ਮੱਛੀ ਪਾਲਣ ਕਿੱਤੇ ''ਚ ਇਕ ਹੈਕਟੇਅਰ ''ਚੋਂ ਕਮਾ ਰਿਹੈ 3 ਲੱਖ 12 ਹਜ਼ਾਰ ਰੁਪਏ

03/15/2018 7:40:53 AM

ਮੋਹਾਲੀ  (ਨਿਆਮੀਆਂ) - ਮੋਹਾਲੀ ਜ਼ਿਲੇ ਵਿਚ 1350 ਏਕੜ ਰਕਬਾ ਮੱਛੀ ਪਾਲਣ ਅਧੀਨ ਹੈ ਅਤੇ ਸ਼ਿਵਾਲਿਕ ਦੀਆਂ ਪਹਾੜੀਆਂ ਸਥਿਤ ਮਿਰਜ਼ਾਪੁਰ, ਸੀਸਵਾਂ, ਜੈਅੰਤੀ ਅਤੇ ਪੜਛ ਡੈਮ ਪੰਜ ਸਾਲ ਲਈ ਮੱਛੀ ਪਾਲਣ ਵਿਭਾਗ ਨੇ ਲੀਜ਼ 'ਤੇ ਦਿੱਤੇ ਹੋਏ ਹਨ, ਜਿਸ ਤੋਂ ਸਰਕਾਰ ਨੂੰ 56 ਲੱਖ 90 ਹਜ਼ਾਰ ਰੁਪਏ ਦੀ ਆਮਦਨ ਹੋਈ ਹੈ।  ਸੀਨੀਅਰ ਮੱਛੀ ਪਾਲਣ ਅਫਸਰ ਮੋਹਾਲੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗ ਵਲੋਂ ਮੱਛੀ ਪਾਲਣ ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਜ਼ਿਲਾ ਪੱਧਰ 'ਤੇ ਕਿਸਾਨਾਂ ਨੂੰ ਮੱਛੀ ਪਾਲਣ ਲਈ ਹਰ ਮਹੀਨੇ ਪੰਜ ਦਿਨਾਂ ਦਾ ਸਿਖਲਾਈ ਕੈਂਪ ਲਾ ਕੇ ਮੁਫਤ ਸਿਖਲਾਈ ਦੇ ਨਾਲ-ਨਾਲ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਂਦੀ ਹੈ।  ਗਿੱਲ ਨੇ ਦੱਸਿਆ ਕਿ ਮੱਛੀ ਪਾਲਣ ਵਿਭਾਗ ਵਲੋਂ ਆਰ. ਕੇ. ਵੀ. ਵਾਈ. ਸਕੀਮ ਤਹਿਤ 50 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਵਿਭਾਗ ਮੱਛੀ ਪਾਲਕਾਂ ਨੂੰ ਛੱਪੜਾਂ ਦੀ ਪੁਟਾਈ ਤੋਂ ਲੈ ਕੇ ਪਾਲਣਯੋਗ ਮੱਛੀਆਂ ਦੀਆਂ ਕਿਸਮਾਂ, ਉਨ੍ਹਾਂ ਦੀ ਸਾਂਭ-ਸੰਭਾਲ, ਮੰਡੀਕਰਨ, ਬੈਂਕਾਂ ਤੋਂ ਕਰਜ਼ੇ ਤੇ ਕਰਜ਼ੇ 'ਤੇ ਮਿਲਣ ਵਾਲੀ ਸਬਸਿਡੀ ਮੁਹੱਈਆ ਕਰਵਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਸੇਖਣ ਮਾਜਰਾ ਦਾ ਅਗਾਂਹਵਧੂ ਕਿਸਾਨ ਰਾਜ ਕਪੂਰ ਹੋਰਨਾਂ ਕਿਸਾਨਾਂ ਲਈ ਪ੍ਰੇਰਨਾਸ੍ਰੋਤ ਬਣਿਆ ਹੋਇਆ ਹੈ। 2014 ਵਿਚ ਉਸ ਨੇ ਮੱਛੀ ਪਾਲਣ ਵਿਭਾਗ ਨਾਲ ਤਾਲਮੇਲ ਕਰ ਕੇ ਪੰਜ ਰੋਜ਼ਾ ਸਿਖਲਾਈ ਕਰਨ ਉਪਰੰਤ 2.4 ਹੈਕਟੇਅਰ ਰਕਬੇ ਵਿਚ ਮੱਛੀ ਪਾਲਣ ਦਾ ਧੰਦਾ ਸ਼ੁਰੂ ਕੀਤਾ ਤੇ ਉਹ ਹੁਣ 3 ਲੱਖ 12 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਸਾਲਾਨਾ ਮੁਨਾਫਾ ਕਮਾ ਰਿਹਾ ਹੈ। ਵਿਭਾਗ ਵਲੋਂ ਉਸ ਨੂੰ ਆਰ. ਕੇ. ਵੀ. ਵਾਈ. ਸਕੀਮ ਤਹਿਤ 4 ਲੱਖ 47 ਹਜ਼ਾਰ 500 ਰੁਪਏ ਦੀ ਸਬਸਿਡੀ ਵੀ ਦਿੱਤੀ ਗਈ। ਹੁਣ ਉਸ ਨੇ ਧੰਦੇ ਨੂੰ ਜ਼ਿਲੇ ਵਿਚ ਪ੍ਰਫੁੱਲਿਤ ਕਰਨ ਲਈ 2.4 ਹੈਕਟੇਅਰ ਰਕਬੇ ਵਿਚ ਇਕ ਕਰੋੜ ਸਾਲਾਨਾ ਮੱਛੀ ਪੂੰਗ ਸਮਰੱਥਾ ਵਾਲੀ ਹੈਚਰੀ ਵੀ ਸਥਾਪਿਤ ਕੀਤੀ ਹੈ ਤੇ ਉਸ ਦੀ ਹੈਚਰੀ ਕਾਮਨਕਾਰਪ ਮੱਛੀ ਦਾ ਪੂੰਗ ਸਪਲਾਈ ਕਰਨ ਲਈ ਤਿਆਰ ਹੈ।


Related News