ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਸਰਕਾਰ ਖਿਲਾਫ਼ ਅਰਥੀ ਫੂਕ ਮੁਜ਼ਾਹਰਾ

02/20/2018 2:26:34 AM

ਹੁਸ਼ਿਆਰਪੁਰ, (ਘੁੰਮਣ)- ਪੰਜਾਬ ਮਿਊਂਸੀਪਲ ਐਕਸ਼ਨ ਕਮੇਟੀ ਦੇ ਸੱਦੇ 'ਤੇ ਨਗਰ ਨਿਗਮ ਹੁਸ਼ਿਆਰਪੁਰ ਦੀਆਂ ਸਾਰੀਆਂ ਬ੍ਰਾਂਚਾਂ ਦੇ ਮੁਲਾਜ਼ਮਾਂ ਵੱਲੋਂ ਪੁਰਾਣੇ ਦਫਤਰ ਨਗਰ ਨਿਗਮ ਹੁਸ਼ਿਆਰਪੁਰ ਤੋਂ ਘੰਟਾਘਰ ਤੱਕ ਅਰਥੀ ਫੂਕ ਰੋਸ ਮਾਰਚ ਕੀਤਾ ਗਿਆ ਅਤੇ ਘੰਟਾਘਰ ਵਿਖੇ ਪਹੁੰਚ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਰੋਸ ਮਾਰਚ ਦੀ ਪ੍ਰਧਾਨਗੀ ਕੁਲਵੰਤ ਸਿੰਘ ਸੈਣੀ ਕਨਵੀਨਰ ਪੰਜਾਬ ਵੱਲੋਂ ਕੀਤੀ ਗਈ। 
ਇਸ ਰੋਸ ਮਾਰਚ ਵਿਚ ਕੇਵਲ ਲਾਲ ਹੀਰ ਪ੍ਰਧਾਨ ਜਲੰਧਰ ਰਿਜਨ ਉਚੇਚੇ ਤੌਰ 'ਤੇ ਪਹੁੰਚੇ। ਉਨ੍ਹਾਂ ਆਪਣੇ ਸੰਬੋਧਨ ਵਿਚ ਮੁਲਾਜ਼ਮ ਅਤੇ ਆਮ ਲੋਕਾਂ ਨੂੰ ਕਿਹਾ ਕਿ ਸਰਕਾਰ ਬਣਾਉਣ ਤੋਂ ਪਹਿਲਾਂ ਵੋਟਾਂ ਸਮੇਂ ਉਮੀਦਵਾਰ ਜ਼ਰੂਰ ਪਰਖ ਲਏ ਜਾਣ। ਇਸ ਮੌਕੇ ਕੁਲਵੰਤ ਸਿੰਘ ਸੈਣੀ ਨੇ ਦੱਸਿਆ ਕਿ ਉਕਤ ਮੁਲਾਜ਼ਮਾਂ ਦੀਆਂ ਮੰਗਾਂ ਕੱਚੇ ਮੁਲਾਜ਼ਮ ਤੇ ਡਰਾਈਵਰ ਫੌਰੀ ਤੌਰ 'ਤੇ ਪੱਕੇ ਕੀਤੇ ਜਾਣ, 31-12-11 ਤੱਕ ਜਿਨ੍ਹਾਂ ਮੁਲਾਜ਼ਮਾਂ ਨੇ ਪੈਨਸ਼ਨ ਲਈ ਆਪਸ਼ਨ ਦਿੱਤੀ ਹੈ ਉਸ ਦਾ ਪ੍ਰੋਸੈੱਸ ਪੂਰਾ ਕਰ ਕੇ ਪੈਨਸ਼ਨ ਲਾਈ ਜਾਵੇ, ਬਾਕੀ ਰਾਜਾਂ ਵਾਂਗ ਪੰਜਾਬ ਵਿਚ ਵੀ ਜੋ ਡੀ. ਏ. ਦੀਆਂ ਕਿਸ਼ਤਾਂ ਸੈਂਟਰ ਵੱਲੋਂ ਦਿੱਤੀਆਂ ਗਈਆਂ ਹਨ ਉਹ ਲਾਗੂ ਕੀਤੀਆਂ ਜਾਣ ਅਤੇ ਪਿਛਲਾ ਰਹਿੰਦਾ ਡੀ. ਏ. ਦਾ ਬਕਾਇਆ ਜਲਦ ਦਿੱਤਾ ਜਾਵੇ, ਤਨਖਾਹ ਸਮੇਂ-ਸਿਰ ਦਿੱਤੀ ਜਾਵੇ ਆਦਿ ਸਮੇਤ ਬਾਕੀ ਲਟਕਦੀਆਂ ਮੰਗਾਂ ਨੂੰ ਵੀ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ। ਇਹ ਵੀ ਮੰਗ ਕੀਤੀ ਗਈ ਕਿ ਸਫ਼ਾਈ ਕਰਮਚਾਰੀਆਂ ਲਈ ਸਪੈਸ਼ਲ ਭੱਤਾ 1000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਵੱਖ-ਵੱਖ ਸਮੇਂ 'ਤੇ ਸਰਕਾਰ ਵੱਲੋਂ ਜਾਰੀ ਸਫਾਈ ਕਰਮਚਾਰੀਆਂ ਦੇ ਲਾਭ ਲਈ ਜਾਰੀ ਪੱਤਰ ਲਾਗੂ ਕਰਵਾਏ ਜਾਣ, ਤਰਸ ਦੇ ਆਧਾਰ 'ਤੇ ਨੌਕਰੀ ਬਿਨਾਂ ਸ਼ਰਤ ਦਿੱਤੀ ਜਾਵੇ, ਘੱਟੋ-ਘੱਟ ਉਜਰਤ 24,000 ਪ੍ਰਤੀ ਮਹੀਨਾ ਦਿੱਤੀ ਜਾਵੇ, ਭਿੱਖੀ ਪਿੰਡ ਨਗਰ ਕੌਂਸਲ ਦੇ ਕੱਢੇ ਹੋਏ ਮੁਲਾਜ਼ਮ ਦੁਬਾਰਾ ਰੱਖੇ ਜਾਣ, ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ।
ਇਸ ਰੈਲੀ ਵਿਚ ਜੋਗਿੰਦਰ ਸਿੰਘ ਸੈਣੀ, ਪ੍ਰਧਾਨ ਐਕਸ਼ਨ ਕਮੇਟੀ, ਨਗਰ ਨਿਗਮ ਹੁਸ਼ਿਆਰਪੁਰ, ਰਾਜਾ ਹੰਸ ਪ੍ਰਧਾਨ ਸਫਾਈ ਮਜ਼ਦੂਰ ਯੂਨੀਅਨ, ਅਸ਼ਵਨੀ ਲੱਡੂ, ਲਾਲ ਚੰਦ, ਜੈਗੋਪਾਲ, ਸੰਨੀ ਲਾਹੌਰੀਆ, ਰਕੇਸ਼ ਕੁਮਾਰ, ਗਗਨਦੀਪ, ਗੌਰਵ ਹੰਸ, ਰਜਿੰਦਰ ਸ਼ਾਸਤਰੀ, ਜੈਪਾਲ, ਕੁਲਵਿੰਦਰ ਕੁਮਾਰ, ਦੀਪਕ ਸ਼ਰਮਾ, ਮਦਨ ਲਾਲ, ਰਵਿੰਦਰ ਕਾਕਾ, ਸੁਰਿੰਦਰ, ਧਰਮਿੰਦਰ ਜਿੰਦਰੀ, ਬੰਟੀ, ਨਰਿੰਦਰ, ਜਿੰਦਰ, ਅਰੁਣ, ਸੋਹਨ ਲਾਲ, ਨੋਨੀ ਮੰਗਾ ਸੀਵਰਮੈਨ, ਜ਼ੋਨੀ ਆਦੀਆ, ਲਾਲ ਸਿੰਘ, ਸੁਰਜੀਤ ਸਿੰਘ, ਸੀਤਾ ਰਾਮ, ਵਿਕਾਸ, ਬਜਾਜ ਅਤੇ ਮੁਲਾਜ਼ਮ ਵੱਡੀ ਗਿਣਤੀ 'ਚ ਸ਼ਾਮਲ ਸਨ।
ਟਾਂਡਾ ਉੜਮੁੜ, (ਗੁਪਤਾ, ਪੰਡਿਤ, ਕੁਲਦੀਸ਼, ਸ਼ਰਮਾ)-ਨਗਰ ਪਾਲਿਕਾ ਕਰਮਚਾਰੀ ਸੰਗਠਨ ਤੇ ਮਿਊਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਟਾਂਡਾ ਦੇ ਮੈਂਬਰਾਂ ਵਲੋਂ ਯੂਨੀਅਨ ਦੇ ਦਿੱਤੇ ਸੱਦੇ 'ਤੇ ਅੱਜ ਟਾਂਡਾ ਸਰਕਾਰੀ ਹਸਪਤਾਲ ਚੌਕ ਵਿਖੇ ਸਰਕਾਰ ਵੱਲੋਂ ਆਪਣੀਆਂ ਮੰਗਾਂ ਪ੍ਰਵਾਨ ਨਾ ਕੀਤੇ ਜਾਣ ਦੇ ਰੋਸ ਵਜੋਂ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਨਗਰ ਪਾਲਿਕਾ ਸੰਗਠਨ ਟਾਂਡਾ ਦੇ ਪ੍ਰਧਾਨ ਤਰਸੇਮ ਲਾਲ ਤੇ ਪੰਜਾਬ ਐਕਸ਼ਨ ਕਮੇਟੀ ਟਾਂਡਾ ਦੇ ਵੱਖ-ਵੱਖ ਬੁਲਾਰਿਆਂ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਾਡੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਤੋਂ ਕਾਫੀ ਸਮੇਂ ਤੋਂ ਵੱਖ-ਵੱਖ ਮੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਸਰਕਾਰ ਨੇ ਅੱਜ ਤੱਕ ਸਾਡੀ ਇਕ ਵੀ ਮੰਗ ਪ੍ਰਵਾਨ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੰਗਾਂ ਪ੍ਰਵਾਨ ਨਾ ਹੋਣ 'ਤੇ 23 ਫ਼ਰਵਰੀ ਤੋਂ ਵੱਖ-ਵੱਖ ਸ਼ਹਿਰਾਂ 'ਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ ਤੇ 7 ਮਾਰਚ ਨੂੰ ਦੇਸ਼ ਭਗਤ ਹਾਲ ਜਲੰਧਰ ਵਿਖੇ ਇਕ ਵੱਡੀ ਰੈਲੀ ਕੀਤੀ ਜਾਵੇਗੀ। ਇਸ ਮੌਕੇ ਕੁਲਵੰਤ ਸਿੰਘ ਸੈਣੀ, ਸਰਦਾਰੀ ਲਾਲ, ਕੁਲਦੀਪ ਸਿੰਘ, ਜਤਿੰਦਰ ਕੁਮਾਰ, ਯਸ਼ਪਾਲ, ਦੀਪਕ, ਰਾਣੀ, ਸੋਨੂੰ, ਪਰਮਜੀਤ ਸਿੰਘ, ਸ਼ੀਤਲ, ਪ੍ਰਕਾਸ਼ ਚੰਦ, ਗੁਰਪ੍ਰੀਤ ਸਿੰਘ, ਬਰਾੜ ਸਾਹਿਬ ਤੇ ਹੋਰ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ।


Related News