ਸੜਕ ਹਾਦਸੇ ''ਚ ਜੀਜੇ-ਸਾਲੇ ਦੀ ਦਰਦਨਾਕ ਮੌਤ

02/20/2018 2:18:35 AM

ਅਬੋਹਰ(ਸੁਨੀਲ, ਰਹੇਜਾ)—ਪਿੰਡ ਕਿਸ਼ਨਪੁਰਾ ਕੋਲ ਸਵੇਰੇ ਹੋਏ ਇਕ ਸੜਕ ਹਾਦਸੇ ਵਿਚ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਜੀਜੇ-ਸਾਲੇ ਦੀ ਦਰਦਨਾਕ ਮੌਤ ਹੋ ਗਈ, ਜਦਕਿ ਕਾਰ ਵਿਚ ਸਵਾਰ ਹੋਰ 5 ਵਿਅਕਤੀ ਬੁਰੀ ਤਰ੍ਹਾਂ ਫੱਟੜ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਸੰਗਰੀਆ ਪੁਲਸ ਨੇ ਲਾਸ਼ਾਂ ਨੂੰ ਮੋਰਚਰੀ ਵਿਚ ਰਖਵਾਇਆ ਅਤੇ ਫੱਟੜਾਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਇਸ ਘਟਨਾ ਦੀ ਖਬਰ ਮਿਲਦੇ ਹੀ ਪਿੰਡ ਬਾਰੇਕਾਂ 'ਚ ਵਿਆਹ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਜਾਣਕਾਰੀ ਮੁਤਾਬਕ ਪਾਕਿਸਤਾਨ ਬਾਰਡਰ 'ਤੇ ਸਥਿਤ ਪਿੰਡ ਬਾਰੇਕਾਂ ਵਾਸੀ ਓਮ ਪ੍ਰਕਾਸ਼ ਦੇ ਪੁੱਤਰ ਸੋਨੂੰ ਦੀ ਬਰਾਤ ਐਤਵਾਰ ਸ਼ਾਮ ਸੰਗਰੀਆ ਵਾਸੀ ਝੋਰੜ ਪਰਿਵਾਰ ਵਿਚ ਗਈ ਸੀ। ਸੋਮਵਾਰ ਸਵੇਰੇ ਸੰਗਰੀਆ ਦੇ ਨੇੜੇ ਸਥਿਤ ਬਿਸਮਿਲਾ ਮੈਰੀਜ ਪੈਲੇਸ ਤੋਂ ਸੋਨੂੰ ਦਾ ਚਚੇਰਾ ਭਰਾ ਪਵਨ ਪੁੱਤਰ ਪ੍ਰੇਮ ਰਿਣਵਾ ਅਤੇ ਉਨ੍ਹਾਂ ਦਾ ਜੀਜਾ ਪਿੰਡ ਖਾਟਵਾਂ ਵਾਸੀ ਅਰੁਣ ਕੁਮਾਰ ਤੇ ਕੁਝ ਹੋਰ ਬਾਰਾਤੀ ਇਕੋ ਕਾਰ ਵਿਚ ਵਾਪਸ ਪਿੰਡ ਬਾਰੇਕਾਂ ਲਈ ਰਵਾਨਾ ਹੋਏ ਸੀ ਪਰ ਜਿਵੇਂ ਹੀ ਇਹ ਲੋਕ ਸੰਗਰੀਆ ਤੋਂ ਕਰੀਬ 15 ਕਿਮੀ. ਦੂਰ ਪਿੰਡ ਜਾਖੜਾਂਵਾਲੀ ਵਿਚ ਇੱਟ ਭੱਠੇ ਕੋਲ ਪਹੁੰਚੇ ਕਿ ਅਚਾਨਕ ਸੜਕ 'ਤੇ ਆਏ ਪਸ਼ੂ ਨੂੰ ਬਚਾਉਣ ਦੇ ਚੱਕਰ ਵਿਚ ਇਨ੍ਹਾਂ ਦੀ ਕਾਰ 
ਸੜਕ ਦੇ ਕੰਢੇ ਰੁੱਖ ਨਾਲ ਜਾ ਟਕਰਾਈ, ਜਿਸ ਨਾਲ ਕਾਰ ਚਲਾ ਰਹੇ ਕਰੀਬ 20 ਸਾਲਾ ਪਵਨ ਕੁਮਾਰ ਅਤੇ ਨਾਲ ਹੀ ਬੈਠੇ ਉਸ ਦੇ ਜੀਜੇ ਕਰੀਬ 32 ਸਾਲਾ ਅਰੁਣ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਅਬੋਹਰ ਦੇ ਅਜੀਮਗੜ੍ਹ ਵਾਸੀ ਅਰਵਿੰਦ ਪੁੱਤਰ ਜਗਦੀਸ਼, ਫਾਜ਼ਿਲਕਾ ਉਪਮੰਡਲ ਦੇ ਪਿੰਡ ਖੂਈਖੇੜਾ ਵਾਸੀ ਅਮਿਤ ਪੁੱਤਰ ਜਗਦੀਸ਼, ਅਬੋਹਰ ਵਾਸੀ ਸਾਹਿਲ ਪੁੱਤਰ ਸੁਭਾਸ਼ ਸਣੇ ਰਜਤ ਅਤੇ ਵਿਕਰਮ ਫੱਟੜ ਹੋ ਗਏ, ਜਿਨ੍ਹਾਂ ਵਿਚੋਂ ਰਜਤ ਅਤੇ ਵਿਕਰਮ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦਕਿ ਹੋਰਨਾਂ ਦੀ ਹਾਲਤ ਖਤਰੇ 'ਚੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਸੰਗਰੀਆ ਦੇ ਮੁਖੀ ਮੋਹਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।


Related News