ਸਮਰੱਥਾ ਤੋਂ ਬਿਨਾਂ ਕਾਹਦਾ ਹੰਕਾਰ

2/25/2018 9:34:25 AM

ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗੀਤਾ 'ਚ ਕਿਹਾ ਹੈ ਕਿ ਸਿਆਣਾ ਵਿਅਕਤੀ ਪੁੰਨ ਤੇ ਪਾਪ ਦੋਵਾਂ ਨੂੰ ਇਸੇ ਲੋਕ 'ਚ ਤਿਆਗ ਦਿੰਦਾ ਹੈ ਭਾਵ ਉਨ੍ਹਾਂ ਤੋਂ ਆਜ਼ਾਦ ਹੋ ਜਾਂਦਾ ਹੈ। ਇਸ ਲਈ ਤੁਸੀਂ ਹਰ ਹਾਲਤ ਵਿਚ ਇਕੋ ਜਿਹਾ ਵਤੀਰਾ ਕਰਨ ਵਾਲੇ ਯੋਗ 'ਚ ਲੱਗ ਜਾਓ। ਇਹ ਅਭਿਆਸ ਹੀ ਤੁਹਾਨੂੰ ਕਰਮ ਦੇ ਬੰਧਨ 'ਚੋਂ ਬਾਹਰ ਨਿਕਲਣ ਦਾ ਤਰੀਕਾ ਦੱਸੇਗਾ।
ਜਦੋਂ ਕੋਈ ਵਿਅਕਤੀ ਕਰਮ ਕਰਦਾ ਹੈ ਤਾਂ ਉਸ ਕਰਮ ਦਾ ਫਲ ਮਿਲਦਾ ਹੈ। ਚੰਗੇ ਕੰਮ ਪੁੰਨ ਅਤੇ ਬੁਰੇ ਕੰਮ ਪਾਪ ਫਲ ਦਿੰਦੇ ਹਨ। ਅਸੀਂ ਇਕ ਦਿਨ ਵਿਚ ਹੀ ਕਈ ਕੰਮ ਕਰ ਲੈਂਦੇ ਹਾਂ। ਇਸ ਤੋਂ ਅੰਦਾਜ਼ਾ ਲਾਓ ਕਿ ਪੂਰੀ ਜ਼ਿੰਦਗੀ ਵਿਚ ਕਿੰਨੇ ਕਰਮ ਜਮ੍ਹਾ ਹੋ ਜਾਂਦੇ ਹੋਣਗੇ। ਇਹ ਢੇਰਾਂ ਕਰਮ ਸਾਡੇ ਦਿਮਾਗ ਵਿਚ ਜਮ੍ਹਾ ਰਹਿੰਦੇ ਹਨ। ਕਰਮਾਂ ਦੇ ਫਲ ਤੋਂ ਬਚਣ ਲਈ ਹਮੇਸ਼ਾ ਇਕੋ ਜਿਹਾ ਵਤੀਰਾ ਕਰੋ। ਇਸ ਨਾਲ ਅਸੀਂ ਪਾਪ-ਪੁੰਨ ਦੋਵਾਂ ਤੋਂ ਉੱਪਰ ਉੱਠ ਸਕਾਂਗੇ।
ਉਂਝ ਤਾਂ ਕਰਮ ਸਾਡੇ ਵਲੋਂ ਹੁੰਦੇ ਹਨ ਪਰ ਅਸਲ ਵਿਚ ਇਹ ਅਸੀਂ ਨਹੀਂ ਕਰਦੇ। ਸਾਡੇ ਅੰਦਰ ਮੌਜੂਦ ਸਮਰੱਥਾ ਨਾਲ ਹੀ ਕੋਈ ਕੰਮ ਹੁੰਦਾ ਹੈ ਪਰ ਹੰਕਾਰ ਸੋਚਦਾ ਹੈ ਕਿ ਕਰਮ ਅਸੀਂ ਕਰ ਰਹੇ ਹਾਂ। ਅਸਲੀਅਤ 'ਚ ਸਮਰੱਥਾ ਤੋਂ ਬਿਨਾਂ ਹੰਕਾਰ ਕਿਸੇ ਕੰਮ ਦਾ ਨਹੀਂ। ਅਸੀਂ ਇਸ ਸਰੀਰ ਨੂੰ ਚਲਾਉਣ ਵਾਲੀ ਸ਼ਕਤੀ ਨੂੰ ਨਹੀਂ ਸਮਝਦੇ ਅਤੇ ਅਹਿਮੀਅਤ ਹੰਕਾਰ ਨੂੰ ਦਿੰਦੇ ਹਾਂ। ਇਹੋ ਕਾਰਨ ਹੈ ਕਿ ਹਰ ਕਰਮ ਦਾ ਫਲ ਸਾਨੂੰ ਮਿਲਦਾ ਹੈ।
ਦੇਖਿਆ ਜਾਵੇ ਤਾਂ ਅਸੀਂ ਸੌਣ-ਜਾਗਣ, ਖਾਣ-ਪੀਣ, ਨਹਾਉਣ, ਦੰਦ ਸਾਫ ਕਰਨ ਵਰਗੇ ਕੰਮ ਹੰਕਾਰ ਦੀ ਭਾਵਨਾ ਨਾਲ ਨਹੀਂ ਕਰਦੇ। ਇਹੋ ਕਾਰਨ ਹੈ ਕਿ ਇਹ ਕੰਮ ਸਾਡੇ ਦਿਮਾਗ ਵਿਚ ਜਮ੍ਹਾ ਨਹੀਂ ਹੁੰਦੇ। ਠੀਕ ਇਸੇ ਤਰ੍ਹਾਂ ਆਮ ਜੀਵਨ ਵਿਚ ਵੀ ਕੰਮ ਬਿਨਾਂ ਉਨ੍ਹਾਂ ਨਾਲ ਬੱਝ ਕੇ ਪੂਰੀ ਮੁਹਾਰਤ ਨਾਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।