ਪੰਜਾਬ ਪੁਲਸ ''ਚ ਯੌਨ ਸ਼ੋਸ਼ਣ ਜ਼ੋਰਾਂ ''ਤੇ : ਆਈ. ਜੀ. ਗੁਰਪ੍ਰੀਤ ਦਿਓ

03/10/2018 7:38:08 AM

ਦੇਸ਼ 'ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਸੁਧਾਰਨ, ਅਪਰਾਧੀਆਂ ਨੂੰ ਫੜ ਕੇ ਅਪਰਾਧਿਕ ਸਰਗਰਮੀਆਂ ਰੋਕਣ, ਆਮ ਲੋਕਾਂ ਨੂੰ ਸੁਰੱਖਿਆ ਦੇਣ ਦਾ ਕੰਮ ਪੁਲਸ ਮਹਿਕਮੇ ਦਾ ਹੈ। ਪਰ ਅੱਜ ਪੁਲਸ 'ਚ ਹੀ ਕਈ ਬੁਰਾਈਆਂ ਆ ਗਈਆਂ ਹਨ। ਪੁਲਸ ਮਹਿਕਮੇ ਦੇ ਕੁਝ ਮੈਂਬਰਾਂ ਵਲੋਂ ਅਨੁਸ਼ਾਸਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਨੈਤਿਕਤਾ ਦੇ ਸਾਰੇ ਬੰਧਨ ਤੋੜਦਿਆਂ ਹਰ ਤਰ੍ਹਾਂ ਦੇ ਅਨੈਤਿਕ ਕੰਮ ਕੀਤੇ ਜਾ ਰਹੇ ਹਨ। ਇਨ੍ਹਾਂ 'ਚ ਆਪਣੇ ਹੀ ਮਹਿਲਾ ਸਟਾਫ ਨਾਲ ਘਟੀਆ ਸਲੂਕ ਤੇ ਉਨ੍ਹਾਂ ਦਾ ਯੌਨ ਸ਼ੋਸ਼ਣ ਤਕ ਸ਼ਾਮਿਲ ਹੈ।
'ਮਹਿਲਾ ਦਿਵਸ' ਮੌਕੇ ਲੁਧਿਆਣਾ 'ਚ ਆਈ. ਜੀ. (ਪ੍ਰੋਵਿਜ਼ਨਿੰਗ) ਅਤੇ ਯੌਨ ਸ਼ੋਸ਼ਣ ਦੇ ਮਾਮਲਿਆਂ ਸਬੰਧੀ ਅੰਦਰੂਨੀ ਸ਼ਿਕਾਇਤ ਕਮੇਟੀ ਦੀ ਮੁਖੀ ਗੁਰਪ੍ਰੀਤ ਦਿਓ ਨੇ ਇਕ ਸੂਬਾ ਪੱਧਰੀ ਪੁਲਸ ਕਾਨਫਰੰਸ 'ਚ ਬੋਲਦਿਆਂ ਕਿਹਾ :''ਪੰਜਾਬ ਪੁਲਸ 'ਚ ਕੰਮ ਵਾਲੀਆਂ ਥਾਵਾਂ 'ਤੇ ਵੱਡੇ ਪੱਧਰ 'ਤੇ ਯੌਨ ਸ਼ੋਸ਼ਣ ਹੋ ਰਿਹਾ ਹੈ। ਪੁਲਸ ਮਹਿਕਮੇ 'ਚ ਅਜਿਹੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਤੇ ਇਹ ਬੁਰਾਈ ਰੋਕਣ ਲਈ ਸਖਤ ਕਦਮ ਚੁੱਕਣ ਦੀ ਲੋੜ ਹੈ।''
''ਇਸ ਦੇ ਲਈ ਅੰਦਰੂਨੀ ਸ਼ਿਕਾਇਤ ਕਮੇਟੀਆਂ ਹਰੇਕ ਪੁਲਸ ਜ਼ਿਲੇ ਅਤੇ ਕਮਿਸ਼ਨਰੇਟ 'ਚ ਕਾਇਮ ਕੀਤੀਆਂ ਗਈਆਂ ਹਨ, ਜਿਥੇ ਮਹਿਲਾ ਪੁਲਸ ਮੁਲਾਜ਼ਮ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੀਆਂ ਹਨ ਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।''
ਹੁਣੇ ਜਿਹੇ ਇਕ ਮਹਿਲਾ ਕਾਂਸਟੇਬਲ ਨੇ ਫਾਜ਼ਿਲਕਾ ਦੇ ਇਕ ਡੀ. ਐੱਸ. ਪੀ. 'ਤੇ ਉਸ ਨਾਲ ਛੇੜਖਾਨੀ ਕਰਨ, ਰਾਤ ਨੂੰ ਫੋਨ 'ਤੇ ਪ੍ਰੇਸ਼ਾਨ ਕਰਨ ਤੇ ਅਧਿਕਾਰੀਆਂ ਨੂੰ ਸ਼ਿਕਾਇਤ ਨਾ ਕਰਨ ਦਾ ਦਬਾਅ ਬਣਾਉਣ ਦਾ ਦੋਸ਼ ਲਾਇਆ ਸੀ। ਦਿਓ ਨੇ ਕਿਹਾ, ''ਸ਼ਿਕਾਇਤ ਕਮੇਟੀ 'ਚ ਇਹ ਮਾਮਲਾ ਲਿਆਂਦੇ ਜਾਣ 'ਤੇ ਅਸੀਂ ਜਾਂਚ ਸ਼ੁਰੂ ਕਰਵਾਈ ਅਤੇ ਡੀ. ਐੱਸ. ਪੀ. ਨੂੰ ਫੌਰਨ ਫੀਲਡ ਡਿਊਟੀ ਤੋਂ ਹਟਾ ਦਿੱਤਾ।'' ਮਹਿਲਾ ਸਿਪਾਹੀ ਨੇ ਬਾਅਦ 'ਚ ਸਪੱਸ਼ਟ ਤੌਰ 'ਤੇ ਦਬਾਅ ਅਧੀਨ ਆਪਣੀ ਸ਼ਿਕਾਇਤ ਵਾਪਸ ਲੈ ਲਈ ਪਰ ਮਾਮਲੇ ਦੀ ਜਾਂਚ ਦੌਰਾਨ ਡੀ. ਐੱਸ. ਪੀ. ਵਿਰੁੱਧ ਉਸ ਵਲੋਂ ਲਾਏ ਗਏ ਦੋਸ਼ ਸਹੀ ਸਿੱਧ ਹੋਏ। ਦਿਓ ਨੇ ਕਿਹਾ ਕਿ ''ਹੁਣ ਇਸ ਅਧਿਕਾਰੀ ਵਿਰੁੱਧ ਕਾਨੂੰਨ ਮੁਤਾਬਕ ਸਖਤ ਕਾਰਵਾਈ ਹੋਵੇਗੀ। ਬਠਿੰਡਾ ਦਾ ਇਕ ਏ. ਐੱਸ. ਆਈ. ਵੀ ਅਜਿਹੇ ਹੀ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਤੇ ਉਸ ਨੂੰ ਵੀ ਡੀ. ਜੀ. ਪੀ. ਨੇ ਫੀਲਡ ਡਿਊਟੀ ਤੋਂ ਹਟਾ ਦਿੱਤਾ ਹੈ।'' ਇਸ ਮੌਕੇ ਉੱਤਰਾਖੰਡ ਦੀ ਸਾਬਕਾ ਡੀ. ਜੀ. ਪੀ. ਕੰਚਨ ਚੌਧਰੀ ਭੱਟਾਚਾਰੀਆ ਨੇ ਅਫਸੋਸ ਪ੍ਰਗਟਾਇਆ ਕਿ ਜਿਥੇ ਇਕ ਪਾਸੇ ਔਰਤਾਂ ਹਰੇਕ ਖੇਤਰ 'ਚ ਮਰਦਾਂ ਦੇ ਬਰਾਬਰ ਕੰਮ ਕਰ ਰਹੀਆਂ ਹਨ, ਉਥੇ ਹੀ ਪੁਲਸ ਮਹਿਕਮੇ 'ਚ ਸੈਕਸੁਅਲ ਹਰਾਸਮੈਂਟ ਅਤੇ ਛੇੜਖਾਨੀ ਦੇ ਵਧ ਰਹੇ ਮਾਮਲਿਆਂ ਕਾਰਨ ਹੀ ਜ਼ਿਆਦਾਤਰ ਕੁੜੀਆਂ ਪੁਲਸ ਮਹਿਕਮੇ 'ਚ ਆਪਣਾ ਕੈਰੀਅਰ ਨਹੀਂ ਬਣਾਉਣਾ ਚਾਹੁੰਦੀਆਂ। ਇਸ ਦਰਮਿਆਨ ਡੀ. ਜੀ. ਪੀ. (ਆਧੁਨਿਕੀਕਰਨ ਅਤੇ ਪ੍ਰਸ਼ਾਸਨ) ਐੱਮ. ਕੇ. ਤਿਵਾੜੀ ਨੂੰ ਸ਼ਿਕਾਇਤ 'ਚ ਕੁਝ ਮਹਿਲਾ ਪੁਲਸ ਮੁਲਾਜ਼ਮਾਂ ਨੇ ਐੱਸ. ਐੱਚ. ਓ. ਅਤੇ ਏ. ਐੱਸ. ਆਈ. ਰੈਂਕ ਦੇ ਅਧਿਕਾਰੀਆਂ 'ਤੇ ਦੋਸ਼ ਲਾਇਆ ਕਿ ਪੁਲਸ ਅਧਿਕਾਰੀਆਂ ਨੂੰ ਲੋਕਾਂ ਨਾਲ ਨਿਮਰਤਾ ਸਹਿਤ ਪੇਸ਼ ਆਉਣ ਦੇ ਦਿੱਤੇ ਗਏ ਹੁਕਮਾਂ ਦੇ ਬਾਵਜੂਦ ਉਹ ਉਨ੍ਹਾਂ (ਮਹਿਲਾ ਸਟਾਫ) ਦੀ ਮੌਜੂਦਗੀ 'ਚ ਪੁਲਸ ਥਾਣਿਆਂ ਵਿਚ ਅਭੱਦਰ ਭਾਸ਼ਾ ਦਾ ਇਸਤੇਮਾਲ ਕਰਦੇ ਹਨ। 
ਇਸ ਪੁਲਸ ਕਾਨਫਰੰਸ 'ਚ ਮਹਿਲਾ ਪੁਲਸ ਮੁਲਾਜ਼ਮਾਂ ਨੇ ਇਥੋਂ ਤਕ ਕਿਹਾ ਕਿ ਥਾਣਿਆਂ 'ਚ ਕਈ ਪੁਲਸ ਮੁਲਾਜ਼ਮ ਡਿਊਟੀ ਦੌਰਾਨ ਸ਼ਰਾਬ ਪੀ ਕੇ ਗਾਲੀ-ਗਲੋਚ ਕਰਦੇ ਹਨ, ਜਿਨ੍ਹਾਂ ਨੂੰ ਸੁਣ ਕੇ ਉਨ੍ਹਾਂ ਨੂੰ ਸ਼ਰਮ ਆਉਂਦੀ ਹੈ ਤੇ ਪੁਲਸ ਥਾਣਿਆਂ 'ਚ ਉਨ੍ਹਾਂ ਨਾਲ ਕੋਈ ਗਲਤ ਹਰਕਤ ਹੋਣ 'ਤੇ ਸ਼ਿਕਾਇਤ ਕਰਨ ਦੇ ਬਾਵਜੂਦ ਕਾਰਵਾਈ ਨਹੀਂ ਹੁੰਦੀ। 
ਜਦੋਂ ਪੁਲਸ ਮਹਿਕਮੇ 'ਚ ਪੁਰਸ਼ ਸਟਾਫ ਵਲੋਂ ਆਪਣੀਆਂ ਮਹਿਲਾ ਸਹਿ-ਮੁਲਾਜ਼ਮਾਂ ਨਾਲ ਅਜਿਹਾ ਸਲੂਕ ਕੀਤਾ ਜਾਂਦਾ ਹੈ ਤਾਂ ਆਮ ਲੋਕਾਂ ਨਾਲ ਉਹ ਕਿਹੋ ਜਿਹਾ ਸਲੂਕ ਕਰਦੇ ਹੋਣਗੇ, ਇਸ ਦੀ ਕਲਪਨਾ ਸਹਿਜੇ ਹੀ ਕੀਤੀ ਜਾ ਸਕਦੀ ਹੈ। ਅੱਵਲ ਤਾਂ ਸ਼ਿਕਾਇਤ ਲਿਖੀ ਨਹੀਂ ਜਾਂਦੀ ਅਤੇ ਜੇ ਲਿਖੀ ਵੀ ਜਾਵੇ ਤਾਂ ਉਸ 'ਤੇ ਕਾਰਵਾਈ ਨਹੀਂ ਹੁੰਦੀ, ਇਸੇ ਲਈ ਆਮ ਆਦਮੀ, ਖਾਸ ਕਰਕੇ ਮਹਿਲਾ ਵਰਗ ਆਪਣੀਆਂ ਸ਼ਿਕਾਇਤਾਂ ਲੈ ਕੇ ਪੁਲਸ ਥਾਣਿਆਂ 'ਚ  ਜਾਣ ਤੋਂ ਝਿਜਕਦਾ ਹੈ। ਜੇਕਰ ਪੁਲਸ ਫੋਰਸ ਨਾਲ ਜੁੜੇ ਲੋਕ ਆਪਣੀਆਂ ਹੀ ਸਹਿ-ਮੁਲਾਜ਼ਮਾਂ ਦਾ ਇਸ ਤਰ੍ਹਾਂ ਸ਼ੋਸ਼ਣ ਕਰ ਰਹੇ ਹਨ ਤਾਂ ਫਿਰ ਭਲਾ ਆਮ ਲੋਕਾਂ ਦੀ ਉਨ੍ਹਾਂ ਸਾਹਮਣੇ ਕੀ ਔਕਾਤ ਹੈ। ਇਸ ਲਈ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਹੁਣ ਰੇਤ ਮਾਫੀਆ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ, ਉਸੇ ਤਰ੍ਹਾਂ ਪੰਜਾਬ ਪੁਲਸ 'ਚ ਸ਼ਾਮਿਲ ਅਪਰਾਧਿਕ ਬਿਰਤੀ ਵਾਲੇ ਸਟਾਫ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।                
—ਵਿਜੇ ਕੁਮਾਰ


Related News