''ਰੇਤ ਮਾਫੀਆ ਦੇ ਵਿਰੁੱਧ'' ਕੈਪ. ਅਮਰਿੰਦਰ ਸਿੰਘ ਦੀ ''ਫੈਸਲਾਕੁੰਨ ਜੰਗ''

03/09/2018 7:40:17 AM

ਪੰਜਾਬ 'ਚ ਲੰਬੇ ਸਮੇਂ ਤੋਂ ਰੇਤ ਮਾਫੀਆ ਵਲੋਂ ਨਾਜਾਇਜ਼ ਤੌਰ 'ਤੇ ਰੇਤਾ ਕੱਢ ਕੇ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਰੋਜ਼ਾਨਾ ਲੱਖਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ। ਨਾਜਾਇਜ਼ ਮਾਈਨਿੰਗ ਦੇ ਇਸ ਕਾਰੋਬਾਰ ਨਾਲ ਸੱਤਾਧਾਰੀ ਤੇ ਵਿਰੋਧੀ ਧਿਰ ਦੇ ਕਈ ਨੇਤਾਵਾਂ ਦਾ ਨਾਂ ਵੀ ਜੁੜਿਆ ਹੋਇਆ ਹੈ, ਜੋ ਆਪਣੇ ਖਾਸ ਲੋਕਾਂ ਨੂੰ ਠੇਕੇ ਦਿਵਾ ਕੇ ਖੁਦ ਵੀ ਭਾਰੀ ਕਮਾਈ ਕਰਦੇ ਤੇ ਉਨ੍ਹਾਂ ਨੂੰ ਵੀ ਕਰਵਾਉਂਦੇ ਹਨ। ਕੁਝ ਸਮਾਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੰਨਿਆ ਸੀ ਕਿ ਸੂਬੇ 'ਚ ਰੇਤਾ ਦੀ ਨਾਜਾਇਜ਼ ਮਾਈਨਿੰਗ ਅਜੇ ਵੀ ਜਾਰੀ ਹੈ। ਇਸੇ ਨੂੰ ਦੇਖਦਿਆਂ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਅਧਿਕਾਰੀਆਂ ਨੂੰ ਮਾਈਨਿੰਗ ਮਾਫੀਆ 'ਤੇ ਸਖਤੀ ਕਰਨ ਦੇ ਹੁਕਮ ਦਿੱਤੇ ਪਰ ਇਹ ਧੰਦਾ ਰੁਕ ਨਹੀਂ ਰਿਹਾ ਸੀ।
6 ਮਾਰਚ ਨੂੰ ਹੈਲੀਕਾਪਟਰ ਰਾਹੀਂ ਕਰਤਾਰਪੁਰ ਵੱਲ ਜਾਂਦੇ ਸਮੇਂ ਮੁੱਖ ਮੰਤਰੀ ਨੇ ਸਤਲੁਜ ਖੇਤਰ 'ਚ ਨਾਜਾਇਜ਼ ਮਾਈਨਿੰਗ ਹੁੰਦੀ ਦੇਖੀ ਤਾਂ ਇਸ ਨੂੰ ਨੇੜਿਓਂ ਦੇਖਣ ਲਈ ਉਨ੍ਹਾਂ ਨੇ ਪਾਇਲਟ ਨੂੰ ਹੈਲੀਕਾਪਟਰ ਥੋੜ੍ਹਾ ਹੇਠਾਂ ਲਿਜਾਣ ਲਈ ਕਿਹਾ ਅਤੇ ਨਾਜਾਇਜ਼ ਮਾਈਨਿੰਗ ਹੁੰਦੀ ਦੇਖ ਕੇ ਉਨ੍ਹਾਂ ਨੇ ਤੁਰੰਤ ਨਵਾਂਸ਼ਹਿਰ ਅਤੇ ਜਲੰਧਰ ਦੇ ਡਿਪਟੀ ਕਮਿਸ਼ਨਰਾਂ ਤੇ ਐੱਸ. ਐੱਸ. ਪੀ. ਨੂੰ ਇਸ ਦੀ ਜਾਂਚ ਤੇ ਸਾਮਾਨ ਕਬਜ਼ੇ 'ਚ ਲੈਣ ਦੇ ਹੁਕਮ ਦੇ ਦਿੱਤੇ।
ਉਨ੍ਹਾਂ ਨੇ ਪੁਲਸ ਮਹਾਨਿਰਦੇਸ਼ਕ ਸੁਰੇਸ਼ ਅਰੋੜਾ ਨੂੰ ਮਾਈਨਿੰਗ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਤਾਲਮੇਲ ਕਰ ਕੇ ਵਿਆਪਕ ਰਣਨੀਤੀ ਬਣਾਉਣ ਦੇ ਵੀ ਹੁਕਮ ਦਿੱਤੇ, ਜਿਸ ਤੋਂ ਬਾਅਦ ਨਵਾਂਸ਼ਹਿਰ ਅਤੇ ਜਲੰਧਰ ਖੇਤਰ 'ਚ ਵੱਡੇ ਪੱਧਰ 'ਤੇ ਕਾਰਵਾਈ ਸ਼ੁਰੂ ਹੋ ਗਈ।
ਤੇਜ਼ੀ ਨਾਲ ਕਾਰਵਾਈ ਕਰਦਿਆਂ ਨਵਾਂਸ਼ਹਿਰ ਪੁਲਸ ਨੇ ਮਲਿਕਪੁਰ ਪਿੰਡ 'ਚ 13 ਪੋਕਲੇਨ ਮਸ਼ੀਨਾਂ, 4 ਜੇ. ਸੀ. ਬੀ. ਮਸ਼ੀਨਾਂ, 2 ਮਿੱਟੀ ਭਰਨ ਵਾਲੀਆਂ ਕ੍ਰੇਨਾਂ ਅਤੇ 30 ਟਿੱਪਰ ਜ਼ਬਤ ਕਰ ਕੇ ਬੁਰਜ ਟਹਿਲਦਾਸ, ਮੰਡਾਲਾ, ਖੋਜੇ, ਮਲਿਕਪੁਰ, ਲੱਲੇਵਾਲ ਅਤੇ ਬੈਰਸਾਲ 'ਚ  ਬਿਨਾਂ ਇਜਾਜ਼ਤ ਦੇ ਰੇਤਾ ਕੱਢ ਰਹੇ 6 ਠੇਕੇਦਾਰਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।
ਇਹ ਵੀ ਦੱਸਿਆ ਜਾਂਦਾ ਹੈ ਕਿ ਠੇਕੇਦਾਰ ਆਪਣੇ ਟਰੱਕਾਂ 'ਚ 25 ਟਨ ਦੀ ਮਨਜ਼ੂਰਸ਼ੁਦਾ ਸਮਰੱਥਾ ਦੀ ਬਜਾਏ 60 ਟਨ ਰੇਤਾ ਭਰ ਰਹੇ ਸਨ ਤੇ ਇਸ ਮਾਈਨਿੰਗ  ਲਈ ਅਜਿਹੀਆਂ ਮਸ਼ੀਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ, ਜਿਨ੍ਹਾਂ ਨੂੰ ਇਸਤੇਮਾਲ ਕਰਨ ਦੀ ਇਜਾਜ਼ਤ ਨਹੀਂ ਹੈ।
7 ਮਾਰਚ ਨੂੰ ਸੂਬੇ ਦੇ ਤਿੰਨ ਜ਼ਿਲਿਆਂ 'ਚ 39 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤੇ ਗਏ, ਜਿਨ੍ਹਾਂ 'ਚੋਂ 27 ਨੂੰ ਗ੍ਰਿਫਤਾਰ ਕੀਤਾ ਗਿਆ। ਲੁਧਿਆਣਾ 'ਚ ਥਾਣਾ ਮਿਹਰਬਾਨ ਦੇ ਤਹਿਤ ਪਿੰਡ ਗੜ੍ਹੀ ਸ਼ੇਰੂ 'ਚ ਛਾਪੇਮਾਰੀ ਦੌਰਾਨ ਇਕ ਪੋਕਲੇਨ ਮਸ਼ੀਨ, ਤਿੰਨ ਟ੍ਰੈਕਟਰ-ਟਰਾਲੀਆਂ, ਇਕ ਟਿੱਪਰ, ਪਿੰਡ ਸਜਾਦਵਾਲਾ 'ਚ ਤਿੰਨ ਪੋਕਲੇਨ ਮਸ਼ੀਨਾਂ, ਇਕ ਜੇ. ਸੀ. ਬੀ. ਤੇ ਇਕ ਟ੍ਰੈਕਟਰ-ਟਰਾਲੀ ਜ਼ਬਤ ਕੀਤੀ ਗਈ।
ਇਸੇ ਤਰ੍ਹਾਂ ਪਠਾਨਕੋਟ ਦੇ ਪਿੰਡ ਅਦਾਲਤਗੜ੍ਹ 'ਚ ਰਾਵੀ ਦਰਿਆ ਨਾਲ ਲੱਗਦੇ ਖੇਤਰ 'ਚ ਪੋਕਲੇਨ ਮਸ਼ੀਨ, ਜੇ. ਸੀ. ਬੀ. ਤੇ 6 ਟਿੱਪਰ ਜ਼ਬਤ ਕੀਤੇ ਗਏ। ਰਾਹੋਂ 'ਚ ਵੀ 20 ਡਰਾਈਵਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਟਰੱਕਾਂ ਦੇ 6 ਠੇਕੇਦਾਰ ਮੌਕੇ ਤੋਂ ਫਰਾਰ ਹੋ ਗਏ।
ਛਾਪੇਮਾਰੀ ਦੌਰਾਨ ਠੇਕੇਦਾਰ ਅਜਿਹੀਆਂ ਥਾਵਾਂ ਤੋਂ ਵੀ ਰੇਤਾ ਕੱਢਦੇ ਫੜੇ ਗਏ, ਜੋ ਉਨ੍ਹਾਂ ਨੂੰ ਅਲਾਟ ਨਹੀਂ ਕੀਤੀਆਂ ਗਈਆਂ ਸਨ ਤੇ ਉਨ੍ਹਾਂ ਥਾਵਾਂ ਤੋਂ ਵੀ ਰੇਤਾ ਕੱਢੀ ਜਾ ਰਹੀ ਸੀ, ਜਿਥੇ ਮਾਈਨਿੰਗ ਰੋਕੀ ਜਾ ਚੁੱਕੀ ਸੀ। 
8 ਮਾਰਚ ਨੂੰ ਰਾਹੋਂ 'ਚ ਇਕ ਜੇ. ਸੀ. ਬੀ. ਆਪ੍ਰੇਟਰ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਪਠਾਨਕੋਟ 'ਚ ਇਕ ਟਿੱਪਰ ਅਤੇ ਜੇ. ਸੀ. ਬੀ. ਮਸ਼ੀਨ ਜ਼ਬਤ ਕੀਤੀ ਗਈ। 
ਇਸ ਦਰਮਿਆਨ ਜਿਥੇ ਸੂਬਾ ਸਰਕਾਰ ਨੇ ਨਾਜਾਇਜ਼ ਮਾਈਨਿੰਗ 'ਤੇ ਰੋਕ ਲਾਉਣ ਤੇ ਸਮੀਖਿਆ ਲਈ ਕੈਬਨਿਟ ਦੀ ਇਕ ਸਬ-ਕਮੇਟੀ ਕਾਇਮ ਕਰ ਦਿੱਤੀ, ਉਥੇ ਹੀ ਮੁੱਖ ਮੰਤਰੀ ਨੇ 8 ਮਾਰਚ ਨੂੰ 14 ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਪੁਲਸ ਸੁਪਰਡੈਂਟਾਂ ਦੀ ਮੀਟਿੰਗ ਸੱਦੀ।
ਇਸ 'ਚ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਦਬਾਅ ਹੇਠ ਆਏ ਬਿਨਾਂ ਰੇਤ ਮਾਫੀਆ ਵਿਰੁੱਧ ਕਾਰਵਾਈ ਕਰਨ ਤੇ ਰੇਤਾ ਕੱਢਣ ਬਾਰੇ ਮੌਜੂਦਾ ਨੀਤੀ 'ਚ ਸੋਧ ਲਈ ਇਕ ਹਫਤੇ ਅੰਦਰ ਸੁਝਾਅ ਦੇਣ ਲਈ ਕਿਹਾ ਗਿਆ, ਜਿਸ 'ਤੇ ਛੇਤੀ ਹੀ ਸੋਧਿਆ ਹੋਇਆ ਕਾਨੂੰਨ ਲਿਆਂਦਾ ਜਾਵੇਗਾ ਕਿਉਂਕਿ ਮੌਜੂਦਾ ਕਾਨੂੰਨ 'ਚ ਕਈ ਤਰੁੱਟੀਆਂ ਹਨ, ਜਿਸ ਦਾ ਫਾਇਦਾ ਮਾਈਨਿੰਗ ਮਾਫੀਆ ਉਠਾ ਰਿਹਾ ਹੈ।
ਇਸ ਬਾਰੇ ਅਸੀਂ ਮੁੱਖ ਮੰਤਰੀ ਨੂੰ ਇਹੋ ਕਹਿਣਾ ਚਾਹਾਂਗੇ ਕਿ ਹੁਣ ਜਦ ਉਨ੍ਹਾਂ ਨੇ ਰੇਤ ਮਾਫੀਆ ਵਿਰੁੱਧ ਸੰਘਰਸ਼ ਛੇੜ ਹੀ ਦਿੱਤਾ ਹੈ ਤਾਂ ਇਸ 'ਚ ਸ਼ਾਮਿਲ ਵੱਡੀਆਂ ਮੱਛੀਆਂ ਕਿਸੇ ਵੀ ਹਾਲਤ 'ਚ ਬਚ ਕੇ ਨਹੀਂ ਨਿਕਲਣੀਆਂ ਚਾਹੀਦੀਆਂ ਅਤੇ ਉਹ ਇਸ ਮੁਹਿੰਮ ਨੂੰ ਹੁਣ ਅੰਜਾਮ ਤਕ ਪਹੁੰਚਾ ਕੇ ਹੀ ਛੱਡਣ।             
—ਵਿਜੇ ਕੁਮਾਰ


Vijay Kumar Chopra

Chief Editor

Related News