ਲੋਅ ਟਨਲ ਤੇ ਮਲਚਿੰਗ ਵਿਧੀ ਨਾਲ ਸਬਜ਼ੀਆਂ ਦੀ ਕਾਸ਼ਤ ਕਰਕੇ ਕਿਸਾਨ ਵਧੇਰੇ ਲਾਭ ਲੈ ਸਕਦੈ

02/25/2018 4:52:39 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁਡੀ ਮੁਕਤਸਰ) - ਰਵਾਇਤੀ ਖੇਤੀ ਲਾਹੇਵੰਦ ਨਾ ਹੋਣ ਕਰਕੇ ਖੇਤੀ ਦੀ ਆਮਦਨ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਖੇਤੀ ਵਿਚ ਵਿਭਿੰਨਤਾ ਲਿਆਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਬਾਗਬਾਨੀ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਹਾਇਕ ਡਾਇਰੈਕਟਰ ਬਾਗਬਾਨੀ ਨਰਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਨੂੰ ਸਬਜ਼ੀਆਂ, ਫਲ, ਫੁੱਲ ਅਤੇ ਖੁੰਭਾ ਦੀ ਕਾਸ਼ਤ ਕਰਨ ਸਬੰਧੀ ਜਿੱਥੇ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਗੰਡੋਇਆਂ ਤੋਂ ਖਾਦ ਤਿਆਰ ਕਰਨ, ਸ਼ਹਿਦ ਦੀਆਂ ਮੱਖੀਆਂ ਪਾਲਣ ਵਰਗੇ ਧੰਦਿਆਂ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ।
ਸਹਾਇਕ ਡਾਇਰੈਕਟਰ ਨੇ ਕਿਹਾ ਕਿ ਅੱਜ ਕੱਲ ਆਬਾਦੀ ਦਾ ਵਾਧਾ, ਸ਼ਹਿਰੀਕਰਣ ਅਤੇ ਜ਼ਮੀਨ ਦੀ ਵੰਡ ਕਾਰਨ ਕਿਸਾਨਾਂ ਦੀਆਂ ਵਾਹੀਯੋਗ ਜ਼ਮੀਨਾਂ ਬਹੁਤ ਘੱਟ ਰਹੀਆਂ ਹਨ। ਇਸ ਕਰਕੇ ਹੁਣ ਥੋੜੀ ਜ਼ਮੀਨ ਵਿਚੋਂ ਬਹੁਤੀ ਆਮਦਨ ਲੈਣ ਨਾਲ ਹੀ ਕਿਸਾਨੀ ਨੂੰ ਬਚਾਇਆ ਜਾ ਸਕਦਾ ਹੈ।ਇਸ ਲਈ ਸਬਜ਼ੀਆਂ ਦੀ ਸੁਰੱਖਿਅਤ ਖੇਤੀ ਜਿਵੇਂ ਕਿ ਪੌਲੀ ਹਾਊਸ, ਨੈੱਟ ਹਾਊਸ, ਵਾਕ-ਇਨ-ਟਨਲਜ਼ ਅਤੇ ਲੋ ਟੰਨਲਜ਼ ਆਦਿ ਤਕਨੀਕਾਂ ਅਪਣਾਉਣੀਆਂ ਪੈਣਗੀਆਂ। ਪ੍ਰੋਟੈਕਟਿਡ ਕਲਟੀਵੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਹਰ ਮਹੀਨੇ ਸੈਂਟਰ ਆਫ ਐਕਸੀਲੈਸ ਕਰਤਾਰਪੁਰ ਵਿਚ ਟ੍ਰੇਨਿੰਗ ਲਈ ਨਾਮ ਭੇਜੇ ਜਾਂਦੇ ਹਨ। ਜ਼ਿਲੇ ਵਿਚੋਂ ਕੋਈ ਵੀ ਜ਼ਿਮੀਦਾਰ ਜੋ ਸੁਰੱਖਿਅਤ ਖੇਤੀ ਲਈ ਟ੍ਰੇਨਿੰਗ ਲੈਣਾ ਚਾਹੁੰਦਾ ਹੈ ਆਪਣਾ ਨਾਮ ਸਬੰਧਤ ਸਰਕਲ/ਬਲਾਕ ਅਫਸਰ ਨੂੰ ਲਿਖਾ ਸਕਦਾ ਹੈ। ਇਸ ਟ੍ਰੇਨਿੰਗ ਵਿਚ 75 ਫੀਸਦੀ (3000/-) ਖਰਚਾ ਪੰਜਾਬ ਸਰਕਾਰ ਅਤੇ 25 ਫੀਸਦੀ (1000/-) ਖਰਚਾ ਜ਼ਿਮੀਦਾਰ ਵਲੋਂ ਕੀਤਾ ਜਾਂਦਾ ਹੈ।
ਸਹਾਇਕ ਡਾਇਰੈਕਟਰ ਨੇ ਦੱਸਿਆ ਕਿ ਪਲਾਸਟਿਕ ਦੀ ਵਰਤੋਂ ਕਰਕੇ ਪੋਲੀ ਹਾਊੁਸ, ਨੈਟ ਹਾਊੁਸ, ਵਾਕ ਇੰਨ ਟਨਲ, ਮਲਚਿੰਗ ਅਤੇ ਲੋਅ ਟਨਲ ਵਿਚ ਸਬਜ਼ੀਆਂ ਦੀ ਆਮ ਰੁੱਤ ਨਾਲੋਂ ਅਗੇਤੀ ਤੇ ਪਛੇਤੀ ਕਾਸ਼ਤ ਕਰਕੇ ਕਿਸਾਨ ਵਧੇਰੇ ਆਮਦਨ ਲੈ ਸਕਦੇ ਹਨ। ਇਸ ਵਿਧੀ ਨਾਲ ਕੱਦੂ ਜਾਤੀ, ਟਮਾਟਰ, ਸ਼ਿਮਲਾ ਮਿਰਚ, ਖਰਬੂਜ਼ਾ ਅਤੇ ਤਰਬੂਜ਼ ਦੀ ਕਾਸ਼ਤ ਕੀਤੀ ਜਾਂਦੀ ਹੈ। ਇਸ ਵਿਧੀ ਦੀ ਵਰਤੋਂ ਕਰਕੇ ਜ਼ਿਲੇ ਦੇ ਅਗਾਂਹ ਵਧੂ ਕਿਸਾਨ ਵਧੇਰੇ ਮੁਨਾਫਾ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ 1 ਹਜ਼ਾਰ ਹੈਕਟੇਅਰ ਰਕਬੇ ਵਿਚ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ। ਨਰਿੰਦਰ ਜੀਤ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੋਲੀ ਹਾਊਸ ਅਤੇ ਨੈਟ ਹਾਊਸ ਵਿਧੀ ਦੀ ਕੀਮਤ ਜ਼ਿਆਦਾ ਹੋਣ ਕਰਕੇ ਆਮ ਕਿਸਾਨਾਂ ਦੀ ਪਹੁੰਚ ਵਿਚ ਨਹੀਂ ਹੈ। ਇਸ ਲਈ ਆਮ ਕਿਸਾਨ ਲੋਅ ਟਨਲ ਅਤੇ ਮਲਚਿੰਗ ਵਿਧੀ ਦੀ ਵਰਤੋਂ ਕਰਕੇ ਵਧੇਰੇ ਲਾਭ ਲੈ ਸਕਦੇ ਹਨ ਤੇ ਇਕ ਏਕੜ ਵਿਚ ਮਲਚਿੰਗ ਸ਼ੀਟ ਵਿਛਾ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਪਲਾਸਟਿਕ ਦੇ 4 ਤੋਂ 6 ਬੰਡਲ ਲਗਦੇ ਹਨ।ਇੱਕ ਬੰਡਲ ਦੀ ਕੀਮਤ 2000 ਰੁਪਏ ਤੋਂ ਲੈ ਕੇ 2400 ਰੁਪਏ ਤੱਕ ਹੈ । ਇੱਕ ਏਕੜ ਰਕਬੇ ਵਿਚ ਸਬਜ਼ੀਆਂ ਦੀ ਬਿਜਾਈ ਕਰਨ ਵਾਸਤੇ ਕਰੀਬ 13 ਹਜ਼ਾਰ ਰੁਪਏ ਤੱਕ ਦਾ ਖਰਚ ਆਉਂਦਾ ਹੈ।


Related News