ਲੋਕਾਂ ਦੇ ਕਰਜ਼ੇ ਵੱਧ ਹੋਣ ਕਾਰਨ ਕੈਨੇਡਾ ''ਚ ਪੈਦਾ ਹੋ ਸਕਦੈ ਬੈਂਕਿੰਗ ਸੰਕਟ

ਟੋਰਾਂਟੋ— ਕੈਨੇਡੀਅਨ ਲੋਕਾਂ ਦੇ ਸਿਰ ਕਰਜ਼ੇ ਦੀ ਪੰਡ ਹੱਦ ਤੋਂ ਜ਼ਿਆਦਾ ਬੋਝਲ ਹੋ ਜਾਣ ਕਾਰਨ ਮੁਲਕ 'ਚ ਬੈਂਕਿੰਗ ਸੰਕਟ ਪੈਦਾ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਸਵਿਟਜ਼ਰਲੈਂਡ ਸਥਿਤ ਬੈਂਕ ਸੈਟਲਮੈਂਟ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੈਨੇਡਾ ਤੋਂ ਇਲਾਵਾ ਚੀਨ ਤੇ ਹਾਂਗਕਾਂਗ ਵੀ ਬੈਂਕਿੰਗ ਸੰਕਟ 'ਚ ਘਿਰੇ ਸਕਦੇ ਹਨ। 2017 'ਚ ਕੈਨੇਡੀਅਨ ਲੋਕਾਂ ਨੇ ਰੀਅਲ ਅਸਟੇਟ ਸਣੇ ਹਰ ਖੇਤਰ 'ਚ ਗਿਲ ਖੋਲ੍ਹ ਕੇ ਖਰਚਾ ਕੀਤਾ, ਜਿਸ ਦੇ ਨਤੀਜੇ ਵਜੋਂ ਕੈਨੇਡਾ ਦੇ ਅਰਥਚਾਰੇ 'ਚ ਪਿਛਲੇ 6 ਸਾਲਾਂ ਦਾ ਸਭ ਤੋਂ ਤੇਜ਼ ਵਾਧਾ ਦਰਜ ਕੀਤਾ ਗਿਆ ਪਰ ਹਰ ਕੰਮ ਲਈ ਕਰਜ਼ਾ ਲੈਣ ਦੀ ਆਦਤ ਨੇ ਕੈਨੇਡੀਅਨ ਪਰਿਵਾਰਾਂ ਸਿਰ ਕਰਜ਼ੇ ਨੂੰ ਚਿੰਤਾਜਨਕ ਪੱਧਰ ਤਕ ਵਧਾ ਦਿੱਤਾ ਹੈ। ਬੀ.ਆਈ.ਐੱਸ. ਦੀ ਰਿਪੋਰਟ ਕਹਿੰਦੀ ਹੈ ਕਿ ਕੈਨੇਡਾ ਦੇ ਹਰ ਪਰਿਵਾਰ ਦੀ ਇਕ ਡਾਲਰ ਆਮਦਨ 'ਤੇ 1.68 ਡਾਲਰ ਕਰਜੇ ਦਾ ਬੋਝ ਹੈ। ਰਿਪੋਰਟ ਮੁਤਾਬਕ ਕੈਨੇਡੀਅਨ ਲੋਕਾਂ ਵੱਲੋਂ ਕ੍ਰੈਡਿਟ ਰਾਹੀ ਬਹੁਤ ਜ਼ਿਆਦਾ ਖਰੀਦਦਾਰੀ ਨੂੰ ਕਰਜ਼ੇ 'ਚ ਵਾਧੇ ਦਾ ਕਾਰਨ ਮੰਨਿਆ ਜਾ ਰਿਹਾ ਹੈ। ਵਿਕਸਿਤ ਮੁਲਕਾਂ 'ਚੋਂ ਕੈਨੇਡਾ ਦੇ ਸਿਰ 'ਤੇ ਸਭ ਤੋਂ ਜ਼ਿਆਦਾ ਕਰਜ਼ਾ ਹੋਣ ਦਾ ਜ਼ਿਕਰ ਵੀ ਰਿਪੋਰਟ 'ਚ ਕੀਤਾ ਗਿਆ ਹੈ।
ਦੂਜੇ ਪਾਸੇ ਰਾਇਲ ਬੈਂਕ ਆਫ ਕੈਨੇਡਾ ਨੇ ਕਿਹਾ ਕਿ 2018 'ਚ ਕੈਨੇਡੀਅਨ ਆਰਥਿਕਤਾ ਦੀ ਰਫਤਾਰ ਕਾਫੀ ਮੱਠੀ ਪੈਣ ਦੀ ਸੰਭਾਵਨਾ ਹੈ, ਜਿਸ ਦੇ ਮੁੱਖ ਕਾਰਨ ਵਿਆਜ ਦਰਾਂ 'ਚ ਵਾਧਾ ਤੇ ਲੋਕਾਂ ਦੇ ਖਰਚ ਕਰਨ ਦੀ ਸਮਰੱਥਾ 'ਚ ਕਮੀ ਆਉਣਾ ਹੈ। ਬੈਂਕ ਆਫ ਕੈਨੇਡਾ ਵੱਲੋਂ ਪਿਛਲੇ 6 ਮਹੀਨੇ ਦੌਰਾਨ ਵਿਆਜ ਦਰਾਂ 'ਚ ਤਿੰਨ ਵਾਰ ਵਾਧਾ ਕੀਤਾ ਜਾ ਚੁੱਕਿਆ ਹੈ। ਬੈਂਕ ਦੀ ਦਲੀਲ ਹੈ ਕਿ ਵਿਆਜ ਦਰਾਂ ਵਧਣ ਨਾਲ ਬੇਰੁਜ਼ਗਾਰੀ ਦੀ ਦਰ 'ਚ ਕਮੀ ਆਵੇਗੀ ਤੇ ਸਥਿਰ ਆਰਥਿਕ ਵਿਕਾਸ ਦਾ ਰਾਹ ਪੱਧਰਾ ਹੋਵੇਗਾ। ਹੁਣ ਖਰਚਾ ਵਧ ਜਾਣ ਕਾਰਨ ਲੋਕ ਕਰਜ਼ਾ ਲੈਣ ਤੋਂ ਟਾਲਾ ਵੱਟਣ ਲੱਗੇ ਹਨ ਤੇ ਬਾਜ਼ਾਰ'ਚ ਆਉਣ ਵਾਲੀ ਰਕਮ ਲਗਾਤਾਰ ਘਟਦੀ ਜਾ ਰਹੀ ਹੈ।
ਕੈਨੇਡਾ ਦੇ ਸਟੈਟਿਸਟਿਕਸ ਵਿਭਾਗ ਵੱਲੋਂ ਪਿਛਲੇ ਸਾਲ ਦੇ ਅਖੀਰ 'ਚ ਜਾਰੀ ਅੰਕੜਿਆਂ 'ਚ ਕਿਹਾ ਗਿਆ ਸੀ ਕਿ ਕੈਨੇਡਾ ਦੇ ਲੋਕਾਂ ਸਿਰ ਇਕ ਡਾਲਰ ਦੀ ਡਿਸਪੋਜ਼ੇਬਲ ਆਮਦਨ ਪਿੱਛੇ 1.71 ਡਾਲਰ ਦਾ ਕਰਜ਼ਾ ਹੈ, ਡਿਸਪੋਜ਼ੇਬਸ ਆਮਦਨ ਉਹ ਹੁੰਦੀ ਹੈ, ਜੋ ਟੈਕਸ ਵਗੈਰਾ ਕੱਟ ਕਟਾ ਕੇ ਘਰ ਆਉਂਦੀ ਹੈ ਤੇ ਵਿਅਕਤੀ ਇਸ ਨੂੰ ਜਿਥੇ ਚਾਹੇ ਖਰਚ ਸਕਦਾ ਹੈ। ਵਿਭਾਗ ਮੁਤਾਬਕ ਸਤੰਬਰ 2017 'ਚ ਲੋਕਾਂ ਸਿਰ 2.1 ਟ੍ਰਿਲੀਅਨ ਡਾਲਰ ਦਾ ਕਰਜ਼ਾ ਸੀ ਤੇ ਇਸ 'ਚ 1.3 ਟ੍ਰਿਲੀਅਨ ਡਾਲਰ ਮਾਰਗੇਜ ਦਾ ਕਰਜ਼ਾ ਹੈ ਬੈਂਕ ਆਫ ਕੈਨੇਡਾ ਵੱਲੋਂ ਇਸ ਘਰੇਲੂ ਕਰਜ਼ੇ ਨੂੰ ਕੈਨੇਡਾ ਦੀ ਆਰਥਿਕਤਾ ਲਈ ਬਹੁਤ ਖਤਰਨਾਕ ਸਮਝਿਆ ਜਾ ਰਿਹਾ ਹੈ ਤੇ ਇਲ ਨਾਲ ਵਿੱਤੀ ਸਥਿਰਤਾ ਡਾਵਾਂਡੋਲ ਹੋਣ ਦਾ ਖਤਰਾ ਬਣਿਆ ਹੋਇਆ ਹੈ।