ਬਾਗਬਾਨੀ ਦੇ ਖੇਤਰ ''ਚ ਬਲਵਿੰਦਰ ਸਿੰਘ ਨੇ ਕਾਇਮ ਕੀਤੀ ਵੱਖਰੀ ਪਛਾਣ

03/16/2018 11:57:02 AM


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਪੰਜਾਬ ਸਰਕਾਰ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਹੋਰ ਕਈ ਧੰਦਿਆਂ ਦੇ ਬਾਰੇ ਜਾਗਰੂਕ ਕਰ ਰਹੀ ਹੈ। ਅਜਿਹਾ ਕਰਕੇ ਉਹ ਪੰਜਾਬ 'ਚ ਹੋ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ 'ਤੇ ਰੋਕ ਲਾਉਣਾ ਚਾਹੁੰਦੀ ਹੈ। ਜਾਣਕਾਰੀ ਮਿਲੀ ਹੈ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੁਖਨਾ ਅਬਲੂ ਦਾ ਕਿਸਾਨ ਬਲਵਿੰਦਰ ਸਿੰਘ ਬਾਗਬਾਨੀ ਦੇ ਖੇਤਰ 'ਚ ਆਪਣੀ ਵਿਲੱਖਣ ਕਹਾਣੀ ਲਿਖ ਰਿਹਾ ਹੈ, ਜੋ ਬਾਕੀ ਕਿਸਾਨਾਂ ਲਈ ਇਕ ਮਿਸਾਲ ਸਾਬਤ ਹੋ ਰਿਹਾ ਹੈ। ਉਹ ਸਾਲ 2011 'ਚ ਮਿਰਚ ਦੀ ਪੈਦਾਵਾਰ ਕਰਕੇ ਖੇਤੀਬਾੜੀ 'ਚ ਬਦਲਾਅ ਲਿਆਉਣ ਦਾ ਰਾਸਤਾ ਅਪਣਾ ਰਿਹਾ ਹੈ। ਉਹ ਮਿਰਚਾਂ ਦੀ ਕਾਸ਼ਤ ਤੋਂ ਇਲਾਵਾ ਖਰਬੂਜ਼ਾ, ਸਟ੍ਰਾਅਬੇਰੀ ਅਤੇ ਹੋਰ ਕਈ ਸਬਜ਼ੀਆਂ ਤੋਂ ਇਲਾਵਾ ਗੰਨੇ ਦੀ ਕਾਸ਼ਤ ਵੀ ਕਰ ਰਿਹਾ ਹੈ। 
ਇਸ ਮੌਕੇ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਇਕ ਹੀ ਫਸਲ ਦੀ ਵਾਰ-ਵਾਰ ਕਾਸ਼ਤ ਹੋਣ 'ਤੇ ਜਿੱਥੇ ਵਾਤਾਵਰਨ 'ਤੇ ਬੁਰੇ ਪ੍ਰਭਾਵ ਪੈਂਦੇ ਹਨ, ਉਥੇ ਹੀ ਜੇਕਰ ਇਕ ਫਸਲ ਖਰਾਬ ਹੋ ਜਾਵੇ ਤਾਂ ਕਿਸਾਨਾਂ ਦੀ ਆਰਥਿਕਤਾ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਇਸ ਲਈ ਸਾਨੂੰ ਪੁਰਾਣੇ ਤਰੀਕਿਆਂ ਨਾਲ ਬਹੁ ਫਸਲੀ ਖੇਤੀ ਕਰਨੀ ਚਾਹੀਦੀ ਹੈ। ਇਸੇ ਸੋਚ ਨਾਲ ਬਲਵਿੰਦਰ ਸਿੰਘ ਨੇ 3 ਏਕੜ 'ਚ ਮਿਰਚਾਂ ਦੀ ਖੇਤੀ ਦੇ ਨਾਲ-ਨਾਲ ਹੁਣ ਪਿਛਲੇ 2 ਸਾਲਾਂ ਤੋਂ ਸਟ੍ਰਾਅਬੇਰੀ ਅਤੇ ਖਰਬੂਜ਼ੇ ਦੀ ਖੇਤੀ ਕਰ ਰਿਹਾ ਹੈ। ਇਸ ਤੋਂ ਬਿਨ੍ਹਾਂ ਉਸ ਨੇ ਇਕ ਏਕੜ 'ਚ ਗੰਨਾ ਅਤੇ 4 ਕਨਾਲ 'ਚ ਹੋਰ ਵੀ ਕਈ ਸਬਜ਼ੀਆਂ ਉਗਾਇਆ ਹੋਈਆ ਹਨ। ਉਹ ਇਨ੍ਹਾਂ ਦੀ ਵਿਕਰੀ ਕਰਨ ਲਈ ਬਠਿੰਡਾ, ਮੁਕਤਸਰ, ਮਲੋਟ ਅਤੇ ਅਬੋਹਰ ਦੀਆਂ ਮੰਡੀਆਂ 'ਚ ਭੇਜਦਾ ਹੈ। ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਸਟ੍ਰਾਅਬੇਰੀ ਦੀ ਫਸਲ ਨਾਲ ਉਸ ਨੂੰ ਹਰ ਮਹੀਨੇ ਤਕਰੀਬਨ 2 ਲੱਖ ਰੁਪਏ ਦੀ ਆਮਦਨ ਹੁੰਦੀ ਹੈ।


Related News