ਯੂਨਾਨ : ਈਜੀਅਨ ਸਾਗਰ ਵਿੱਚ ਸ਼ੱਕੀ ਪ੍ਰਵਾਸੀਆਂ ਦੀ ਕਿਸ਼ਤੀ ਡੁੱਬਣ ਨਾਲ 14 ਦੀ ਮੌਤ

03/17/2018 7:26:04 PM

ਏਥੈਂਸ (ਏਪੀ)- ਯੂਨਾਨ ਦੇ ਕੋਸਟ ਗਾਰਡ ਦਸਤੇ ਨੇ ਸ਼ਨੀਵਾਰ ਨੂੰ ਕਿਹਾ ਕਿ ਪੂਰਵੀ ਏਜਿਅਨ ਸਾਗਰ ਵਿੱਚ ਕਿਸ਼ਤੀ ਡੁੱਬਣ ਤੋਂ ਬਾਅਦ ਯੂਨਾਨੀ ਟਾਪੂ ਦੇ ਸਮੁੰਦਰੀ ਕੰਢੇ ਤੋਂ 14 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਕਿਸ਼ਤੀ ਵਿੱਚ ਪ੍ਰਵਾਸੀਆਂ ਨੂੰ ਤਸਕਰੀ ਕਰਕੇ ਲਿਜਾਇਆ ਜਾ ਰਿਹਾ ਸੀ। ਕੋਸਟ ਗਾਰਡ ਦਸਤੇ ਨੇ ਦੱਸਿਆ ਕਿ ਯੂਨਾਨ ਦੇ ਅਗਾਥੋਨਿਸੀ ਟਾਪੂ ਦੇ ਸਮੁੰਦਰੀ ਕੰਢੇ ਤੋਂ ਸ਼ਨੀਵਾਰ ਸਵੇਰੇ ਚਾਰ ਬੱਚਿਆਂ, ਇੱਕ ਵਿਅਕਤੀ ਅਤੇ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਦੋ ਔਰਤਾਂ ਅਤੇ ਇੱਕ ਵਿਅਕਤੀ ਸਮੇਤ ਕੁਲ ਤਿੰਨ ਲੋਕ ਕੋਸਟ ਗਾਰਡ ਦਸਤੇ ਕੋਲ ਪੁੱਜੇ ਅਤੇ ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਸ਼ਤੀ ਡੁੱਬਣ ਬਾਰੇ ਸੂਚਨਾ ਦਿੱਤੀ। ਉਨ੍ਹਾਂ ਤਿੰਨਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਲੋਕ ਇੱਕ ਕਿਸ਼ਤੀ ਵਿੱਚ ਤਕਰੀਬਨ 21 ਲੋਕਾਂ ਸਣੇ ਸਵਾਰ ਸਨ, ਜੋ ਸਮੁੰਦਰ ਵਿਚ ਡੁੱਬ ਗਈ ਹੈ। ਕਿਸ਼ਤੀ ਦੇ ਡੁੱਬਣ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਚੱਲ ਸਕਿਆ। ਇਸ ਤੋਂ ਬਾਅਦ ਇਲਾਕੇ ਵਿੱਚ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਇਸ ਵਿੱਚ ਤਿੰਨ ਜਹਾਜ਼, ਯੂਨਾਨੀ ਸਮੁੰਦਰੀ ਫੌਜ ਅਤੇ ਕੋਸਟ ਗਾਰਡ ਦਸਤੇ ਦੇ ਬੇੜੇ ਸ਼ਾਮਲ ਹਨ। ਇਸ ਤੋਂ ਇਲਾਵਾ ਯੂਰਪੀ ਸਰਹੱਦੀ ਏਜੰਸੀ ਫਰੰਟੇਕਸ ਦਾ ਬੇੜਾ ਅਤੇ ਹੋਰ ਨਿਜੀ ਕਿਸ਼ਤੀਆਂ ਵੀ ਸ਼ਾਮਿਲ ਹਨ।


Related News