ਖੇਤੀ ਦੇ ਖੇਤਰ 'ਚ ਫਗਵਾੜਾ ਤਕਨੀਕ ਨਾਲ ਆ ਰਹੀ ਹੈ ਕ੍ਰਾਂਤੀ : ਵਿਜੇ ਚੋਪੜਾ

02/27/2018 1:15:27 AM

ਜਲੰਧਰ, (ਜੁਗਿੰਦਰ ਸੰਧੂ, ਪਾਂਡੇ)— ਖੇਤੀਬਾੜੀ ਵਿਚ ਫਗਵਾੜਾ ਤਕਨੀਕ ਨਾਲ ਇਕ ਕ੍ਰਾਂਤੀ ਆ ਰਹੀ ਹੈ, ਜਿਹੜੀ ਦੇਸ਼ ਦੇ ਕਿਸਾਨਾਂ ਦੀ ਤਕਦੀਰ ਵਿਚ ਤਬਦੀਲੀ ਲਿਆ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਫਗਵਾੜਾ ਤਕਨੀਕ (ਗੁੱਡ ਗ੍ਰੋਅ ਕ੍ਰਾਪਿੰਗ ਸਿਸਟਮ) ਦੇ ਸਬੰਧ ਵਿਚ ਸ. ਅਵਤਾਰ ਸਿੰਘ ਦੇ ਫਾਰਮ ਪਿੰਡ ਵਿਰਕਾਂ ਵਿਚ 'ਖੇਤੀ ਸਤਿਸੰਗ' ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਸੰਬੋਧਨ ਕਰਦਿਆਂ ਪਦਮਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਂਝੇ ਪਰਿਵਾਰ ਅੱਜ ਟੁੱਟ ਰਹੇ ਹਨ ਅਤੇ ਇਸ ਕਾਰਨ ਖੇਤੀਬਾੜੀ ਵਾਲੇ ਰਕਬੇ ਦੀ ਵੰਡ-ਦਰ-ਵੰਡ ਹੋ ਰਹੀ ਹੈ। ਪੰਜਾਬ ਵਿਚ ਹੁਣ ਕਿਸਾਨਾਂ ਦੇ ਬੱਚੇ ਖੇਤੀ ਕਰਨ ਲਈ ਤਿਆਰ ਨਹੀਂ। ਖੇਤੀ ਨੂੰ ਕਮਾਈ ਦਾ ਚੰਗਾ ਸਾਧਨ ਨਾ ਮੰਨਦੇ ਹੋਏ ਉਹ ਵਿਦੇਸ਼ਾਂ ਵੱਲ ਪਲਾਇਨ ਕਰ ਰਹੇ ਹਨ। ਜੇਕਰ ਇਹ ਪਲਾਇਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕੁਝ ਸਾਲਾਂ ਬਾਅਦ ਪੰਜਾਬ ਵਿਚ ਸਿਰਫ ਬਜ਼ੁਰਗ ਹੀ ਰਹਿ ਜਾਣਗੇ, ਜੋ ਕਿ ਚਿੰਤਾ ਦਾ ਵਿਸ਼ਾ ਹੈ। 
PunjabKesari
ਸ਼੍ਰੀ ਚੋਪੜਾ ਨੇ ਕਿਹਾ ਕਿ ਸੰਪੂਰਨ ਖੇਤੀ ਪੂਰਨ ਰੋਜ਼ਗਾਰ, ਜ਼ਹਿਰ-ਮੁਕਤ ਖੇਤੀ ਮਿਸ਼ਨ ਦੇ ਸੰਕਲਪ ਨੂੰ ਲੈ ਕੇ ਜਿਹੜਾ ਕੰਮ ਫਗਵਾੜਾ ਤਕਨੀਕ ਦੇ ਮੋਹਰੀ ਸ. ਅਵਤਾਰ ਸਿੰਘ ਅਤੇ ਡਾ. ਚਮਨ ਲਾਲ ਵਸ਼ਿਸ਼ਟ ਕਰ ਰਹੇ ਹਨ, ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਦੇਸ਼ ਦੇ ਸੇਵਕ ਹਨ ਅਤੇ ਸਮਾਜ ਦੀ ਸੱਚੀ ਸੇਵਾ ਕਰ ਰਹੇ ਹਨ। ਇਨ੍ਹਾਂ ਦੇ ਯਤਨਾਂ ਨਾਲ ਕਿਸਾਨਾਂ ਵਿਚ ਜਾਗ੍ਰਿਤੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਖੇਤੀਬਾੜੀ ਦੇ ਸਬੰਧ ਵਿਚ ਬਹੁਤੀ ਜਾਣਕਾਰੀ ਨਹੀਂ ਹੈ ਪਰ ਇਸ ਤਕਨੀਕ ਨੇ ਮੈਨੂੰ ਖੇਤੀ ਵੱਲ ਆਕਰਸ਼ਿਤ ਕੀਤਾ ਹੈ। ਸਮਾਗਮ ਵਿਚ ਮੌਜੂਦ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਫਗਵਾੜਾ ਤਕਨੀਕ ਨਾਲ ਖੇਤੀ ਵਿਚ ਵੱਡੀ ਤਬਦੀਲੀ ਆ ਰਹੀ ਹੈ। 
ਉਨ੍ਹਾਂ ਕਿਹਾ ਕਿ ਖੇਤੀ ਦਾ ਵਿਸ਼ਾ ਪੜ੍ਹਾਉਣ ਵਾਲੇ ਮਾਹਿਰਾਂ ਅਤੇ ਪੜ੍ਹਨ ਵਾਲੇ ਬੱਚਿਆਂ ਨੂੰ ਵੀ ਖੇਤੀ ਦੇ ਅਜਿਹੇ ਪ੍ਰੋਗਰਾਮਾਂ ਵਿਚ ਬੁਲਾਉਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੀ ਖੇਤੀ ਵਿਚ ਰੁਚੀ ਵਧੇ ਅਤੇ ਇਸ ਤਕਨੀਕ ਨੂੰ ਅਪਣਾ ਕੇ ਕਿਸਾਨ ਆਪਣੇ ਆਰਥਿਕ ਸੰਕਟ ਤੋਂ ਛੁਟਕਾਰਾ ਪ੍ਰਾਪਤ ਕਰ ਸਕਣ। 
ਸ਼੍ਰੀ ਚੋਪੜਾ ਨੇ ਪ੍ਰੋਗਰਾਮ ਵਿਚ ਆਏ ਪੰਜਾਬ, ਹਰਿਆਣਾ ਅਤੇ ਯੂ. ਪੀ. ਦੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਕਤ ਖੇਤੀ ਤਕਨੀਕ ਨੂੰ ਵਧ-ਚੜ੍ਹ ਕੇ ਅਮਲ ਵਿਚ ਲਿਆਉਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅਸਲ ਸ਼ਕਤੀ ਅਮਲ ਵਿਚ ਹੀ ਹੈ। ਇਸ ਮੌਕੇ  ਸ਼੍ਰੀ ਚੋਪੜਾ ਨੇ ਇਸ ਤਕਨੀਕ ਨਾਲ ਸੰਬੰਧਿਤ ਇਕ ਕਿਤਾਬ ਵੀ ਰਿਲੀਜ਼ ਕੀਤੀ। 
PunjabKesari
ਸ. ਅਵਤਾਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਕਤ ਤਕਨੀਕ ਦੇ ਆਧਾਰ 'ਤੇ ਵਿਗਿਆਨਿਕ ਨਜ਼ਰੀਏ ਨਾਲ ਕੁਦਰਤ ਵਲੋਂ ਦਿੱਤੇ 5 ਤੱਤਾਂ ਦੀ ਸਹੀ ਵਰਤੋਂ ਕਰਕੇ ਫਸਲਾਂ ਦੀ ਵਧੇਰੇ ਪੈਦਾਵਾਰ ਹਾਸਿਲ ਕੀਤੀ ਜਾ ਸਕਦੀ ਹੈ। ਇਸ ਤਕਨੀਕ ਵਿਚ ਰਸਾਇਣਕ ਖਾਦਾਂ ਅਤੇ ਬੀਜਾਂ ਆਦਿ ਦੀ ਬਹੁਤ ਘੱਟ ਲਾਗਤ ਨਾਲ ਭਰਪੂਰ ਆਮਦਨ ਪ੍ਰਾਪਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੇ ਕਿਸਾਨ ਇਸ ਤਕਨੀਕ ਨੂੰ ਅਪਣਾ ਰਹੇ ਹਨ। 
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਬਾਗਬਾਨੀ ਵਿਭਾਗ ਦੇ ਸਾਬਕਾ ਡਾਇਰੈਕਟਰ ਡਾ. ਗੁਰਕੰਵਲ ਸਿੰਘ ਨੇ ਆਪਣੇ ਸੰਬੋਧਨ ਵਿਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਖੇਤੀ ਤਕਨੀਕ ਕਿਸਾਨਾਂ ਨੂੰ ਆਰਥਿਕ ਸੰਕਟ 'ਚੋਂ ਕੱਢਣ ਵਿਚ ਸਮਰੱਥ ਹੈ। ਇਸ ਲਈ ਦੇਸ਼ ਭਰ ਦੇ ਕਿਸਾਨਾਂ ਨੂੰ ਇਸ ਢੰਗ ਨਾਲ ਖੇਤੀ ਕਰਨੀ ਚਾਹੀਦੀ ਹੈ। ਡਾ. ਚਮਨ ਲਾਲ ਵਸ਼ਿਸ਼ਟ ਨੇ ਇਸ ਮੌਕੇ ਕਿਹਾ ਕਿ ਖੇਤੀ ਦੀ ਇਹ ਤਕਨੀਕ 25 ਸਾਲ ਦੇ ਤਜਰਬੇ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਹੈ ਅਤੇ ਇਹ ਕਿਸਾਨਾਂ ਦੇ ਆਰਥਿਕ ਸੰਕਟ, ਸੰਤੁਲਿਤ ਖੁਰਾਕ ਅਤੇ ਖੇਤੀ ਨਾਲ ਸੰਬੰਧਿਤ ਪ੍ਰਦੂਸ਼ਣ ਆਦਿ ਮਸਲਿਆਂ ਦਾ ਹੱਲ ਕਰਨ ਵਿਚ ਸਮਰੱਥ ਹੈ। ਇਸ ਮੌਕੇ ਖੇਤੀ ਦੇ ਵਿਸ਼ੇ ਨਾਲ ਸੰਬੰਧਿਤ ਹੋਰ ਮਾਹਿਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਇਸ ਤਕਨੀਕ ਦੀ ਸ਼ਲਾਘਾ ਕੀਤੀ।
ਇਸ ਤਕਨੀਕ ਨਾਲ ਪਾਣੀ ਦੀ ਹੋਵੇਗੀ ਵੱਡੀ ਬੱਚਤ : ਜੋਤੀ ਸ਼ਰਮਾ
ਬ੍ਰਾਊਨ ਯੂਨੀਵਰਸਿਟੀ ਅਮਰੀਕਾ ਦੀ ਵਿਜ਼ਟਿੰਗ ਪ੍ਰੋਫੈਸਰ ਅਤੇ ਵਾਟਰ ਕਮਿਸ਼ਨ ਆਫ ਇੰਡੀਆ ਦੀ ਸਾਬਕਾ ਮੈਂਬਰ ਮੈਡਮ ਜੋਤੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ 2 ਸਾਲਾਂ ਤੋਂ ਫਗਵਾੜਾ ਤਕਨੀਕ ਨਾਲ ਜੁੜੀ ਹੈ। ਉਨ੍ਹਾਂ ਕਿਹਾ ਕਿ ਸਾਡਾ ਮੁੱਖ ਉਦੇਸ਼ ਪਾਣੀ ਦੀ ਬੱਚਤ ਕਰਨਾ ਹੈ। ਇਸ ਤਕਨੀਕ ਨਾਲ ਸਿਰਫ ਪਾਣੀ ਦੀ ਬੱਚਤ ਹੀ ਨਹੀਂ ਹੁੰਦੀ, ਸਗੋਂ ਧਰਤੀ 'ਚ ਦੁਬਾਰਾ ਪਾਣੀ ਰੀਚਾਰਜ ਵੀ ਹੋ ਜਾਂਦਾ ਹੈ। 


Related News