ਦਰਸ਼ਕਾਂ ਦੀ ਕਚਹਿਰੀ 'ਚ ਪ੍ਰਵਾਨ ਹੋਏ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਦੇ 'ਲਾਵਾਂ ਫੇਰੇ'

2/24/2018 4:08:35 PM

ਮੈਲਬੋਰਨ(ਮਨਦੀਪ ਸਿੰਘ ਸੈਣੀ)— ਪਿਛਲੇ ਹਫਤੇ ਰਿਲੀਜ਼ ਹੋਈ ਪੰਜਾਬੀ ਫਿਲਮ 'ਲਾਵਾਂ ਫੇਰੇ' ਨੂੰ ਦੇਸ਼-ਵਿਦੇਸ਼ ਦੇ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਸਾਲ 2018 ਦੀ ਇਹ ਪਹਿਲੀ ਪੰਜਾਬੀ ਫਿਲਮ ਹੈ। ਮਾਰੀਸ਼ਸ਼ ਦੀਆਂ ਖੂਬਸੂਰਤ ਥਾਵਾਂ 'ਤੇ ਬਣੀ ਇਸ ਕਾਮੇਡੀ ਫਿਲਮ 'ਚ ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੇ ਵਿਆਹ 'ਚ ਤਿੰਨੋਂ ਜੀਜੇ ਰੋਹਬ ਜਾਂ ਪ੍ਰਭਾਵ ਝਾੜਦੇ ਆਪਣੀਆਂ ਮੰਗਾਂ ਪੂਰੀਆ ਕਰਵਾਉਣ ਲਈ ਪੂਰਾ ਖਰੂਦ ਪਾਉਂਦੇ ਦਿਖਾਇਆ ਗਿਆ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਨਾਰਾਜ ਹੋਣ ਵਾਲੇ ਜੀਜਿਆਂ ਦੀਆਂ ਮੰਗਾਂ ਪੂਰੀਆਂ ਕਰਨ 'ਚ ਸਹੁਰੇ ਪਰਿਵਾਰ ਦਾ ਪੂਰਾ ਜ਼ੋਰ ਲੱਗਾ ਹੋਇਆ ਹੁੰਦਾ ਹੈ। ਆਪਸੀ ਰਿਸ਼ਤਿਆਂ, ਪਰਿਵਾਰਕ ਤਾਣਾ ਬਾਣਾ, ਨੋਕ-ਝੋਕ ਅਤੇ ਪੰਜਾਬੀ ਸੱਭਿਆਚਾਰ ਦੇ ਰੰਗ ਬਿਖੇਰਦੀ 'ਲਾਵਾਂ ਫੇਰੇ' ਫਿਲਮ ਦੇ ਅੰਤ ਤੱਕ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਈ ਰੱਖਦੀ ਹੈ। ਕਰਮਜੀਤ ਅਨਮੋਲ ਨੇ ਬਤੌਰ ਨਿਰਮਾਤਾ ਇਸ ਫਿਲਮ ਰਾਹੀਂ ਪੰਜਾਬੀ ਸਿਨੇਮਾ ਜਗਤ 'ਚ ਪੈਰ ਰੱਖਿਆ ਹੈ। ਸਮੀਪ ਕੰਗ ਦੀ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਮੁੱਖ ਅਦਾਕਾਰ ਰੌਸ਼ਨ ਪ੍ਰਿੰਸ, ਰੁਬੀਨਾ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ. ਐੱਨ. ਸ਼ਰਮਾ, ਹਾਰਬੀ ਸੰਘਾ, ਮਲਕੀਤ ਰੌਣੀ ਵਰਗੇ ਕਲਾਕਾਰਾਂ ਨੇ ਢੁੱਕਵੀਂ ਅਦਾਕਾਰੀ ਨਾਲ ਆਪਣੇ ਕਿਰਦਾਰਾਂ ਨੂੰ ਬਾਖੂਬੀ ਢੰਗ ਨਾਲ ਨਿਭਾਇਆ ਹੈ।
ਫਿਲਮ ਦੀ ਸਫਲਤਾ ਤੋਂ ਬੇਹੱਦ ਖੁਸ਼ ਨਜ਼ਰ ਆ ਰਹੇ ਅਦਾਕਾਰ ਰੌਸ਼ਨ ਪ੍ਰਿੰਸ ਨੇ ਫੋਨ ਤੇ ਗੱਲਬਾਤ ਦੌਰਾਨ ਦੱਸਿਆਂ ਕਿ ਪੰਜਾਬੀ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਦਿੱਤੇ ਭਰਵੇਂ ਹੁੰਗਾਰੇ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਅੱਜ ਵੀ ਸਾਫ ਸੁੱਥਰੀਆਂ, ਪਰਿਵਾਰਕ ਤੇ ਮਿਆਰੀ ਫਿਲਮਾਂ ਪਸੰਦ ਕਰਦੇ ਹਨ। ਜਾਣਕਾਰੀ ਅਨੁਸਾਰ ਫਿਲਮ 'ਲਾਵਾਂ ਫੇਰੇ' ਆਸਟ੍ਰੇਲੀਆ 'ਚ 1 ਲੱਖ 93 ਹਜ਼ਾਰ ਡਾਲਰ ਅਤੇ ਨਿਊਜ਼ੀਲੈਂਡ 'ਚ ਕਰੀਬ 35,000 ਹਜ਼ਾਰ ਡਾਲਰ ਦੀ ਕਮਾਈ ਕਰ ਚੁੱਕੀ ਹੈ ਤੇ ਕਮਾਈ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਦੁਨੀਆਂ ਭਰ ਦੇ ਸਿਨਮਿਆਂ 'ਚ ਦਰਸ਼ਕ 'ਲਾਵਾਂ ਫੇਰੇ' ਨੂੰ ਮਣਾਂ ਮੂੰਹੀ ਪਿਆਰ ਦੇ ਰਹੇ ਹਨ ਤੇ ਇਸ ਫਿਲਮ ਦੀ ਸਫਲਤਾ ਨੇ ਪੰਜਾਬੀ ਸਿਨੇਮਾ ਦੇ ਕੱਦ ਨੂੰ ਹੋਰ ਉੱਚਾ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News