ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪਹਿਲੀ ਵਾਰ ਕੀਤਾ ਇਹ ਕਾਰਨਾਮਾ

02/25/2018 4:22:58 AM

ਕੇਪਟਾਊਨ—ਤਜਰਬੇਕਾਰ ਬੱਲੇਬਾਜ਼ ਮਿਤਾਲੀ ਰਾਜ (62) ਦੇ ਬਿਹਤਰੀਨ ਅਰਧ ਸੈਂਕੜਿਆਂ ਤੋਂ ਬਾਅਦ ਸ਼ਿਖਾ ਪਾਂਡੇ ਤੇ ਰੂਮੇਲੀ ਧਾਰ ਦੀਆਂ 3-3 ਵਿਕਟਾਂ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਥੇ ਦੱਖਣੀ ਅਫਰੀਕਾ ਨੂੰ 5ਵੇਂ ਤੇ ਫੈਸਲਾਕੁੰਨ ਟੀ-20 ਮੈਚ 'ਚ ਸ਼ਨੀਵਾਰ 54 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਟੀ-20 ਸੀਰੀਜ਼ 3-1 ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ। ਸੀਰੀਜ਼ ਦਾ ਚੌਥਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।
ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 166 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਤੇ ਫਿਰ ਮੇਜ਼ਬਾਨ ਦੱਖਣੀ ਅਫਰੀਕੀ ਟੀਮ ਨੂੰ 18 ਓਵਰਾਂ ਵਿਚ 112 ਦੌੜਾਂ 'ਤੇ ਢੇਰ ਕਰ ਕੇ 54 ਦੌੜਾਂ ਨਾਲ ਮੈਚ ਜਿੱਤ ਲਿਆ ਤੇ 3-1 ਨਾਲ ਸੀਰੀਜ਼ ਆਪਣੇ ਨਾਂ ਕਰ ਲਈ।
ਇਸ ਸੀਰੀਜ਼ ਜਿੱਤ ਦੇ ਨਾਲ ਹੀ ਭਾਰਤੀ ਟੀਮ ਦੱਖਣੀ ਅਫਰੀਕਾ ਦੇ ਇਕ ਹੀ ਦੌਰੇ 'ਤੇ ਦੋ ਸੀਰੀਜ਼ ਜਿੱਤਣ ਵਾਲੀ ਪਹਿਲੀ ਭਾਰਤੀ ਟੀਮ ਬਣ ਗਈ ਹੈ। ਭਾਰਤੀ ਮਹਿਲਾ ਟੀਮ ਨੇ ਇਸ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਟੀ-20 ਸੀਰੀਜ਼ ਜਿੱਤੀ ਸੀ।


Related News