ਬੱਚਿਆਂ ਨੂੰ ''ਪਾਲਣ-ਪੋਸਣ'' ਵਾਲੇ ਮਾਂ-ਪਿਓ ਦੀਆਂ ਅੱਖਾਂ ''ਚ ਹੁਣ ''ਹੰਝੂ''

03/11/2018 7:42:03 AM

ਜਿਹੜੀਆਂ ਔਲਾਦਾਂ ਨੂੰ ਕਦੇ ਰਾਜਦੁਲਾਰਾ ਕਹਿ ਕੇ ਮਾਂ ਨੇ ਲੋਰੀਆਂ ਗਾਈਆਂ ਅਤੇ ਪਿਓ ਨੇ ਉਨ੍ਹਾਂ ਦੇ ਸਹਾਰੇ ਦੁਨੀਆ 'ਚ ਆਪਣਾ ਨਾਂ ਰੌਸ਼ਨ ਹੋਣ ਦੇ ਸੁਪਨੇ ਸੰਜੋਏ ਸਨ, ਅੱਜ ਉਨ੍ਹਾਂ ਹੀ ਮਾਪਿਆਂ ਨੂੰ ਕਲਯੁਗੀ ਔਲਾਦਾਂ ਖੂਨ ਦੇ ਹੰਝੂ ਰੁਆ ਰਹੀਆਂ ਹਨ। ਹੱਦ ਇਹ ਹੈ ਕਿ ਕਈ ਔਲਾਦਾਂ ਆਪਣੇ ਬਜ਼ੁਰਗ ਅਤੇ ਲਾਚਾਰ ਹੋ ਚੁੱਕੇ ਮਾਂ-ਪਿਓ ਨੂੰ ਘਰ 'ਚ ਰੱਖਣ ਲਈ ਤਿਆਰ ਨਹੀਂ ਹਨ। ਇਥੇ ਪੇਸ਼ ਹਨ ਔਲਾਦਾਂ ਵਲੋਂ ਛੱਡੇ ਅਤੇ ਪੀੜਤ ਚੰਦ ਮਾਪਿਆਂ ਦੀਆਂ ਦੁਖਦਾਈ ਗਾਥਾਵਾਂ :
* ਉੱਤਰ ਪ੍ਰਦੇਸ਼ 'ਚ ਲਖਨਊ ਦੇ ਨੇੜੇ ਸਦਰਪੁਰ ਥਾਣਾ ਖੇਤਰ ਦੇ ਨੀਬਾ ਡੇਹਰਾ ਨਿਵਾਸੀ 68 ਸਾਲਾ ਕਲਾਵਤੀ ਨੂੰ ਉਸ ਦੇ 2 ਬੇਟਿਆਂ ਨੇ ਇਕ ਝੌਂਪੜੀ 'ਚ ਇਕੱਲੀ ਬੇਸਹਾਰਾ ਛੱਡ ਦਿੱਤਾ, ਜਿਸ ਕਾਰਨ ਉਹ ਪਿੰਡ ਵਾਲਿਆਂ ਦੇ ਰਹਿਮ 'ਤੇ ਜੀਵਨ ਬਿਤਾਉਣ ਲਈ ਮਜਬੂਰ ਹੋ ਗਈ ਪਰ ਆਖਿਰ ਔਲਾਦ ਵਲੋਂ ਅਣਦੇਖੀ, ਭੁੱਖ ਅਤੇ ਬੀਮਾਰੀ ਕਾਰਨ 27 ਜੂਨ 2017 ਨੂੰ ਕਲਾਵਤੀ ਦੀ ਮੌਤ ਹੋ ਗਈ। ਬਜ਼ੁਰਗ ਦੇ ਬੇਟਿਆਂ ਨੇ ਮਾਂ ਦੇ ਹਿੱਸੇ ਦੀ ਜ਼ਮੀਨ ਪਹਿਲਾਂ ਹੀ ਆਪਣੇ ਨਾਂ ਲਿਖਵਾ ਲਈ ਸੀ।
* ਉਂਝ ਤਾਂ ਮਰਨ ਤੋਂ ਬਾਅਦ ਹੀ ਵਿਅਕਤੀ ਨੂੰ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਲਿਜਾਇਆ ਜਾਂਦਾ ਹੈ ਪਰ ਮਹਾਰਾਸ਼ਟਰ ਦੇ ਅਹਿਮਦ ਨਗਰ 'ਚ ਆਪਣੀ ਵਿਧਵਾ ਮਾਂ ਲਕਸ਼ਮੀਬਾਈ ਆਹੂਜਾ ਨਾਲ ਪਤਨੀ ਦੇ ਨਿੱਤ ਦੇ ਝਗੜੇ ਤੋਂ ਤੰਗ ਆ ਕੇ ਉਸ ਦਾ ਬੇਟਾ ਆਪਣੀ ਮਾਂ ਨੂੰ ਘਰੋਂ ਕੱਢ ਕੇ ਸ਼ਮਸ਼ਾਨ 'ਚ ਰਹਿਣ ਲਈ ਛੱਡ ਆਇਆ, ਜਿਥੇ ਉਹ ਬੇਸਹਾਰਾ ਤੇ ਇਕੱਲੀ ਪਈ ਰਹਿੰਦੀ ਹੈ।
ਲਕਸ਼ਮੀਬਾਈ ਦੀ ਦੇਖਭਾਲ ਅਤੇ ਪੁੱਛਗਿੱਛ ਕਰਨ ਵਾਲਾ ਕੋਈ ਨਹੀਂ ਹੈ। ਲੋਕਾਂ ਵਲੋਂ ਦਿੱਤੇ ਜਾਣ ਵਾਲੇ ਭੋਜਨ ਅਤੇ ਦਾਨ ਦੇ ਸਹਾਰੇ ਹੀ ਉਹ ਹੁਣ ਆਪਣਾ ਪੇਟ ਪਾਲ਼ ਰਹੀ ਹੈ।
* ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ ਦੇ ਮਹਾਰਾਜਗੰਜ ਥਾਣਾ ਖੇਤਰ ਦੇ ਕੋਲਹੂਆ ਪਿੰਡ ਦੀ ਰਹਿਣ ਵਾਲੀ 60 ਸਾਲਾ ਸੀਤਾ ਦੇਵੀ ਨੇ ਦੋ ਵੇਲਿਆਂ ਦੀ ਰੋਟੀ ਲਈ ਆਪਣੇ 3 ਲੱਖਪਤੀ ਬੇਟਿਆਂ 'ਤੇ ਮੁਕੱਦਮਾ ਕੀਤਾ ਹੋਇਆ ਹੈ।
ਸੀਤਾ ਦੇਵੀ ਅਨੁਸਾਰ ਉਸ ਦੇ ਬੇਟੇ ਪ੍ਰਾਪਰਟੀ ਦਾ ਕੰਮ ਕਰਦੇ ਹਨ। ਉਸ ਦੇ ਪਤੀ ਦੀ ਮੌਤ 1990 'ਚ ਹੋ ਗਈ ਸੀ, ਜਿਸ ਤੋਂ ਬਾਅਦ ਪ੍ਰਾਪਰਟੀ ਬੇਟਿਆਂ ਦੇ ਨਾਂ ਚੜ੍ਹ ਗਈ। ਤਿੰਨੋਂ ਵੱਖ-ਵੱਖ ਰਹਿੰਦੇ ਹਨ। ਉਨ੍ਹਾਂ ਨੇ ਵਾਰੀ-ਵਾਰੀ ਚਾਰ-ਚਾਰ ਮਹੀਨੇ ਮਾਂ ਨੂੰ ਰੱਖਣ ਦਾ ਵਾਅਦਾ ਕੀਤਾ ਸੀ ਪਰ ਬਾਅਦ 'ਚ ਮੁੱਕਰ ਗਏ ਅਤੇ ਹੁਣ ਉਹ ਪਿੰਡ ਵਾਲਿਆਂ ਦੀ ਮਦਦ ਨਾਲ ਆਪਣਾ ਪੇਟ ਪਾਲ਼ ਰਹੀ ਹੈ।
* ਬਿਹਾਰ ਦੇ ਮਧੇਪੁਰਾ ਦੇ ਰਹਿਣ ਵਾਲੇ ਅਰਜੁਨ ਦਾਸ ਅਨੁਸਾਰ ਉਸ ਨੇ ਆਪਣੇ ਬੇਟੇ ਨੂੰ ਪੜ੍ਹਾ-ਲਿਖਾ ਕੇ ਜ਼ਿੰਦਗੀ ਜਿਊਣ ਦੇ ਕਾਬਿਲ ਬਣਾਇਆ ਅਤੇ ਉਸ ਦਾ ਵਿਆਹ ਵੀ ਕਰ ਦਿੱਤਾ ਪਰ ਵਿਆਹ ਤੋਂ ਬਾਅਦ ਬੇਟਾ ਉਸ 'ਤੇ ਅਤੇ ਉਸ ਦੀ ਬੇਟੀ 'ਤੇ ਅੱਤਿਆਚਾਰ ਕਰਨ ਲੱਗਾ ਅਤੇ ਆਖਿਰ ਦੋਹਾਂ ਨੂੰ ਮਾਰ-ਕੁਟਾਈ ਕਰ ਕੇ ਘਰੋਂ ਕੱਢ ਦਿੱਤਾ, ਜਿਸ ਦੇ ਸਿੱਟੇ ਵਜੋਂ ਦੋਵੇਂ ਸੜਕ 'ਤੇ ਰਹਿਣ ਲਈ ਮਜਬੂਰ ਹੋ ਗਏ।
ਅਰਜੁਨ ਦਾਸ ਨੇ ਰੋਂਦੇ ਹੋਏ ਕਿਹਾ ਕਿ ਜੇਕਰ ਉਸ ਨੂੰ ਇਹ ਪਤਾ ਹੁੰਦਾ ਕਿ ਜ਼ਿੰਦਗੀ ਦੇ ਆਖਰੀ ਦਿਨਾਂ 'ਚ ਜਿਊਣ ਦਾ ਸਹਾਰਾ ਬਣਨ ਦੀ ਬਜਾਏ, ਉਸ ਦਾ ਬੇਟਾ ਉਸ ਘਰੋਂ ਬੇਘਰ ਕਰ ਦੇਵੇਗਾ ਤਾਂ ਉਹ ਜਨਮ ਲੈਂਦਿਆਂ ਹੀ ਉਸ ਦਾ ਗਲਾ ਘੁੱਟ ਦਿੰਦਾ।
* ਕਲਿਆਣ ਦੀ ਰਹਿਣ ਵਾਲੀ 65 ਸਾਲਾ ਰਮਾ ਬਾਈ 2 ਬੇਟਿਆਂ ਅਤੇ ਇਕ ਬੇਟੀ ਦੀ ਮਾਂ ਹੋਣ ਦੇ ਬਾਵਜੂਦ ਦੁਨੀਆ 'ਚ ਇਕੱਲੀ ਹੈ। ਉਸ ਦੇ ਬੇਟਿਆਂ ਨੇ ਉਸ ਦੀ ਸਾਰੀ ਜਾਇਦਾਦ ਆਪਣੇ ਨਾਂ ਲਿਖਵਾ ਲਈ ਅਤੇ ਉਸ ਨੂੰ ਬੀਮਾਰ ਹਾਲਤ 'ਚ ਕਲਿਆਣ ਦੀ ਲਾਲ ਚੌਕੀ ਨੇੜੇ ਛੱਡ ਗਏ, ਜਿਥੇ ਪੁਲਸ ਨੇ ਉਸ ਨੂੰ ਚੁੱਕ ਕੇ ਹਸਪਤਾਲ 'ਚ ਦਾਖਲ ਕਰਵਾਇਆ।
ਰਮਾ ਬਾਈ ਤੋਂ ਪਤਾ ਪੁੱਛ ਕੇ ਪੁਲਸ ਉਸ ਦੇ ਬੇਟਿਆਂ ਤਕ ਪਹੁੰਚੀ ਅਤੇ ਉਨ੍ਹਾਂ ਨੂੰ ਰਮਾ ਬਾਈ ਦੀ ਹਾਲਤ ਦੱਸੀ ਪਰ ਦੋਹਾਂ ਬੇਟਿਆਂ ਨੇ ਉਸ ਨੂੰ ਆਪਣੇ ਕੋਲ ਰੱਖਣ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਰਮਾ ਬਾਈ ਦੀ ਬੇਟੀ ਕੋਲ ਗਈ ਤਾਂ ਉਸ ਨੇ ਵੀ ਮਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਵਿਚਾਰੀ ਰਮਾ ਬਾਈ ਅੱਜ ਬੇਸਹਾਰਾ ਹਸਪਤਾਲ 'ਚ ਪਈ ਹੈ।
ਭਾਰਤ 'ਚ ਬਜ਼ੁਰਗਾਂ ਨੂੰ ਸਨਮਾਨਜਨਕ ਦਰਜਾ ਪ੍ਰਾਪਤ ਸੀ ਪਰ ਅੱਜ ਦੇਸ਼ 'ਚ ਕਈ ਬਜ਼ੁਰਗਾਂ ਦੀ ਅਜਿਹੀ ਤਰਸਯੋਗ ਸਥਿਤੀ ਪ੍ਰੇਸ਼ਾਨ ਕਰਨ ਵਾਲੀ ਅਤੇ ਭਾਰਤੀ ਸੰਸਕ੍ਰਿਤੀ-ਸੰਸਕਾਰਾਂ ਦੇ ਪੂਰੀ ਤਰ੍ਹਾਂ ਉਲਟ ਹੈ।
ਇਸੇ ਲਈ ਅਸੀਂ ਆਪਣੇ ਲੇਖਾਂ 'ਚ ਇਹ ਵਾਰ-ਵਾਰ ਲਿਖਦੇ ਰਹਿੰਦੇ ਹਾਂ ਕਿ ਮਾਂ-ਪਿਓ ਆਪਣੀ ਜਾਇਦਾਦ ਦੀ ਵਸੀਅਤ ਤਾਂ (ਬੱਚਿਆਂ ਦੇ ਨਾਂ) ਜ਼ਰੂਰ ਕਰ ਦੇਣ ਪਰ ਉਨ੍ਹਾਂ ਨੂੰ ਜਾਇਦਾਦ ਟਰਾਂਸਫਰ ਨਾ ਕਰਨ। ਉਹ ਬੱਚਿਆਂ ਨਾਲ ਰਹਿਣ ਪਰ ਛੋਟੀਆਂ-ਛੋਟੀਆਂ ਗੱਲਾਂ 'ਤੇ ਉਨ੍ਹਾਂ ਦੀ ਟੋਕਾ-ਟਾਕੀ ਨਾ ਕਰਨ। ਅਜਿਹਾ ਕਰ ਕੇ ਉਹ ਆਪਣੇ ਜੀਵਨ ਦੀ ਸੰਧਿਆ 'ਚ ਆਉਣ ਵਾਲੀਆਂ ਕਈ ਪ੍ਰੇਸ਼ਾਨੀਆਂ ਤੋਂ ਬਚ ਸਕਦੇ ਹਨ।
—ਵਿਜੇ ਕੁਮਾਰ


Vijay Kumar Chopra

Chief Editor

Related News