ਸ਼ਹਿਰ ''ਚ ਸ਼ਰੇਆਮ ਚੱਲ ਰਿਹੈ ਸ਼ਰਾਬ ਪਿਲਾਉਣ ਦਾ ਦੌਰ

02/21/2018 5:50:12 PM

ਫਗਵਾੜਾ (ਅਭਿਸ਼ੇਕ)— ਸ਼ਹਿਰ 'ਚ ਨਾਜਾਇਜ਼ ਢੰਗ ਨਾਲ ਸ਼ਰਾਬ ਪਿਆਉਣ ਦਾ ਧੰਦਾ ਧੜੱਲੇ ਨਾਲ ਜਾਰੀ ਹੈ। ਕੋਈ ਰੈਸਟੋਰੈਂਟ ਹੋਵੇ, ਢਾਬਾ, ਹੋਟਲ ਜਾਂ ਫਿਰ ਚਿਕਨ, ਮੀਟ ਵੇਚਣ ਵਾਲੀ ਰੇਹੜੀ ਹੋਵੇ, ਤੁਹਾਨੂੰ ਹਰ ਜਗ੍ਹਾ ਲੋਕ ਬੇਖੌਫ ਅਤੇ ਧੜੱਲੇ ਨਾਲ ਸ਼ਰਾਬ ਪੀਂਦੇ ਨਜ਼ਰ ਆਉਣਗੇ। ਇਸ ਗੱਲ ਤੋਂ ਜ਼ਾਹਿਰ ਹੁੰਦਾ ਹੈ ਕਿ ਆਬਕਾਰੀ ਵਿਭਾਗ ਜਾਂ ਪੁਲਸ ਨਾਲ ਸੈਟਿੰਗ ਤੋਂ ਬਿਨਾਂ ਇਹ ਸਾਰਾ ਖੇਡ ਹੋ ਹੀ ਨਹੀਂ ਸਕਦਾ। 
ਸ਼ਹਿਰ 'ਚ ਸਥਿਤ ਰੈਸਟੋਰੈਂਟ, ਢਾਬੇ ਤੇ ਹੋਟਲ ਹੀ ਨਹੀਂ, ਸ਼ਹਿਰ ਦੇ ਕਈ ਖੇਤਰਾਂ 'ਚ ਸ਼ਰਾਬੀਆਂ ਦਾ ਇਹ ਨਜ਼ਾਰਾ ਸ਼ਾਮ ਢਲਦੇ ਹੀ ਤੁਸੀਂ ਦੇਖ ਸਕਦੇ ਹੋ। ਸ਼ਹਿਰ ਦੇ ਕਈ ਇਲਾਕਿਆਂ 'ਚ ਰਾਤ ਦੇ ਹਨੇਰੇ 'ਚ ਹੀ ਨਹੀਂ ਸਗੋਂ ਸਟਰੀਟ ਲਾਈਟਾਂ ਦੀ ਰੌਸ਼ਨੀ 'ਚ ਵੀ ਗੱਡੀਆਂ 'ਚ ਬੈਠ ਕੇ ਸ਼ਰੇਆਮ ਸ਼ਰਾਬ ਪਿਆਉਣ ਦਾ ਕਾਰੋਬਾਰ ਚੱਲ ਰਿਹਾ ਹੈ। 
ਜ਼ਿਕਰਯੋਗ ਹੈ ਕਿ ਉਕਤ ਰੇਹੜੀਆਂ, ਢਾਬਿਆਂ ਤੇ ਰੈਸਟੋਰੈਂਟਾਂ 'ਚ ਇਹ ਆਲਮ ਕਈ ਸਾਲਾਂ ਤੋਂ ਨਾਜਾਇਜ਼ ਢੰਗ ਨਾਲ ਚੱਲ ਰਿਹਾ ਹੈ, ਜਦਕਿ ਜ਼ਿਲਾ ਪ੍ਰਸ਼ਾਸਨ ਅੱਖਾਂ ਬੰਦ ਕਰੀ ਬੈਠਾ ਹੈ, ਜਿਸ ਕਾਰਨ ਨਿਡਰ ਹੋ ਕੇ ਇਹ ਗੈਰ-ਕਾਨੂੰਨੀ ਕੰਮ ਨੂੰ ਅੰਜਾਮ ਦੇ ਰਹੇ ਹਨ। ਇੰਨੇ ਵੱਡੇ ਸ਼ਹਿਰ 'ਚ ਇਸ ਤਰ੍ਹਾਂ ਸ਼ਰੇਆਮ ਚੱਲ ਰਿਹਾ ਇਹ 2 ਨੰਬਰ ਦਾ ਕੰਮ ਆਪਣੇ ਆਪ 'ਚ ਪ੍ਰਸ਼ਾਸਨ ਦੀ ਭਾਰੀ ਨਾਲਾਇਕੀ ਦਾ ਸਬੂਤ ਹੈ। ਇਹ ਢਿੱਲ ਗਲਤ ਕੰਮ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਕਰ ਰਹੀ ਹੈ, ਜਿਸ ਕਾਰਨ ਸ਼ਹਿਰ 'ਚ ਜਿਥੇ ਨਿਯਮ ਵਿਵਸਥਾ ਦੀ ਕਮਰ ਟੁੱਟਦੀ ਨਜ਼ਰ ਆ ਰਹੀ ਹੈ, ਉਥੇ ਪ੍ਰਸ਼ਾਸਨ ਦੇ ਜਾਗਣ ਦੀ ਉਮੀਦ ਵੀ ਘੱਟ ਹੀ ਲੱਗ ਰਹੀ ਹੈ। 

PunjabKesari
'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਰਾਹਗੀਰਾਂ ਨੇ ਕਿਹਾ ਕਿ ਅਜਿਹੀਆਂ ਦੁਕਾਨਾਂ ਤੇ ਰੇਹੜੀਆਂ ਅੱਗਿਓਂ ਪਰਿਵਾਰ ਨਾਲ ਲੰਘਣ 'ਚ ਬਹੁਤ ਮੁਸ਼ਕਲ ਆਉਂਦੀ ਹੈ ਅਤੇ ਸ਼ਰੇਆਮ ਰੇਹੜੀਆਂ ਤੇ ਦੁਕਾਨਾਂ ਦੇ ਕਾਊਂਟਰ 'ਤੇ ਸ਼ਰਾਬ ਦੀ ਬੋਤਲ ਰੱਖ ਕੇ ਪੀਣ ਦਾ ਦ੍ਰਿਸ਼ ਬੱਚਿਆਂ 'ਤੇ ਬਹੁਤ ਗਲਤ ਪ੍ਰਭਾਵ ਪਾਉਂਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਕਾਰਵਾਈ ਕਰਦੇ ਹੋਏ ਬਿਨਾਂ ਮਨਜ਼ੂਰੀ ਦੇ ਨਾਜਾਇਜ਼ ਢੰਗ ਨਾਲ ਸ਼ਰੇਆਮ ਸ਼ਰਾਬ ਪਿਆਉਣ ਵਾਲਿਆਂ 'ਤੇ ਕਾਰਵਾਈ ਕਰਨੀ ਚਾਹੀਦੀ ਹੈ।

PunjabKesari
ਕੀ ਕਹਿੰਦੇ ਹਨ ਐੱਸ. ਪੀ.
ਇਸ ਸਬੰਧੀ ਐੱਸ. ਪੀ. ਫਗਵਾੜਾ ਪੀ. ਐੱਸ. ਭੰਡਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਐੱਸ. ਐੱਚ. ਓ. ਨੂੰ ਨਿਰਦੇਸ਼ ਦੇ ਕੇ ਚੌਪਾਟੀ ਖੇਤਰ 'ਚ ਮੁਹਿੰਮ ਚਲਾਈ ਸੀ ਅਤੇ ਹੁਣ ਵੀ ਜਦੋਂ ਉਨ੍ਹਾਂ ਦੇ ਧਿਆਨ 'ਚ ਗੱਲ ਆਵੇਗੀ ਤਾਂ ਇਸ 'ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ।


Related News