ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਜ਼ਰੂਰੀ : ਡਾਇਰੈਕਟਰ ਬੈਂਸ

02/24/2018 7:55:13 AM

ਸਮਰਾਲਾ (ਬੰਗੜ, ਗਰਗ) - ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੀਰ ਸਿੰਘ ਬੈਂਸ ਨੇ ਕਿਹਾ ਕਿ ਖੇਤੀ ਨੂੰ ਲਾਹੇ ਦਾ ਧੰਦਾ ਬਣਾਉਣ ਲਈ ਤਕਨਾਲੋਜੀ ਦਾ ਇਸਤੇਮਾਲ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਉਨ੍ਹਾਂ ਫਾਰਮਰ ਐਗਰੀਮਾਰਟ ਸੁਖਦੇਵ ਫਾਰਮਜ਼ ਮੁਸ਼ਕਾਬਾਦ ਵਿਖੇ ਕਿਸਾਨਾਂ ਦੇ ਸਮੂਹ ਵਲੋਂ ਤਿਆਰ ਆਧੁਨਿਕ ਤਕਨਾਲੋਜੀ ਨਾਲ ਆਲੂਆਂ ਦੇ ਟਿਊਬਰ ਦੀ ਫਸਲ ਦਾ ਨਿਰੀਖਣ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਹਰ ਕੰਮ ਨਵੀਂ ਤਕਨਾਲੋਜੀ ਜ਼ਰੀਏ ਹੀ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ। ਕਿਸਾਨਾਂ ਵਲੋਂ ਆਲੂਆਂ ਦਾ ਬੀਜ ਪਹਿਲਾਂ ਖੁੱਲ੍ਹੀ ਖੇਤੀ ਵਿਚ ਹੀ ਤਿਆਰ ਕੀਤਾ ਜਾਂਦਾ ਸੀ ਪਰ ਪੌਲੀ ਹਾਊਸ ਅੰਦਰ ਜੀਵਾਣੂ ਰਹਿਤ ਤੇ ਉੱਚ ਦਰਜੇ ਦਾ ਬੀਜ ਤਿਆਰ ਕਰਕੇ ਇਹ ਪਹਿਲੀ ਵਾਰ ਸਫਲ ਤਜਰਬਾ ਕੀਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਉੱਚ ਕੁਆਲਿਟੀ ਦਾ ਬੀਜ ਮੁਹੱਈਆ ਕਰਵਾਇਆ ਜਾਵੇਗਾ। ਇਸ ਕੰਮ ਲਈ ਉਨ੍ਹਾਂ ਦਵਿੰਦਰ ਸਿੰਘ ਮੁਸ਼ਕਾਬਾਦ ਨੂੰ ਕੀਤੇ ਗਏ ਇਸ ਸਫਲ ਤਜਰਬੇ ਦੀ ਵਧਾਈ ਦਿੱਤੀ।
ਅਗਾਂਹਵਧੂ ਕਿਸਾਨ ਦਵਿੰਦਰ ਸਿੰਘ ਮੁਸ਼ਕਾਬਾਦ ਨੇ ਦੱਸਿਆ ਕਿ ਕਿਸਾਨਾਂ ਨੂੰ ਸਮੂਹਿਕ ਰੂਪ 'ਚ ਇਕੱਠੇ ਹੋ ਕੇ ਬੀਜ ਤੋਂ ਲੈ ਕੇ ਮੰਡੀਕਰਨ ਤਕ ਦੇ ਸਾਰੇ ਕੰਮ ਆਪਣੇ ਕੰਟਰੋਲ ਅਧੀਨ ਕਰਨੇ ਪੈਣਗੇ, ਨਹੀਂ ਤਾਂ ਪਹਿਲਾਂ ਦੀ ਤਰ੍ਹਾਂ ਹੀ ਸਾਰੇ ਕੰਮਾਂ 'ਚੋਂ ਹੋਣ ਵਾਲੀ ਕਮਾਈ ਵਿਚੋਲੇ ਖਾਣਗੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਫਾਰਮਜ਼ ਐਗਰੀਮਾਰਟ ਦੇ ਕੀਤੇ ਜਾਂਦੇ ਕਾਰਜਾਂ ਨੂੰ ਵੇਖਣ ਉਪਰੰਤ ਹੀ ਉਹ ਆਪਣੇ ਖੇਤਾਂ ਵਿਚ ਨਵੀਂ ਤਕਨੀਕ ਨਾਲ ਖੇਤੀ ਸ਼ੁਰੂ ਕਰਨ।
ਡਾਇਰੈਕਟਰ ਬੈਂਸ ਨੇ ਕਿਹਾ ਕਿ ਖੇਤੀ 'ਤੇ ਹੋਣ ਵਾਲੇ ਖਰਚੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ ਜੇਕਰ ਪਾਣੀ ਲਾਉਣ ਲਈ ਟਿਊਬਵੈੱਲ ਖਰਚੇ ਦੀ ਗੱਲ ਕਰੀਏ ਤਾਂ ਪਾਣੀ ਦਾ ਪੱਧਰ ਡੂੰਘਾ ਹੋਣ ਕਾਰਨ ਲੱਖਾਂ ਰੁਪਏ ਦਾ ਖਰਚਾ ਬੋਰ ਕਰਨ ਤੇ ਮੋਟਰ ਲਵਾਉਣ 'ਤੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਨੂੰ ਟੈਂਕ ਵਿਚ ਸਟੋਰ ਕਰਕੇ ਉਸ ਨੂੰ ਸੋਲਰ ਪੰਪ ਨਾਲ ਸਿੰਚਾਈ ਲਈ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ, ਸੋਲਰ ਪੰਪ 'ਤੇ ਪੰਜਾਬ ਸਰਕਾਰ ਵਲੋਂ ਵਿੱਤੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ।
ਬੇਸ਼ੱਕ ਸੋਲਰ ਪੰਪ ਸਾਰਾ ਸਾਲ ਜਾਂ ਸੂਰਜੀ ਰੌਸ਼ਨੀ ਜਾਣ ਕਰਕੇ ਸਫਲਤਾ ਨਾਲ ਕੰਮ ਨਹੀਂ ਕਰ ਸਕਦਾ ਪਰ ਗਰਮੀਆਂ ਦੇ ਸੀਜ਼ਨ 'ਚ ਉਸ ਨੂੰ ਢੁਕਵੀਂ ਸੂਰਜੀ ਰੌਸ਼ਨੀ ਮਿਲਦੀ ਰਹਿੰਦੀ ਹੈ, ਜਿਸ ਨਾਲ ਫਸਲਾਂ ਦੀ ਸਿੰਚਾਈ ਦੀ ਲੋੜ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਪੁੱਜੇ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਡਾ. ਬਲਦੇਵ ਸਿੰਘ ਨੇ ਕਿਹਾ ਕਿ ਕੁਦਰਤੀ ਸਰੋਤਾਂ ਨੂੰ ਖੇਤੀਬਾੜੀ ਦੇ ਅਨੁਕੂਲ ਵਰਤ ਕੇ ਹੀ ਕਿਸਾਨ ਆਪਣੇ ਆਉਣ ਵਾਲੇ ਖੇਤੀ ਖਰਚੇ ਨੂੰ ਘਟਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦਵਿੰਦਰ ਮੁਸ਼ਕਾਬਾਦ ਫਾਰਮਰ ਐਗਰੀਮਾਰਟ ਵਿਖੇ ਪਿਛਲੇ 4 ਸਾਲਾਂ ਤੋਂ ਸੋਲਰ ਪੰਪਾਂ ਨਾਲ ਪੌਲੀ ਹਾਊਸ ਅਧੀਨ ਨਮੀ ਨੂੰ ਬਰਕਰਾਰ ਰੱਖਣ ਲਈ ਵਰਤੋਂ ਕਰਦੇ ਆ ਰਹੇ ਹਨ, ਜਿਸ ਨਾਲ ਉਨ੍ਹਾਂ ਨੂੰ ਬਿਜਲੀ 'ਤੇ ਨਿਰਭਰ ਨਹੀਂ ਰਹਿਣਾ ਪੈਂਦਾ। ਇਸ ਮੌਕੇ ਸੁਖਵਿੰਦਰ ਸਿੰਘ ਖੱਟਰਾਂ, ਗੁਰਦੀਪ ਸਿੰਘ ਢਿੱਲੋਂ, ਪਰਮਜੀਤ ਸਿੰਘ, ਰਾਜਵਿੰਦਰ ਸਿੰਘ, ਜਸਦੀਪ ਸਿੰਘ ਸਮੇਤ ਖੇਤੀਬਾੜੀ ਵਿਭਾਗ ਦੇ ਹੋਰ ਵੀ ਅਧਿਕਾਰੀ ਤੇ ਕਿਸਾਨ ਹਾਜ਼ਰ ਸਨ।
ਇੰਝ ਇਕੱਠਿਆਂ ਹੋਵੇਗੀ ਗੰਨੇ ਤੇ ਸ਼ਿਮਲਾ ਮਿਰਚ ਦੀ ਖੇਤੀ
ਦਵਿੰਦਰ ਮੁਸ਼ਕਾਬਾਦ ਵਲੋਂ ਡਾ. ਜਸਵੀਰ ਸਿੰਘ ਬੈਂਸ ਨਾਲ ਖੁੱਲ੍ਹੇ ਖੇਤ ਵਿਚ ਆਧੁਨਿਕ ਤਕਨਾਲੋਜੀ ਰਾਹੀਂ ਗੰਨੇ ਦੀ ਫਸਲ ਵਿਚ ਸ਼ਿਮਲਾ ਮਿਰਚ ਦੀ ਇਕੱਠਿਆਂ ਖੇਤੀ ਦਾ ਤਜਰਬਾ ਵੀ ਸਾਂਝਾ ਕੀਤਾ ਗਿਆ। ਮੁਸ਼ਕਾਬਾਦ ਨੇ ਦੱਸਿਆ ਕਿ ਅਗਸਤ ਮਹੀਨੇ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਫਾਊਂਡੇਸ਼ਨ ਬੀਜ ਦੀ ਸਿੰਗਲ ਅੱਖ ਨੂੰ ਕੱਟ ਕੇ ਨਰਸਰੀ ਤਿਆਰ ਕੀਤੀ ਗਈ ਹੈ।
40 ਦਿਨਾਂ ਉਪਰੰਤ ਉਸ ਨੂੰ ਖੇਤ ਵਿਚ 4*2 ਫੁੱਟ ਦੇ ਫਾਸਲੇ 'ਤੇ ਲਾਇਆ ਗਿਆ ਹੈ। ਉਸ ਵਿਚ ਸਿੰਗਲ ਲਾਈਨ ਸ਼ਿਮਲਾ ਮਿਰਚ ਦੇ ਬੂਟੇ ਅਕਤੂਬਰ ਮਹੀਨੇ ਵਿਚ ਲੋਅ ਟਨਲ ਵਿਧੀ ਨਾਲ ਲਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਗੰਨੇ ਦੀ ਫਸਲ ਘੱਟ ਤਾਪਮਾਨ ਵਿਚ ਜ਼ਿਆਦਾ ਕੱਦ ਨਹੀਂ ਕੱਢਦੀ ਹੈ, ਇਸ ਕਰਕੇ ਇਸ ਵਿਚ ਸ਼ਿਮਲਾ ਮਿਰਚ ਦੀ ਖੇਤੀ ਇਕੱਠਿਆਂ ਕੀਤੀ ਜਾ ਸਕਦੀ ਹੈ। ਇਸਦੇ ਨਾਲ-ਨਾਲ ਅਪ੍ਰੈਲ-ਮਈ ਮਹੀਨੇ ਵਿਚ ਮੌਸਮ 'ਚ ਗਰਮ ਹਵਾ ਤੋਂ ਬਚਾਉਣ ਲਈ ਗੰਨੇ ਦੀ ਫਸਲ ਸ਼ਿਮਲਾ ਮਿਰਚ ਲਈ ਵਰਦਾਨ ਸਾਬਿਤ ਹੁੰਦੀ ਹੈ।


Related News