CWG 2018: ਸਟਾਰ ਬੈਡਮਿੰਟਨ ਖਿਡਾਰੀ ਸਿੰਧੂ-ਸ਼੍ਰੀਕਾਂਤ ਕਰਨਗੇ ਭਾਰਤੀ ਟੀਮ ਦੀ ਅਗਵਾਈ

02/21/2018 4:30:05 PM

ਨਵੀਂ ਦਿੱਲੀ, (ਬਿਊਰੋ)— ਭਾਰਤੀ ਬੈਡਮਿੰਟਨ ਸੰਘ (ਬੀ. ਏ. ਆਈ.) ਨੇ ਚਾਰ ਅਪ੍ਰੈਲ ਤੋਂ ਆਸਟ੍ਰੇਲੀਆ ਦੇ ਗੋਲ ਕੋਸਟ 'ਚ ਸ਼ੁਰੂ ਹੋ ਰਹੇ ਕਾਮਨਵੈਲਥ ਗੇਮਸ ਟੂਰਨਾਮੈਂਟ 2018 ਦੇ ਲਈ ਬੈਡਮਿੰਟਨ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੂਰਨਾਮੈਂਟ 'ਚ ਰੀਓ ਓਲੰਪਿਕ ਦੀ ਚਾਂਦੀ ਦਾ ਤਗਮਾ ਜੇਤੂ ਪੀ.ਵੀ. ਸਿੰਧੂ ਅਤੇ ਭਾਰਤੀ ਪੁਰਸ਼ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਭਾਰਤੀ ਬੈਡਮਿੰਟਨ ਟੀਮ ਦੀ ਅਗਵਾਈ ਕਰਨਗੇ। ਕਾਮਨਵੈਲਥ ਖੇਡਾਂ ਦਾ ਆਯੋਜਨ ਚਾਰ ਤੋਂ 15 ਅਪ੍ਰੈਲ ਤਕ ਹੋਵੇਗਾ। 

ਕਾਮਨਵੈਲਥ ਖੇਡਾਂ ਦੇ ਲਈ ਪੁਰਸ਼ ਵਰਗ 'ਚ ਸ਼੍ਰੀਕਾਂਤ ਤੋਂ ਇਲਾਵਾ, ਐਚ. ਐਸ. ਪ੍ਰਣਯ, ਚਿਰਾਗ ਸ਼ੈੱਟੀ, ਸਾਤਵਿਕ ਸਾਈਰਾਜ ਅਤੇ ਪ੍ਰਣਵ ਜੈਰੀ ਚੋਪੜਾ ਨੂੰ ਸ਼ਾਮਲ ਕੀਤਾ ਗਿਆ। ਇਸ ਦੇ ਨਾਲ ਮਹਿਲਾ ਵਰਗ 'ਚ ਸਿੰਧੂ ਦੇ ਨਾਲ ਲੰਡਨ ਓਲੰਪਿਕ ਦੇ ਕਾਂਸੀ ਦੇ ਤਮਗੇ ਦੀ ਜੇਤੂ ਸਾਈਨਾ ਨੇਹਵਾਲ, ਅਸ਼ਵਨੀ ਪੋਨੱਪਾ, ਸਿੱਕੀ ਰੇਡੀ ਅਤੇ ਰੁਤਵਿਕਾ ਸ਼ਿਵਾਨੀ ਨੂੰ ਜਗ੍ਹਾ ਮਿਲੀ ਹੈ। ਚਿਰਾਗ ਅਤੇ ਸਾਤਵਿਕ ਪਹਿਲੀ ਵਾਰ ਕਾਮਨਵੈਲਥ ਖੇਡਾਂ 'ਚ ਹਿਸਾ ਲੈ ਰਹੇ ਹਨ। ਉਹ ਦੋਵੇਂ ਪੁਰਸ਼ ਡਬਲਜ਼ ਵਰਗ 'ਚ ਮੁਕਾਬਲਾ ਕਰਨਗੇ। ਪ੍ਰਣਬ ਮਿਕਸਡ ਡਬਲਜ਼ ਵਰਗ 'ਚ ਸਿੱਕੀ ਦੇ ਨਾਲ ਹਿਸਾ ਲੈਣਗੇ। ਭਾਰਤ ਨੂੰ ਗਰੁਪ ਏ 'ਚ ਪਾਕਿਸਤਾਨ, ਸ਼੍ਰੀਲੰਕਾ ਅਤੇ ਸਕਾਟਲੈਂਡ ਦੇ ਨਾਲ ਰਖਿਆ ਗਿਆ ਹੈ। 

ਭਾਰਤੀ ਬੈਡਮਿੰਟਨ ਸੰਘ ਦੇ ਜਨਰਲ ਸਕੱਤਰ ਅਨੂਪ ਨਾਰੰਗ ਨੇ ਕਿਹਾ, ਸਾਡੇ ਕੋਲ ਇਸ ਸਾਲ ਜਿੱਤ ਦਾ ਵਧੀਆ ਮੌਕਾ ਹੈ। ਖਿਡਾਰੀਆਂ ਦੀ ਰੈਂਕਿੰਗ ਬਿਹਤਰ ਹੋਈ ਹੈ ਅਤੇ ਇਸ ਪ੍ਰਸਿੱਧ ਟੂਰਨਾਮੈਂਟ 'ਚ ਦੇਸ਼ ਦਾ ਮਾਣ ਵਧਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਅਸੀਂ ਚਰਚਾ ਤੋਂ ਬਾਅਦ ਰਾਸ਼ਟਰ ਮੰਡਲ ਖੇਡਾਂ ਦੇ ਲਈ ਦੱਸ ਸਭ ਤੋਂ ਵਧੀਆ ਖਿਡਾਰੀਆਂ ਨੂੰ ਚੁਣਿਆ ਹੈ। 

ਪੁਰਸ਼ ਟੀਮ : ਕਿਦਾਂਬੀ ਸ਼੍ਰੀਕਾਂਤ, ਐੱਚ.ਐੱਸ. ਪ੍ਰਣਯ, ਚਿਰਾਗ ਸ਼ੈੱਟੀ, ਸਾਤਵਿਕ ਸਾਈਰਾਜ, ਪ੍ਰਣਵ ਜੇਰੀ ਚੋਪੜਾ।

ਮਹਿਲਾ ਟੀਮ : ਪੀ.ਵੀ. ਸਿੰਧੂ, ਸਾਈਨਾ ਨੇਹਵਾਲ, ਅਸ਼ਵਿਨੀ ਪੋਨੱਪਾ, ਸਿੱਕੀ ਰੈੱਡੀ, ਰੁਤਵਿਕਾ ਸ਼ਿਵਾਨੀ ਗਾਡੇ।


Related News