ਕਪਤਾਨ ਵਿਰਾਟ ਕੋਹਲੀ ਨੂੰ ਟੈਸਟ ਚੈਂਪੀਅਨਸ਼ਿਪ ਦਾ ਮਿਲਿਆ ਵਿਸ਼ੇਸ਼ ਸਨਮਾਨ

02/25/2018 5:07:30 AM

ਕੇਪਟਾਊਨ— ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਮੈਚ ਸ਼ਨੀਵਾਰ ਨੂੰ ਕੇਪਟਾਊਨ 'ਚ ਖੇਡਿਆ ਗਿਆ। ਸੁਰੇਸ਼ ਰੈਨਾ ਦੀਆਂ 27 ਗੇਂਦਾਂ 'ਤੇ 43 ਦੌੜਾਂ ਤੋਂ ਬਾਅਦ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਭਾਰਤ ਨੇ ਫੈਸਲਾਕੁੰਨ ਤੀਜੇ ਟੀ-20 ਕ੍ਰਿਕਟ ਮੈਚ ਵਿਚ 7 ਦੌੜਾਂ ਨਾਲ ਜਿੱਤ ਦਰਜ ਕਰਕੇ ਲੜੀ 2-1 ਨਾਲ ਆਪਣੇ ਨਾਂ ਕਰ ਲਈ। ਭਾਰਤੀ ਟੀਮ ਨੇ ਇਸ ਤੋਂ ਪਹਿਲਾਂ ਵਨ-ਡੇ ਸੀਰੀਜ਼ 5-1 ਨਾਲ ਜਿੱਤੀ ਸੀ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ 'ਤੇ 172 ਦੌੜਾਂ ਬਣਾਈਆਂ। ਜਵਾਬ ਵਿਚ ਦੱਖਣੀ ਅਫਰੀਕੀ ਟੀਮ 20 ਓਵਰਾਂ ਵਿਚ 6 ਵਿਕਟਾਂ 'ਤੇ 165 ਦੌੜਾਂ ਹੀ ਬਣਾ ਸਕੀ। ਟੈਸਟ ਲੜੀ ਗੁਆਉਣ ਤੋਂ ਬਾਅਦ ਵਨ-ਡੇ ਲੜੀ ਜਿੱਤਣ ਵਾਲੀ ਭਾਰਤੀ ਟੀਮ ਨੇ ਇਸਦੇ ਨਾਲ ਹੀ 8 ਹਫਤੇ ਦੇ ਦੌਰੇ ਦਾ ਸ਼ਾਨਦਾਰ ਅੰਤ ਕੀਤਾ।
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸ਼ਨੀਵਾਰ ਨੂੰ ਕੇਪਟਾਊਨ 'ਚ ਦੱਖਣੀ ਅਫਰੀਕਾ ਦੇ ਖਿਲਾਫ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਮੈਚ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦਾ ਵਿਸ਼ੇਸ਼ ਸਨਮਾਨ ਦਿੱਤਾ ਗਿਆ। ਭਾਰਤ ਨੇ ਪਿਛਲੇ ਮਹੀਨੇ ਦੱਖਣੀ ਅਫਰੀਕਾ ਖਿਲਾਫ ਜੌਹਾਨਸਬਰਗ 'ਚ ਤੀਜੇ ਤੇ ਆਖਰੀ ਟੈਸਟ ਜਿੱਤ ਤੋਂ ਬਾਅਦ ਆਈ. ਸੀ. ਸੀ. ਟੈਸਟ ਰੈਂਕਿੰਗ 'ਚ ਨੰਬਰ ਇਕ ਸਥਾਨ ਤੇ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਹਾਸਲ ਕੀਤੀ। ਭਾਰਤ ਦੇ ਆਈ. ਸੀ. ਸੀ. ਟੈਸਟ ਰੈਂਕਿੰਗ 'ਚ 121 ਅੰਕ ਹਨ ਤੇ ਦੱਖਣੀ ਅਫਰੀਕਾ ਦੇ 115 ਅੰਕ ਹਨ। ਭਾਰਤ ਨੂੰ ਲਗਾਤਾਰ ਦੂਜੀ ਵਾਰ ਟੈਸਟ ਚੈਂਪੀਅਨਸ਼ਿਪ ਦਾ ਵਿਸ਼ੇਸ਼ ਸਨਮਾਨ  ਦਿੱਤਾ ਗਿਆ ਹੈ ਜੋ ਟੈਸਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦਿੱਤਾ ਜਾਂਦਾ ਹੈ।


Related News