ਸੋਨੀਆ ਗਾਂਧੀ ਦਾ ਸਹੀ ਬਿਆਨ ''ਸਬ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਕੀਆ''

03/13/2018 7:30:02 AM

ਇਸ ਸਮੇਂ ਜਦੋਂ ਦੇਸ਼ 'ਚ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਹਾਸ਼ੀਏ 'ਤੇ ਆਈਆਂ ਹੋਈਆਂ ਹਨ, ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਮੁੰਬਈ 'ਚ ਇਕ ਪ੍ਰੋਗਰਾਮ ਦੌਰਾਨ ਕਿਹਾ ਕਿ ''2019 'ਚ ਅਸੀਂ ਭਾਜਪਾ ਨੂੰ ਦੁਬਾਰਾ ਸੱਤਾ 'ਚ ਨਹੀਂ ਆਉਣ ਦਿਆਂਗੇ। ਅਸੀਂ ਵਾਪਸੀ ਕਰਾਂਗੇ ਅਤੇ ਇਕ ਵਾਰ ਫਿਰ ਕਾਂਗਰਸ ਦੀ ਸਰਕਾਰ ਬਣੇਗੀ।'' ਸੋਨੀਆ ਗਾਂਧੀ ਨੇ ਕਿਹਾ, ''2019 ਦੀਆਂ ਆਮ ਚੋਣਾਂ 'ਚ ਕਾਂਗਰਸ ਦਾ ਮੁੱਖ ਮੁੱਦਾ ਮੋਦੀ ਸਰਕਾਰ ਦੇ ਖੋਖਲੇ ਦਾਅਵੇ ਹੋਣਗੇ ਅਤੇ ਨਰਿੰਦਰ ਮੋਦੀ ਦੇ 'ਚੰਗੇ ਦਿਨ' ਦਾ ਹਸ਼ਰ ਵੀ ਵਾਜਪਾਈ ਸਰਕਾਰ ਦੇ 'ਇੰਡੀਆ ਸ਼ਾਈਨਿੰਗ' ਨਾਅਰੇ 'ਤੇ ਚੋਣਾਂ ਲੜਨ ਵਰਗਾ ਹੀ ਹੋਵੇਗਾ।'' ਸੋਨੀਆ ਗਾਂਧੀ ਨੇ ਕਿਹਾ, ''ਮੋਦੀ ਸਰਕਾਰ ਦੇ 4 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਕੰਮ ਕਰਨ ਦੇ ਲੰਬੇ-ਚੌੜੇ ਭਾਸ਼ਣ ਦਿੱਤੇ ਜਾ ਰਹੇ ਹਨ ਤਾਂ ਕੀ 26 ਮਈ 2014 ਤੋਂ ਪਹਿਲਾਂ ਦੇਸ਼ ਬਲੈਕ ਹੋਲ ਸੀ ਅਤੇ ਤਰੱਕੀ ਸਿਰਫ ਇਨ੍ਹਾਂ 4 ਵਰ੍ਹਿਆਂ 'ਚ ਹੀ ਹੋਈ ਹੈ?''
''2014 'ਚ ਕਾਂਗਰਸ ਲੋਕਾਂ ਨਾਲ ਸਹੀ ਢੰਗ ਨਾਲ ਸੰਵਾਦ ਨਹੀਂ ਰਚਾ ਸਕੀ ਅਤੇ ਭਾਜਪਾ ਨੇ ਟੋਟਕਿਆਂ ਤੇ ਮਾਰਕੀਟਿੰਗ ਦੇ ਸਹਾਰੇ ਚੋਣਾਂ ਜਿੱਤ ਲਈਆਂ।''
ਲੋਕਾਂ ਨਾਲ ਜੁੜਨ ਲਈ ਨਵਾਂ ਸਟਾਈਲ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਸੋਨੀਆ ਗਾਂਧੀ ਨੇ ਕਿਹਾ, ''ਭਾਜਪਾ ਨੇ ਕਾਂਗਰਸ ਦਾ ਅਕਸ ਇਕ ਮੁਸਲਿਮ ਪਾਰਟੀ ਵਜੋਂ ਪੇਸ਼ ਕੀਤਾ, ਜਿਸ ਦਾ ਪਾਰਟੀ ਨੂੰ ਚੋਣਾਂ 'ਚ ਨੁਕਸਾਨ ਹੋਇਆ ਹੈ।''
ਸੋਨੀਆ ਗਾਂਧੀ ਨੇ 2004 'ਚ ਡਾ. ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਫੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ''ਮੈਂ ਆਪਣੀਆਂ ਹੱਦਾਂ ਤੋਂ ਚੰਗੀ ਤਰ੍ਹਾਂ ਜਾਣੂ ਸੀ ਅਤੇ ਜਾਣਦੀ ਸੀ ਕਿ ਡਾ. ਮਨਮੋਹਨ ਸਿੰਘ ਮੇਰੇ ਨਾਲੋਂ ਬਿਹਤਰ ਪ੍ਰਧਾਨ ਮੰਤਰੀ ਸਿੱਧ ਹੋਣਗੇ।''
ਸੋਨੀਆ ਗਾਂਧੀ ਦਾ ਉਕਤ ਬਿਆਨ ਬਿਲਕੁਲ ਸਹੀ ਹੈ। ਹਰ ਗੱਲ ਉਨ੍ਹਾਂ ਨੇ ਪੂਰੀ ਤਰ੍ਹਾਂ ਸੋਚ-ਵਿਚਾਰ ਕੇ ਕਹੀ ਹੈ ਪਰ ਉਨ੍ਹਾਂ ਨੂੰ ਇਨ੍ਹਾਂ ਗੱਲਾਂ ਦਾ ਧਿਆਨ ਬਹੁਤ ਦੇਰ ਬਾਅਦ ਉਦੋਂ ਆਇਆ, ਜਦੋਂ ਕਾਂਗਰਸ ਬਹੁਤ ਕੁਝ ਗੁਆ ਚੁੱਕੀ ਹੈ।
4 ਸਾਲਾਂ ਤਕ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਅਤੇ ਜਦੋਂ ਇਕ ਤੋਂ ਬਾਅਦ ਇਕ ਸੱਤਾ ਕਾਂਗਰਸ ਦੇ ਹੱਥੋਂ ਖਿਸਕ ਗਈ ਤਾਂ ਕਿਤੇ ਜਾ ਕੇ ਉਨ੍ਹਾਂ ਨੂੰ ਇਸ ਦਾ ਅਹਿਸਾਸ ਹੋਇਆ ਤੇ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਦਾ ਖਿਆਲ ਆਇਆ, ਜਦਕਿ ਇਹ ਯਤਨ ਉਦੋਂ ਹੀ ਸ਼ੁਰੂ ਕੀਤਾ ਜਾਣਾ ਚਾਹੀਦਾ ਸੀ, ਜਦੋਂ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਨੂੰ ਮਾਰ ਪੈਣੀ ਸ਼ੁਰੂ ਹੋਈ ਸੀ।
ਸੋਨੀਆ ਗਾਂਧੀ ਦਾ ਇਹ ਮੰਨਣਾ ਠੀਕ ਹੈ ਕਿ ਉਨ੍ਹਾਂ ਨੇ ਡਾ. ਮਨਮੋਹਨ ਸਿੰਘ ਨੂੰ ਆਪਣੇ ਨਾਲੋਂ ਬਿਹਤਰ  ਮੰਨਦਿਆਂ ਪ੍ਰਧਾਨ ਮੰਤਰੀ ਬਣਾਇਆ ਪਰ ਇਨ੍ਹਾਂ ਸਾਲਾਂ ਦੌਰਾਨ ਸੋਨੀਆ ਦੇ ਮਨ 'ਚ ਇਕ ਵਾਰ ਵੀ ਨਹਿਰੂ- ਗਾਂਧੀ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਨੇਤਾ ਨੂੰ ਪਾਰਟੀ 'ਚ ਅੱਗੇ ਲਿਆਉਣ ਦਾ ਖਿਆਲ ਨਹੀਂ ਆਇਆ, ਜਿਸ ਨੂੰ ਪਾਰਟੀ ਦੀ ਕਮਾਨ ਸੌਂਪੀ ਜਾ ਸਕੇ, ਜਦਕਿ ਪਾਰਟੀ ਦੀ ਕਮਾਨ ਸੰਭਾਲਣ ਲਈ ਰਾਹੁਲ ਗਾਂਧੀ ਤਿਆਰ ਨਹੀਂ ਸਨ ਅਤੇ ਉਨ੍ਹਾਂ ਦੀ ਆਪਣੀ ਸਿਹਤ ਵੀ ਠੀਕ ਨਹੀਂ ਸੀ।
ਜਿਥੋਂ ਤਕ ਕਾਂਗਰਸ ਦਾ ਅਕਸ ਇਕ ਮੁਸਲਿਮ ਪਾਰਟੀ ਵਜੋਂ ਪੇਸ਼ ਕਰਨ ਦਾ ਮਾਮਲਾ ਹੈ, ਇਹ ਦੋਸ਼ ਕਾਂਗਰਸ ਪਾਰਟੀ 'ਤੇ ਕਾਫੀ ਸਮੇਂ ਤੋਂ ਲੱਗਦਾ ਆ ਰਿਹਾ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਪਾਰਟੀ ਨੂੰ ਸਾਰੇ ਭਾਈਚਾਰਿਆਂ ਦੇ ਲੋਕਾਂ ਨੂੰ ਆਪਣੀ ਸਹੀ ਜਗ੍ਹਾ 'ਤੇ ਰੱਖਣ ਅਤੇ ਉਨ੍ਹਾਂ ਨਾਲ ਇਕੋ ਜਿਹਾ ਸਲੂਕ ਕਰਨ ਦੀ ਲੋੜ ਹੈ।
ਸਿਫਰ ਤੋਂ ਸਿਖਰ ਤਕ ਪਹੁੰਚੀ ਭਾਜਪਾ ਅੱਜ ਕੇਂਦਰ ਸਮੇਤ ਦੇਸ਼ ਦੇ 22 ਸੂਬਿਆਂ 'ਤੇ ਰਾਜ ਕਰ ਰਹੀ ਹੈ, ਜਦਕਿ ਸਿਖਰ ਤੋਂ ਸਿਫਰ 'ਤੇ ਖਿਸਕੀ ਕਾਂਗਰਸ ਅੱਜ ਆਪਣਾ ਖੁੱਸਿਆ ਵਜੂਦ ਲੱਭਣ ਲਈ ਮਜਬੂਰ ਹੈ। 
ਇਸ ਦੀ ਵਜ੍ਹਾ ਇਹ ਹੈ ਕਿ ਕਾਂਗਰਸ ਹਾਈਕਮਾਨ ਹਮੇਸ਼ਾ ਇਸ ਨਸ਼ੇ 'ਚ ਰਹੀ ਕਿ ਉਨ੍ਹਾਂ ਨੂੰ ਕੋਈ ਹਰਾ ਨਹੀਂ  ਸਕਦਾ ਪਰ ਭਾਜਪਾ ਨੇ ਨਰਿੰਦਰ ਮੋਦੀ ਦੀ ਅਗਵਾਈ ਹੇਠ ਮਿਹਨਤ ਕੀਤੀ ਅਤੇ ਕਾਂਗਰਸ ਤੇ ਹੋਰਨਾਂ ਵਿਰੋਧੀ ਪਾਰਟੀਆਂ ਨੂੰ ਹਾਸ਼ੀਏ 'ਤੇ ਪਹੁੰਚਾ ਦਿੱਤਾ।
ਸੋਨੀਆ ਨੇ ਆਪਣੀ ਪਾਰਟੀ ਦੀ ਹਾਰ ਤੇ ਇਸ 'ਚ ਆਈਆਂ ਊਣਤਾਈਆਂ ਬਾਰੇ ਜੋ ਗੱਲਾਂ ਕਹੀਆਂ, ਉਹ ਪੂਰੀ ਤਰ੍ਹਾਂ ਸਹੀ ਹਨ। ਜੇ ਇਹੋ ਗੱਲਾਂ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਕਹੀਆਂ ਹੁੰਦੀਆਂ ਅਤੇ ਇਨ੍ਹਾਂ 'ਤੇ ਅਮਲ ਕੀਤਾ ਹੁੰਦਾ ਤਾਂ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੀ ਅੱਜ ਅਜਿਹੀ ਦੁਰਗਤੀ ਨਾ ਹੁੰਦੀ। 
ਸੋਨੀਆ ਗਾਂਧੀ ਨੂੰ ਸ਼੍ਰੀ ਵਾਜਪਾਈ ਦੀ ਮਿਸਾਲ ਸਾਹਮਣੇ ਰੱਖਣੀ ਚਾਹੀਦੀ ਹੈ, ਜਿਨ੍ਹਾਂ ਨੇ ਦੋ ਦਰਜਨ ਤੋਂ ਜ਼ਿਆਦਾ ਗੱਠਜੋੜ ਸਹਿਯੋਗੀਆਂ ਨੂੰ ਇਕ ਸੂਤਰ 'ਚ ਪਿਰੋ ਕੇ ਰੱਖਿਆ ਅਤੇ ਸਾਰਿਆਂ ਦੇ ਸਹਿਯੋਗ ਨਾਲ ਸਰਕਾਰ ਚਲਾਈ। ਉਹ ਤਾਂ ਦੇਸ਼ ਦੇ ਹਿੱਤ 'ਚ ਕਾਂਗਰਸ ਦਾ ਸਹਿਯੋਗ ਲੈਣ ਦੇ ਵੀ ਵਿਰੁੱਧ ਨਹੀਂ ਸਨ।
ਇਸ ਲਈ ਹੁਣ ਲੋੜ ਇਸ ਗੱਲ ਦੀ ਹੈ ਕਿ ਉਹ ਪਾਰਟੀ 'ਚ ਘਰ ਕਰ ਚੁੱਕੀਆਂ ਊਣਤਾਈਆਂ ਨੂੰ ਦੂਰ ਕਰ ਕੇ ਛੇਤੀ ਤੋਂ ਛੇਤੀ ਹਮਖਿਆਲੀ ਪਾਰਟੀਆਂ ਨਾਲ ਗੱਠਜੋੜ ਕਰਨ ਕਿਉਂਕਿ ਆਖਰੀ ਸਮੇਂ 'ਚ ਕੀਤੇ ਗਏ ਗੱਠਜੋੜਾਂ ਦਾ ਕੋਈ ਫਾਇਦਾ ਨਹੀਂ ਹੁੰਦਾ। ਕਾਂਗਰਸ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਰਹੀ ਹੈ, ਇਸ ਲਈ ਇਸ ਦਾ ਮਜ਼ਬੂਤ ਹੋਣਾ ਦੇਸ਼ ਦੇ ਹਿੱਤ 'ਚ ਹੀ ਹੈ।                                —ਵਿਜੇ ਕੁਮਾਰ


Vijay Kumar Chopra

Chief Editor

Related News