ਫਾਈਨਲ ''ਚ ਭਾਰਤ ਦੀ ਜਗ੍ਹਾ ਪੱਕੀ!

ਕੋਲੰਬੋ— ਮੇਜ਼ਬਾਨ ਸ਼੍ਰੀਲੰਕਾ ਨੂੰ ਪਿਛਲੇ ਮੁਕਾਬਲੇ ਵਿਚ ਆਸਾਨੀ ਨਾਲ ਹਰਾਉਣ ਤੋਂ ਬਾਅਦ ਸੁੱਖਦਾਈ ਸਥਿਤੀ ਵਿਚ ਦਿਖਾਈ ਦੇ ਰਹੀ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਬੰਗਲਾਦੇਸ਼ ਵਿੱਰੁਧ ਆਪਣੇ ਆਖਰੀ ਗਰੁੱਪ-ਗੇੜ ਮੁਕਾਬਲੇ ਵਿਚ ਜਿੱਤ ਦੇ ਨਾਲ ਨਿਦਹਾਸ ਤਿਕੋਣੀ ਟੀ-20 ਸੀਰੀਜ਼ ਦੇ ਫਾਈਨਲ 'ਚ ਜਗ੍ਹਾ ਪੱਕੀ ਕਰਨ ਉਤਰੇਗੀ।
ਸੀਰੀਜ਼ ਵਿਚ ਜੇਕਰ ਮੌਜੂਦਾ ਸਥਿਤੀ ਨੂੰ ਦੇਖਿਆ ਜਾਵੇ ਤਾਂ ਭਾਰਤ ਨੇ ਆਪਣੇ ਤਿੰਨ ਮੈਚਾਂ 'ਚੋਂ ਦੋ ਜਿੱਤੇ ਹਨ ਤੇ ਉਹ ਚਾਰ ਅੰਕਾਂ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਹੈ, ਜਦਕਿ ਮੇਜ਼ਬਾਨ ਟੀਮ ਸ਼੍ਰੀਲੰਕਾ ਨੇ ਤਿੰਨ ਮੈਚਾਂ ਵਿਚੋਂ ਇਕ ਜਿੱਤਿਆ ਹੈ ਤੇ ਦੋ ਹਾਰੇ ਹਨ ਅਤੇ ਬੰਗਲਾਦੇਸ਼ ਨੇ ਦੋ ਮੈਚ ਖੇਡੇ ਹਨ, ਜਿਨ੍ਹਾਂ'ਚ ਇਕ ਜਿੱਤ ਤੇ ਇਕ ਹਾਰ ਤੋਂ ਬਾਅਦ ਉਹ ਦੋ ਅੰਕਾਂ ਨਾਲ ਤੀਜੇ ਨੰਬਰ 'ਤੇ ਹੈ।
ਮੌਜੂਦਾ ਸਥਿਤੀ ਵਿਚ ਭਾਰਤ ਲਈ ਆਪਣਾ ਫਾਈਨਲ 'ਚ ਸਥਾਨ ਪੱਕਾ ਕਰਨ ਲਈ ਬੰਗਲਾਦੇਸ਼ 'ਤੇ ਜਿੱਤ ਦਰਜ ਕਰਨਾ ਕਾਫੀ ਅਹਿਮ ਹੋਵੇਗਾ ਕਿਉਂਕਿ ਜੇਕਰ ਇਸ ਮੈਚ ਵਿਚ ਬੰਗਲਾਦੇਸ਼ ਜਿੱਤ ਦਰਜ ਕਰ ਲੈਂਦਾ ਹੈ ਤਾਂ ਅਗਲੇ ਮੈਚ ਵਿਚ ਸ਼੍ਰੀਲੰਕਾਈ ਟੀਮ ਵੀ ਆਪਣਾ ਆਖਰੀ ਮੈਚ ਬੰਗਲਾਦੇਸ਼ ਤੋਂ ਜਿੱਤ ਜਾਂਦੀ ਹੈ ਤਾਂ ਨੈੱਟ ਰਨ ਰੇਟ ਦੀ ਫਾਈਨਲ ਟੀਮਾਂ ਤੈਅ ਕਰਨ 'ਚ ਅਹਿਮ ਭੂਮਿਕਾ ਰਹੇਗੀ। ਅਜਿਹੀ  ਸਥਿਤੀ ਵਿਚ ਪੇਚੀਦਾ ਸਮੀਕਰਣਾਂ ਤੋਂ ਬਚਣ ਲਈ  ਜ਼ਰੂਰੀ ਹੋਵੇਗਾ ਕਿ ਰੋਹਿਤ ਦੀ ਨੌਜਵਾਨ ਟੀਮ ਆਖਰੀ ਮੈਚ ਵਿਚ ਜਿੱਤ ਨਾਲ ਫਾਈਨਲ ਦੀ ਟਿਕਟ ਪੱਕੀ ਕਰ ਲਵੇ।
ਭਾਰਤ ਨੇ ਸ਼੍ਰੀਲੰਕਾ ਤੋਂ ਓਪਨਿੰਗ ਮੈਚ ਵਿਚ ਪੰਜ ਵਿਕਟਾਂ ਨਾਲ ਹਾਰ ਝੱਲੀ ਸੀ ਪਰ ਅਗਲੇ ਮੈਚਾਂ ਵਿਚ ਉਸ ਨੇ ਬੰਗਲਾਦੇਸ਼ ਤੋਂ 6 ਵਿਕਟਾਂ ਤੇ ਫਿਰ ਸ਼੍ਰੀਲੰਕਾ 'ਤੇ ਪਿਛਲੇ ਮੀਂਹ ਪ੍ਰਭਾਵਿਤ ਮੈਚ ਵਿਚ 6 ਵਿਕਟਾਂ ਨਾਲ ਜਿੱਤ ਆਪਣੇ ਨਾਂ ਕਰ ਲਈ। ਹਾਲਾਂਕਿ ਅਗਲੇ ਮੈਚ ਵਿਚ ਬੰਗਲਾਦੇਸ਼ ਤੋਂ ਭਾਰਤ ਨੂੰ ਸਖਤ ਚੁਣੌਤੀ ਮਿਲ ਸਕਦੀ ਹੈ, ਜਿਸ ਨੇ ਸ਼੍ਰੀਲੰਕਾ ਵਿਰੁੱਧ 215 ਦੌੜਾਂ ਦੇ ਵੱਡੇ ਟੀਚੇ ਦਾ ਵੀ ਆਸਾਨੀ ਨਾਲ ਪਿੱਛਾ ਕਰ ਲਿਆ ਸੀ। ਉਥੇ ਹੀ ਘਰੇਲੂ ਟੀਮ ਦਾ ਵੀ ਪ੍ਰਦਰਸ਼ਨ ਹੁਣ ਤਕ ਕਾਫੀ ਪ੍ਰਭਾਵਸ਼ਾਲੀ ਰਿਹਾ ਹੈ।