''ਨਵੀਂ H1B ਨੀਤੀ ਦਾ ਮਕਸਦ ਕਾਮਿਆਂ ਨੂੰ ਸੁਰੱਖਿਆ ਪ੍ਰਧਾਨ ਕਰਨਾ''

02/24/2018 4:52:12 PM

ਵਾਸ਼ਿੰਗਟਨ(ਭਾਸ਼ਾ)— ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ (ਯੂ.ਐਸ.ਸੀ.ਆਈ.ਐਸ) ਨੇ ਅੱਜ ਕਿਹਾ ਕਿ ਨਵੀਂ ਐਚ.1ਬੀ ਵੀਜ਼ਾ ਨੀਤੀ ਦਾ ਉਦੇਸ਼ ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ ਅਮਰੀਕੀ ਅਤੇ ਗੈਰ ਪ੍ਰਵਾਸੀ ਕਾਮੇ ਪੇਸ਼ੇਵਰਾਂ ਲਈ ਤਨਖਾਹ ਅਤੇ ਕੰਮ ਸਥਿਤੀਆਂ ਵਿਚ ਸੁਧਾਰ ਕਰਨਾ ਹੈ। ਯੂ.ਐਸ.ਸੀ.ਆਈ.ਐਸ ਨੇ ਵੀਰਵਾਰ ਨੂੰ ਨਵੀਂ ਨੀਤੀ ਜਾਰੀ ਕੀਤੀ ਹੈ, ਜਿਸ ਦੇ ਤਹਿਤ ਤੀਜੇ ਪੱਖ ਦੀ ਸਾਈਟ 'ਤੇ ਕਿਸੇ ਕੰਪਨੀ ਦੇ ਐਚ.1ਬੀ ਕਰਮਚਾਰੀ ਦੀ ਜ਼ਰੂਰਤ ਦੇ ਬਾਰੇ ਵਿਚ ਨਿਯਮ ਸਖਤ ਕੀਤੇ ਗਏ ਹਨ। ਐਚ.1ਬੀ ਪ੍ਰੋਗਰਾਮ ਦੇ ਤਹਿਤ ਅਸਥਾਈ ਅਮਰੀਕੀ ਵੀਜ਼ਾ ਦਿੱਤੇ ਜਾਂਦੇ ਹਨ। ਇਸ ਦੇ ਤਹਿਤ ਅਮਰੀਕੀ ਪੇਸ਼ੇਵਰਾਂ ਦੀ ਕਮੀ ਦੇ ਮੱਦੇਨਜ਼ਰ ਕੰਪਨੀਆਂ ਹੁਨਰਮੰਦ ਵਿਦੇਸ਼ੀ ਪੇਸ਼ੇਵਰਾਂ ਦੀ ਨਿਯੁਕਤੀ ਕਰ ਸਕਦੀ ਹੈ। ਯੂ.ਐਸ.ਸੀ.ਆਈ.ਐਸ ਦੇ ਬੁਲਾਰੇ ਨੇ ਦੱਸਿਆ ਕਿ ਅਸੀਂ ਤੀਜੇ ਪੱਖ ਦੀ ਸਾਈਟ ਲਈ ਮੌਜੂਦਾ ਨਿਯਮਾਂ ਅਤੇ ਨੀਤੀਆਂ ਨੂੰ ਸਪਸ਼ਟ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਟਰੰਪ ਸਰਕਾਰ ਨੇ ਐਚ.1ਬੀ ਵੀਜ਼ਾ ਜਾਰੀ ਕਰਨ ਦੇ ਨਿਯਮ ਸਖਤ ਕਰ ਦਿੱਤੇ ਹਨ, ਜਿਸ ਨਾਲ ਇੱਥੇ ਖਾਸ ਕਰ ਕੇ ਜੌਬ-ਵਰਕ ਕਰਨ ਵਾਲੀਆਂ ਭਾਰਤੀ ਸੂਚਨਾ ਟੈਕਨਾਲੋਜੀ ਕੰਪਨੀਆਂ ਲਈ ਛੋਟੀ ਮਿਆਦ ਲਈ ਭਾਰਤ ਦੇ ਹੁਨਰਮੰਦ ਕਰਮਚਾਰੀਆਂ ਨੂੰ ਸੱਦਣ ਵਿਚ ਭਾਰੀ ਮੁਸ਼ਕਲਾਂ ਹੋ ਸਕਦੀਆਂ ਹਨ। ਅਮਰੀਕੀ ਸਰਕਾਰ ਦੀ ਇਸ ਨਵੀਂ ਨੀਤੀ ਦੇ ਤਹਿਤ ਇਹ ਸਾਬਿਤ ਕਰਨਾ ਹੋਵੇਗਾ ਕਿ ਇਕ ਜਾਂ ਇਕ ਤੋਂ ਵਧ ਸਥਾਨਾਂ 'ਤੇ ਜੌਬ-ਵਰਕ ਦੀ ਤਰ੍ਹਾਂ ਕੰਮ ਕਰਨ ਲਈ ਇਸ ਵੀਜ਼ੇ 'ਤੇ ਸੱਦੇ ਜਾ ਰਹੇ ਕਰਮਚਾਰੀ ਦਾ ਕੰਮ ਵਿਸ਼ੇਸ਼ ਪ੍ਰਕਾਰ ਦਾ ਹੈ ਅਤੇ ਉਸ ਨੂੰ ਖਾਸ ਜ਼ਰੂਰਤ ਲਈ ਸੱਦਿਆ ਜਾ ਰਿਹਾ ਹੈ। ਸਰਕਾਰ ਇਹ ਵੀਜ਼ਾ ਅਜਿਹੇ ਕਰਮਚਾਰੀਆਂ ਲਈ ਜਾਰੀ ਕਰਦੀ ਹੈ ਜੋ ਬਹੁਤ ਉਚ ਹੁਨਰ ਪ੍ਰਾਪਤ ਹੁੰਦੇ ਹਨ ਅਤੇ ਉਸ ਵਰਗੇ ਹੁਨਰਮੰਦ ਲੋਕਾਂ ਦੀ ਅਮਰੀਕਾ ਵਿਚ ਕਮੀ ਹੁੰਦੀ ਹੈ।


Related News