ਉਪ-ਚੋਣਾਂ ''ਚ ਹਾਰ ਤੋਂ ਬਾਅਦ ਭਾਜਪਾ ਤੇ ਇਸ ਦੀਆਂ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਦੇ ਚਿਤਾਵਨੀ ਭਰੇ ਬਿਆਨ

03/16/2018 7:38:40 AM

ਯੂ. ਪੀ. ਵਿਚ ਗੋਰਖਪੁਰ ਅਤੇ ਫੂਲਪੁਰ ਦੀਆਂ ਹਾਈ-ਪ੍ਰੋਫਾਈਲ ਸੀਟਾਂ 'ਤੇ ਉਪ-ਚੋਣਾਂ ਵਿਚ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੱਡਾ ਝਟਕਾ ਲੱਗਾ ਅਤੇ ਭਾਜਪਾ ਦੀ ਅਣਕਿਆਸੀ ਹਾਰ ਨਾਲ ਪਾਰਟੀ ਵਿਚ ਤਰਥੱਲੀ ਮਚ ਗਈ ਹੈ।  ਜਿੱਥੇ ਭਾਜਪਾ ਲੀਡਰਸ਼ਿਪ ਇਸ ਹਾਰ ਦੇ ਕਾਰਨ ਲੱਭਣ ਵਿਚ ਜੁਟ ਗਈ ਹੈ, ਉਥੇ ਹੀ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਅਤੇ ਭਾਜਪਾ ਦੇ ਸੀਨੀਅਰ ਆਗੂਆਂ ਵਲੋਂ ਇਸ ਸੰਬੰਧ ਵਿਚ ਦਿੱਤੇ ਗਏ ਬਿਆਨਾਂ ਤੋਂ ਸਪੱਸ਼ਟ ਹੈ ਕਿ ਸਥਿਤੀ ਕਿੰਨੀ ਗੰਭੀਰ ਹੋ ਗਈ ਹੈ। ਸ਼ਿਵ ਸੈਨਾ ਨੇ ਕਿਹਾ ਹੈ ਕਿ ''ਲੋਕਾਂ ਨੂੰ ਹੁਣ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਅਤੇ 2019 ਦੀਆਂ ਚੋਣਾਂ ਵਿਚ ਭਾਜਪਾ ਤੇ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਵਿਚ ਪੱਕੀ ਤਬਦੀਲੀ ਹੋਵੇਗੀ।'' ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਮੁਖੀ ਰਾਮਵਿਲਾਸ ਪਾਸਵਾਨ ਅਨੁਸਾਰ, ''ਭਾਜਪਾ ਨੇ 'ਸਬ ਕਾ ਸਾਥ ਸਬ ਕਾ ਵਿਕਾਸ' ਦਾ ਨਾਅਰਾ ਦਿੱਤਾ ਸੀ, ਜਿਸ 'ਤੇ ਉਸ ਨੂੰ ਕਾਇਮ ਰਹਿਣਾ ਪਵੇਗਾ, ਸਮਾਜ ਦੇ ਹਰ ਵਰਗ ਵਿਚ ਭਰੋਸਾ ਪੈਦਾ ਕਰਨਾ ਪਵੇਗਾ। ਰਾਜਗ ਲਈ ਇਹ ਨਵੀਂ ਰਣਨੀਤੀ ਤੈਅ ਕਰਨ ਦਾ ਮੌਕਾ ਹੈ।''
ਸਾਬਕਾ ਕੇਂਦਰੀ ਮੰਤਰੀ ਸੁਬਰਾਮਣੀਅਮ ਸਵਾਮੀ ਨੇ ਯੋਗੀ ਆਦਿੱਤਿਆਨਾਥ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ''ਜੋ ਨੇਤਾ ਆਪਣੀ ਸੀਟ 'ਤੇ ਚੋਣ ਨਾ ਜਿਤਾ ਸਕਣ, ਉਨ੍ਹਾਂ ਨੂੰ ਵੱਡਾ ਅਹੁਦਾ ਦੇਣਾ ਲੋਕਤੰਤਰ ਵਿਚ ਖ਼ੁਦਕੁਸ਼ੀ ਕਰਨ ਵਾਂਗ ਹੈ। ਲੋਕਾਂ ਵਿਚ ਜੋ ਹਰਮਨਪਿਆਰੇ ਹਨ, ਉਹ ਕਿਸੇ ਅਹੁਦੇ 'ਤੇ ਨਹੀਂ ਹਨ ਅਤੇ ਇਹ ਸਭ ਗੱਲਾਂ ਠੀਕ ਕਰਨ ਲਈ ਅਜੇ ਵੀ ਸਮਾਂ ਹੈ।''
ਪੂਰਵਾਂਚਲ ਦੇ ਕੱਦਾਵਰ ਭਾਜਪਾ ਆਗੂ ਤੇ ਆਜ਼ਮਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਰਮਾਕਾਂਤ ਯਾਦਵ ਅਨੁਸਾਰ, ''ਪੱਛੜੇ ਦਲਿਤਾਂ ਨੂੰ ਉਨ੍ਹਾਂ ਦਾ ਅਧਿਕਾਰ ਤੇ ਸਨਮਾਨ ਮਿਲਣਾ ਚਾਹੀਦਾ ਹੈ, ਜੋ ਯੋਗੀ ਨਹੀਂ ਦੇ ਰਹੇ। ਉਹ ਸਿਰਫ ਇਕ ਜਾਤ ਤਕ ਹੀ ਸੀਮਤ ਹਨ।''
''ਸੂਬੇ ਵਿਚ ਸੀ. ਐੱਮ. ਬਣਿਆ ਤਾਂ ਲੱਗਾ ਕਿ ਹੁਣ ਸਭ ਦੀ ਚਿੰਤਾ ਕੀਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਜਿਸ ਤਰ੍ਹਾਂ ਪੂਜਾ-ਪਾਠ ਕਰਨ ਵਾਲੇ ਨੂੰ ਮੁੱਖ ਮੰਤਰੀ ਬਣਾ ਦਿੱਤਾ ਗਿਆ, ਸਰਕਾਰ ਚਲਾਉਣਾ ਉਸ ਦੇ ਵੱਸ ਦੀ ਗੱਲ ਨਹੀਂ। ਜਦੋਂ ਸਰਕਾਰ ਬਣੀ ਸੀ, ਉਦੋਂ ਸੋਚਿਆ ਗਿਆ ਸੀ ਕਿ ਉਹ ਸਾਰਿਆਂ ਨੂੰ ਮਿਲਾ ਕੇ ਚੱਲਣਗੇ ਪਰ ਅਜਿਹਾ ਨਹੀਂ ਹੋਇਆ।''
''ਪੱਛੜਿਆਂ ਤੇ ਦਲਿਤਾਂ ਦੇ ਰਾਖਵੇਂਕਰਨ ਨਾਲ ਛੇੜਖਾਨੀ ਅਤੇ ਉਨ੍ਹਾਂ ਦੀ ਅਣਦੇਖੀ ਕਾਰਨ ਭਾਜਪਾ ਹਾਰੀ। ਜੇ ਪਾਰਟੀ ਸਮਾਂ ਰਹਿੰਦਿਆਂ ਨਾ ਸੰਭਲੀ ਤਾਂ 2019 ਵਿਚ ਵੀ ਬੁਰੀ ਤਰ੍ਹਾਂ ਹਾਰੇਗੀ। ਸਭ ਨੂੰ ਨਾਲ ਲੈ ਕੇ ਚੱਲਣ ਨਾਲ ਹੀ ਇਸ ਦੀ ਪੂਰਤੀ ਕੀਤੀ ਜਾ ਸਕੇਗੀ।''
ਪਟਨਾ ਦੇ ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਵੀ ਕਿਹਾ ਕਿ ''ਹੰਕਾਰ, ਗੁੱਸਾ ਅਤੇ ਵਧੇਰੇ ਆਤਮਵਿਸ਼ਵਾਸ ਲੋਕਤੰਤਰਿਕ ਸਿਆਸਤ ਦੇ ਸਭ ਤੋਂ ਵੱਡੇ ਦੁਸ਼ਮਣ ਹਨ। ਚਾਹੇ ਇਹ 'ਮਿੱਤਰੋ' ਵਲੋਂ ਆਉਣ ਜਾਂ ਵਿਰੋਧੀ ਧਿਰ ਵਲੋਂ ਜਾਂ ਟਰੰਪ ਵਲੋਂ।''
ਸ਼ਤਰੂਘਨ ਸਿਨ੍ਹਾ ਨੇ ਆਪਣੇ ਟਵੀਟ ਵਿਚ 'ਮਿੱਤਰੋ' ਦਾ ਜ਼ਿਕਰ ਕਰਦਿਆਂ ਸਪੱਸ਼ਟ ਤੌਰ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਅੰਗ ਕੀਤਾ ਕਿ ''ਸਰ, ਇਹ ਨਤੀਜੇ ਭਵਿੱਖ ਬਾਰੇ ਵੀ ਦੱਸਦੇ ਹਨ, ਜਿਨ੍ਹਾਂ ਨੂੰ ਹਲਕੇ ਤੌਰ 'ਤੇ ਨਹੀਂ ਲਿਆ ਜਾ ਸਕਦਾ।''
''ਇਹ ਇਸ ਗੱਲ ਦਾ ਸੰਕੇਤ ਹਨ ਕਿ ਅਗਾਂਹ ਮੁਸ਼ਕਿਲ ਸਮਾਂ ਹੈ, ਇਸ ਲਈ ਸੀਟ ਬੈਲਟ ਬੰਨ੍ਹਣੀ ਪਵੇਗੀ। ਉਮੀਦ ਹੈ ਕਿ ਭਵਿੱਖ ਵਿਚ ਅਸੀਂ ਇਸ ਸੰਕਟ ਨਾਲ ਨਜਿੱਠ ਸਕਾਂਗੇ।''
ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗੜਾ ਸੰਸਦੀ ਹਲਕੇ ਤੋਂ ਐੱਮ. ਪੀ. ਸ਼ਾਂਤਾ ਕੁਮਾਰ ਅਨੁਸਾਰ, ''ਇਹ ਭਾਜਪਾ ਲਈ ਇਕ ਚਿਤਾਵਨੀ ਹੈ ਅਤੇ ਪਾਰਟੀ ਨੂੰ ਇਸ ਹਾਰ ਦੇ ਸੰਬੰਧ ਵਿਚ ਸਵੈ-ਨਿਰੀਖਣ ਕਰਨਾ ਚਾਹੀਦਾ ਹੈ।''
ਉਕਤ ਆਲੋਚਨਾਤਮਕ ਟਿੱਪਣੀਆਂ ਦਾ ਨੋਟਿਸ ਲੈ ਕੇ ਇਸ 'ਤੇ ਭਾਜਪਾ ਲੀਡਰਸ਼ਿਪ ਨੂੰ ਸਵੈ-ਮੰਥਨ ਕਰਨ ਅਤੇ ਇਸ ਦੇ ਨਾਲ ਹੀ ਖ਼ੁਦ ਤੋਂ ਦੂਰ ਜਾ ਰਹੀਆਂ ਸਹਿਯੋਗੀ ਪਾਰਟੀਆਂ ਦੀ ਨਾਰਾਜ਼ਗੀ 'ਤੇ ਵੀ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ। 
ਸ਼ਾਇਦ ਇਸੇ ਨੂੰ ਮਹਿਸੂਸ ਕਰ ਕੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੁਝ ਸਮਾਂ ਪਹਿਲਾਂ ਇਹ ਕਹਿ ਦਿੱਤਾ ਸੀ ਕਿ ਚੋਣਾਂ 2018 ਵਿਚ ਨਹੀਂ, ਸਗੋਂ ਅਗਾਊਂ ਮਿੱਥੇ ਪ੍ਰੋਗਰਾਮ ਮੁਤਾਬਿਕ 2019 ਵਿਚ ਹੀ ਕਰਵਾਈਆਂ ਜਾਣਗੀਆਂ। ਇਹ ਵੀ ਜ਼ਿਕਰਯੋਗ ਹੈ ਕਿ ਭਾਜਪਾ ਦੀਆਂ ਅੱਧਾ ਦਰਜਨ ਤੋਂ ਜ਼ਿਆਦਾ ਸਹਿਯੋਗੀ ਪਾਰਟੀਆਂ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਇਸ ਦੀ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੀਆਂ ਹਨ, ਜਿਨ੍ਹਾਂ ਵਿਚ ਤੇਲਗੂਦੇਸ਼ਮ ਪਾਰਟੀ, ਸ਼ਿਵ ਸੈਨਾ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਰਾਸ਼ਟਰੀ ਲੋਕ ਸਮਤਾ ਪਾਰਟੀ ਤੇ ਜਨਤਾ ਦਲ (ਯੂ) ਸ਼ਾਮਿਲ ਹਨ। 
ਇਸ ਲਈ ਇਸ ਤੋਂ ਪਹਿਲਾਂ ਕਿ ਪਾਰਟੀ ਨੂੰ ਹੋਰ ਨੁਕਸਾਨ ਪੁੱਜੇ, ਭਾਜਪਾ ਲੀਡਰਸ਼ਿਪ ਲਈ ਪਾਰਟੀ ਤੇ ਸੰਗਠਨ 'ਚ ਉੱਠ ਰਹੇ ਵਿਰੋਧੀ ਸੁਰਾਂ ਨੂੰ ਸੁਣਨਾ ਅਤੇ ਆਪਣੇ ਅੰਦਰ ਘਰ ਕਰ ਚੁੱਕੀਆਂ ਕਮਜ਼ੋਰੀਆਂ ਨੂੰ ਦੂਰ ਕਰਨਾ ਹੀ ਸਮੇਂ ਦੀ ਮੰਗ ਹੈ।  
—ਵਿਜੇ ਕੁਮਾਰ


Vijay Kumar Chopra

Chief Editor

Related News