਕਿਹੜਾ ਨਹੀਂ।''
ਕੁਝ ਸਾਲ ਪਹਿਲਾਂ ਤਕ ਮੁਲਾਜ਼ਮਾਂ 'ਚ ਮਿਹਨਤ ਨਾਲ ਕੰਮ ਕਰਨ ਤੇ ਆਪਣਾ ਕੰਮ ਖਤਮ ਕਰ ਕੇ ਹੀ ਜਾਣ ਦਾ ਜੋ ਰੁਝਾਨ ਸੀ, ਉਹ ਹੁਣ ਖਤਮ ਹੋ ਰਿਹਾ ਹੈ ਤੇ ਸਰਕਾਰੀ ਮਹਿਕਮਿਆਂ ਦੇ ਮੁਲਾਜ਼ਮਾਂ ਦੀ ਦੇਖਾ-ਦੇਖੀ ਹੁਣ ਪ੍ਰਾਈਵੇਟ ਅਦਾਰਿਆਂ ਦੇ ਮੁਲਾਜ਼ਮਾਂ 'ਚ ਵੀ ਲੇਟ-ਲਤੀਫੀ ਅਤੇ ਸੁਸਤੀ ਦਾ ਰੁਝਾਨ ਪੈਦਾ ਹੋਣ ਲੱਗਾ ਹੈ। ਇਸ ਨੂੰ ਦੇਖਦਿਆਂ ਹੁਣ ਕਈ ਪ੍ਰਾਈਵੇਟ ਅਦਾਰਿਆਂ ਨੇ ਬਾਇਓਮੀਟ੍ਰਿਕ ਪ੍ਰਣਾਲੀ ਅਪਣਾਉਣ ਤੋਂ ਇਲਾਵਾ ਕੰਮ ਦੇ ਘੰਟਿਆਂ ਦੌਰਾਨ ਮੁਲਾਜ਼ਮਾਂ ਦੇ ਬਾਹਰ ਜਾਣ 'ਤੇ ਹੀ ਰੋਕ ਲਾ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬਾਇਓਮੀਟ੍ਰਿਕ ਹਾਜ਼ਰੀ ਪ੍ਰਣਾਲੀ ਲਾਗੂ ਕਰਵਾਉਣ ਨਾਲ ਜਿਥੇ  ਬੋਗਸ ਹਾਜ਼ਰੀ ਨਹੀਂ ਲੱਗ ਸਕੇਗੀ, ਉਥੇ ਹੀ ਇਸ ਗੱਲ ਦਾ ਵੀ ਪਤਾ ਲੱਗ ਸਕੇਗਾ ਕਿ ਕਿਸੇ ਵੀ ਮੁਲਾਜ਼ਮ ਨੇ ਦਫਤਰ ਦੇ ਅੰਦਰ ਕਿੰਨਾ ਸਮਾਂ ਬਿਤਾਇਆ ਤੇ ਕਿੰਨੀਆਂ ਛੁੱਟੀਆਂ ਦਾ ਲਾਭ ਉਠਾਇਆ।
ਇਸ ਨਾਲ ਮੁਲਾਜ਼ਮਾਂ 'ਚ ਜਵਾਬਦੇਹੀ ਦੀ ਭਾਵਨਾ ਵੀ ਪੈਦਾ ਹੋਵੇਗੀ ਤੇ ਦਫਤਰਾਂ 'ਚ ਵਰ੍ਹਿਆਂ ਤੋਂ ਧੂੜ ਫੱਕ ਰਹੀਆਂ ਫਾਈਲਾਂ ਤੇ ਪੈਂਡਿੰਗ ਪਏ ਮਾਮਲਿਆਂ ਦਾ ਵੀ ਛੇਤੀ ਨਿਪਟਾਰਾ ਹੋਣ 'ਚ ਮਦਦ ਮਿਲੇਗੀ, ਜਿਸ ਨਾਲ ਦੇਸ਼ ਦੇ ਵਿਕਾਸ 'ਚ ਤੇਜ਼ੀ ਆਵੇਗੀ। ਜਿਹੜੇ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ 'ਚ ਇਹ ਪ੍ਰਣਾਲੀ ਲਾਗੂ ਨਹੀਂ ਹੈ, ਉਥੇ ਵੀ ਇਸ ਨੂੰ ਛੇਤੀ ਲਾਗੂ ਕਰਨ ਦੀ ਲੋੜ ਹੈ।           —ਵਿਜੇ ਕੁਮਾਰ


Related News