ਸ਼੍ਰੀਨਗਰ ਸੈਂਟਰਲ ਜੇਲ ''ਚ ਛਾਪਾ ''ਦੇਰ ਨਾਲ ਚੁੱਕਿਆ ਗਿਆ ਸਹੀ ਕਦਮ''

03/15/2018 7:41:07 AM

ਦੇਸ਼ ਦੀਆਂ ਕੁਝ ਜੇਲਾਂ ਅਪਰਾਧੀਆਂ ਲਈ ਸੁਧਾਰ ਘਰ ਦੀ ਬਜਾਏ ਵਿਗਾੜ ਘਰ ਅਤੇ ਅੱਤਵਾਦੀਆਂ ਤੇ ਹੋਰਨਾਂ ਅਪਰਾਧੀ ਅਨਸਰਾਂ ਵਲੋਂ ਆਪਣੀਆਂ ਨਾਜਾਇਜ਼ ਸਰਗਰਮੀਆਂ ਚਲਾਉਣ ਦਾ ਅੱਡਾ ਬਣ ਕੇ ਰਹਿ ਗਈਆਂ ਹਨ। ਇਨ੍ਹੀਂ ਦਿਨੀਂ ਸ਼੍ਰੀਨਗਰ ਦੀ ਸੈਂਟਰਲ ਜੇਲ ਚਰਚਾ 'ਚ ਹੈ, ਜਿਥੇ ਬੰਦ ਕਈ ਹਾਈ-ਪ੍ਰੋਫਾਈਲ ਅੱਤਵਾਦੀਆਂ ਨੇ ਇਕ ਸਮਾਨਾਂਤਰ ਪ੍ਰਸ਼ਾਸਨਿਕ ਢਾਂਚਾ ਖੜ੍ਹਾ ਕੀਤਾ ਹੋਇਆ ਹੈ। ਇਸ ਹਾਈ ਸਕਿਓਰਿਟੀ ਜੇਲ 'ਚ ਕੁਝ ਪਾਕਿਸਤਾਨੀ ਅੱਤਵਾਦੀਆਂ ਸਮੇਤ ਕੁਝ ਬਹੁਤ ਜ਼ਿਆਦਾ ਖਤਰਨਾਕ ਤੇ ਲੋੜੀਂਦੇ ਕੈਦੀ ਬੰਦ ਹਨ।
ਚਰਚਾ ਹੈ ਕਿ 6 ਫਰਵਰੀ ਨੂੰ ਸ਼੍ਰੀਨਗਰ ਦੇ ਇਕ ਹਸਪਤਾਲ 'ਚੋਂ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਨਵੀਦ ਜੱਟ ਦੀ ਫਰਾਰੀ ਦੀ ਸਾਜ਼ਿਸ਼ ਇਸੇ ਜੇਲ 'ਚ ਰਚੀ ਗਈ ਸੀ। ਇਸ ਦਾ ਜ਼ਿਕਰ ਅਸੀਂ 2 ਮਾਰਚ ਦੇ ਸੰਪਾਦਕੀ 'ਸ਼੍ਰੀਨਗਰ ਜੇਲ 'ਚੋਂ ਅੱਤਵਾਦੀਆਂ ਦੇ ਤਬਾਦਲੇ 'ਤੇ ਵੱਖਵਾਦੀਆਂ ਦੇ ਢਿੱਡ 'ਚ ਮਰੋੜ' ਵਿਚ ਕਰਦਿਆਂ ਲਿਖਿਆ ਸੀ ਕਿ ''ਇਥੇ ਜੇਹਾਦ 'ਤੇ ਲੈਕਚਰ ਦਿੱਤੇ ਜਾਂਦੇ ਹਨ ਤੇ ਧਰਮ ਦੇ ਮੂਲ ਸਿਧਾਂਤਾਂ ਨੂੰ ਇਕ ਪਾਸੇ ਰੱਖ ਕੇ ਕੱਟੜਵਾਦ ਦੇ ਪਹਿਲੂਆਂ 'ਤੇ ਜ਼ੋਰ ਦਿੱਤਾ ਜਾਂਦਾ ਹੈ।'' ਬੀਤੀ 12 ਮਾਰਚ ਨੂੰ ਐੱਨ. ਆਈ. ਏ. ਨੇ ਐੱਨ. ਐੱਸ. ਜੀ. ਦੇ ਕਮਾਂਡੋਜ਼ ਤੇ ਡਰੋਨ ਨਾਲ ਉਕਤ ਜੇਲ 'ਚ ਛਾਪਾ ਮਾਰ ਕੇ ਕਈ ਇਤਰਾਜ਼ਯੋਗ ਚੀਜ਼ਾਂ ਜ਼ਬਤ ਕੀਤੀਆਂ। ਇਹ ਤਲਾਸ਼ੀ ਕੁਪਵਾੜਾ 'ਚ 2 ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਅਮਲ 'ਚ ਲਿਆਂਦੀ ਗਈ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਅੱਤਵਾਦੀ ਸੰਗਠਨ 'ਅਲਬਦਰ' ਦੇ ਨਵੇਂ ਰੰਗਰੂਟਾਂ ਨੂੰ ਉਕਤ ਜੇਲ 'ਚ ਰਚੀ ਜਾ ਰਹੀ ਸਾਜ਼ਿਸ਼ ਨੂੰ ਬਲ ਪ੍ਰਦਾਨ ਕਰਨ ਲਈ ਹਥਿਆਰਾਂ ਦੀ ਸਿਖਲਾਈ ਲੈਣ ਵਾਸਤੇ ਸਰਹੱਦ ਪਾਰ ਭੇਜਿਆ ਜਾ ਰਿਹਾ ਹੈ। ਇਸ ਤਲਾਸ਼ੀ 'ਚ ਹਿਜ਼ਬੁਲ ਮੁਜਾਹਿਦੀਨ ਦੇ ਇਕ ਪੋਸਟਰ, ਇਕ ਪਾਕਿਸਤਾਨੀ ਝੰਡੇ ਅਤੇ ਜੇਹਾਦੀ ਲਿਟਰੇਚਰ ਤੋਂ ਇਲਾਵਾ 25 ਮੋਬਾਇਲ ਫੋਨ, ਕੁਝ ਸਿਮ ਕਾਰਡ, 5 ਪੈਨ ਡਰਾਈਵ, 5 ਸਕਿਓਰ ਡਿਜੀਟਲ ਕਾਰਡ, 1 ਆਈ ਪੋਡ ਅਤੇ ਵੱਡੀ ਗਿਣਤੀ 'ਚ ਦਸਤਾਵੇਜ਼ ਤੇ ਲੇਖ ਵਗੈਰਾ ਜ਼ਬਤ ਕੀਤੇ ਗਏ।
ਮਾੜੇ ਪ੍ਰਬੰਧਾਂ ਦੀ ਸ਼ਿਕਾਰ ਸ਼੍ਰੀਨਗਰ ਸੈਂਟਰਲ ਜੇਲ 'ਚ ਛਾਪੇਮਾਰੀ ਦੀ ਕਾਰਵਾਈ ਬਿਲਕੁਲ ਜਾਇਜ਼ ਹੈ, ਜੋ ਪਹਿਲਾਂ ਕੀਤੀ ਜਾਣੀ ਚਾਹੀਦੀ ਸੀ। ਫਿਲਹਾਲ ਹੁਣ ਜਦੋਂ ਇਹ ਸਿਲਸਿਲਾ ਸ਼ੁਰੂ ਕਰ ਹੀ ਦਿੱਤਾ ਗਿਆ ਹੈ ਤਾਂ ਇਸ ਨੂੰ ਲਗਾਤਾਰ ਜਾਰੀ ਰੱਖਣ ਅਤੇ ਤੇਜ਼ ਕਰਨ ਦੀ ਲੋੜ ਹੈ ਤਾਂ ਕਿ ਉਥੇ ਦੇਸ਼ ਅਤੇ ਸਮਾਜ ਵਿਰੋਧੀ ਸਰਗਰਮੀਆਂ ਨੂੰ ਰੋਕਿਆ ਜਾ ਸਕੇ।                                               —ਵਿਜੇ ਕੁਮਾਰ


Vijay Kumar Chopra

Chief Editor

Related News