ਕਣਕ ਦੀ ਫਸਲ ''ਤੇ ਖਾਦਾਂ ਅਤੇ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਤੋਂ ਗੁਰੇਜ਼ ਕਰਨ ਕਿਸਾਨ : ਖੇਤੀਬਾੜੀ ਅਫ਼ਸਰ

03/08/2018 11:00:32 AM


ਸ੍ਰੀ ਮੁਕਤਸਰ ਸਹਿਬ (ਪਵਨ, ਦਰਦੀ) - ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਇਸ ਵਾਰ ਹਾੜ੍ਹੀ ਦੇ ਸੀਜ਼ਨ ਦੌਰਾਨ ਮੌਸਮ ਖੁਸ਼ਗਵਾਰ ਅਤੇ ਫਸਲਾਂ ਦੇ ਅਨੁਕੂਲ ਰਹਿਣ ਕਰ ਕੇ ਹੁਣ ਤੱਕ ਕਿਸੇ ਵੀ ਕੀੜੇ-ਮਕੌੜੇ ਦਾ ਹਮਲਾ ਹੋਣ ਦੀ ਸ਼ਿਕਾਇਤ ਨਹੀਂ ਮਿਲੀ। ਇਸਦੇ ਬਾਵਜ਼ੂਦ ਡਾ. ਬਲਜਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਪੀਲੀ ਕੁੰਗੀ ਅਤੇ ਕਰਨਾਲ ਬੰਟ ਵਰਗੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। 
ਉਨ੍ਹਾਂ ਕਿਹਾ ਕਿ ਜ਼ਿਲੇ 'ਚ ਕਿਤੇ-ਕਿਤੇ ਕਣਕ ਦੀ ਫ਼ਸਲ ਤੇ ਦਰੱਖ਼ਤਾਂ ਥੱਲੇ ਜਾਂ ਬਾਹਰਲੇ ਪਾਸਿਆਂ ਤੋਂ ਥੋੜ੍ਹਾ ਬਹੁਤਾ ਚੇਪੇ ਦਾ ਹਮਲਾ ਦੇਖਣ ਨੂੰ ਮਿਲਿਆ ਹੈ ਪਰ ਉਹ ਵੀ ਨੁਕਸਾਨ ਕਰਨ ਦੀ ਸਥਿਤੀ ਵਿਚ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਅਤੇ ਵਿਭਾਗ ਦੇ ਅਧਿਕਾਰੀਆਂ/ਮੁਲਾਜ਼ਮਾਂ ਨਾਲ ਤਾਲਮੇਲ ਕਰ ਕੇ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਕੀਤੀ ਜਾਵੇ। ਜੇਕਰ ਕਿਸੇ ਕਿਸਾਨ ਨੂੰ ਕਣਕ 'ਤੇ ਕਿਸੇ ਵੀ ਕਿਸਮ ਦੀ ਪੀਲੀ ਕੁੰਗੀ ਦੇ ਹਮਲੇ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਉਹ ਪਹਿਲਾਂ ਮਹਿਕਮਾ ਖੇਤੀਬਾੜੀ ਦੇ ਧਿਆਨ ਵਿਚ ਲਿਆਉਣ। ਕਈ ਕਿਸਾਨ ਗਲਤ ਪ੍ਰਚਾਰ ਦੇ ਜ਼ਰੀਏ ਵੇਖੋ-ਵੇਖੀ 0:52:34 ਅਤੇ ਬੋਰੋਨ ਵਰਗੀਆਂ ਖਾਦਾਂ ਮਿਕਸ ਕਰ ਕੇ ਕਣਕ ਉੱਪਰ ਕਰ ਰਹੇ ਹਨ, ਜੋ ਕਿ ਸਹੀ ਨਹੀਂ ਹੈ ਕਿਉਂਕਿ ਕਣਕ ਦੀ ਫ਼ਸਲ 'ਤੇ ਇਨ੍ਹਾਂ ਖਾਦਾਂ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ। ਕਿਸਾਨ ਇਸ ਤਰ੍ਹਾਂ ਦੀਆਂ ਬੇਲੋੜੀਆਂ ਖਾਦਾਂ ਦੀ ਵਰਤੋਂ ਤੋਂ ਸੰਕੋਚ ਕਰਨ। ਇਸ ਸਮੇਂ ਗੁਰਪ੍ਰੀਤ ਸਿੰਘ ਖੇਤੀਬਾੜੀ ਅਫ਼ਸਰ, ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਜਗਤਾਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਆਦਿ ਮੌਜੂਦ ਸਨ।


Related News