ਮੁਸ਼ਕਲਾਂ ਨੂੰ ਅੱਗੇ ਵਧਣ ਦਾ ਮਾਧਿਅਮ ਬਣਾਓ

2/19/2018 12:09:56 PM

ਜਲੰਧਰ— ਤੁਸੀਂ ਕਦੇ ਕਿਸੇ ਵਗਦੀ ਨਦੀ ਨੂੰ ਦੇਖੋਗੇ ਤਾਂ ਪਤਾ ਲੱਗੇਗਾ ਕਿ ਉਹ ਲਗਾਤਾਰ ਅੱਗੇ ਵਧਦੀ ਰਹਿੰਦੀ ਹੈ, ਜਦੋਂ ਤਕ ਕਿ ਸਮੁੰਦਰ ਨਾਲ ਮਿਲ ਨਾ ਜਾਵੇ। ਹਾਂ, ਰਸਤੇ ਵਿਚ ਬਹੁਤ ਸਾਰੀਆਂ ਰੁਕਾਵਟਾਂ ਪਾਰ ਕਰਨੀਆਂ ਪੈਂਦੀਆਂ ਹਨ, ਤਾਂ ਕਿਤੇ ਜਾ ਕੇ ਸਮੁੰਦਰ ਨਾਲ ਮੇਲ ਹੁੰਦਾ ਹੈ। ਜੀਵਨ ਵਿਚ ਅੱਗੇ ਵਧਣ ਦਾ ਮੂਲ-ਮੰਤਰ ਵੀ ਇਹੋ ਹੈ, ਜੇ ਸਫਲਤਾ ਦੇ ਸਮੁੰਦਰ ਨਾਲ ਮਿਲਣਾ ਹੋਵੇ ਤਾਂ ਰੁਕਾਵਟਾਂ ਨਾਲ ਟਕਰਾ ਕੇ ਅੱਗੇ ਵਧਣ ਦਾ ਹੌਸਲਾ ਹੋਣਾ ਚਾਹੀਦਾ ਹੈ।
ਸਾਨੂੰ ਆਪਣੇ ਅੰਦਰ ਅਜਿਹੀ ਮਨੋ-ਭਾਵਨਾ ਬਣਾਈ ਰੱਖਣੀ ਚਾਹੀਦੀ ਹੈ, ਜਿਥੇ ਮੁਸ਼ਕਲਾਂ ਨੂੰ ਸਫਲਤਾ ਦਾ ਆਧਾਰ ਸਮਝਿਆ ਜਾਵੇ। ਅੱਜਕਲ ਮਨੋਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ 'ਗ੍ਰੋਥ ਮਾਈਂਡਸੈੱਟ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਇਕ ਅਜਿਹੀ ਮਨੋਦਸ਼ਾ ਹੈ, ਜਿਸ ਵਿਚ ਹਰ ਮੁਸ਼ਕਲ ਨੂੰ ਅੱਗੇ ਵਧਣ ਦੇ ਮਾਧਿਅਮ ਵਾਂਗ ਦੇਖਿਆ ਜਾਂਦਾ ਹੈ।
ਸਫਲ ਹੋਣ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਉਹ ਮਨੋਦਸ਼ਾ, ਜਿਥੇ ਹਰ ਚੁਣੌਤੀ ਨੂੰ ਇਕ ਮੌਕੇ ਵਾਂਗ ਦੇਖਿਆ ਜਾਂਦਾ ਹੈ। ਖੁਦ ਨੂੰ ਸਾਬਿਤ ਕਰਨ ਦਾ ਮੌਕਾ, ਰੁਕਾਵਟਾਂ 'ਤੇ ਜਿੱਤ ਹਾਸਲ ਕਰਨ ਦਾ ਮੌਕਾ, ਜੀਵਨ ਯਾਤਰਾ ਦਾ ਮਜ਼ਾ ਲੈਣ ਦਾ ਮੌਕਾ। ਜਿਹੜੇ ਲੋਕ ਆਪਣੇ ਅੰਦਰ ਇਸ ਤਰ੍ਹਾਂ ਦੀ ਮਨੋਦਸ਼ਾ ਪੈਦਾ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ, ਜੀਵਨ ਦੇ ਹਰ ਖੇਤਰ ਵਿਚ ਸਫਲਤਾ ਉਨ੍ਹਾਂ ਦੇ ਪੈਰ ਚੁੰਮਣ ਲਗਦੀ ਹੈ।
ਸਟੀਵ ਜਾਬਸ ਨੂੰ ਕੰਪਿਊਟਰ ਤੇ ਤਕਨੀਕ ਦੇ ਖੇਤਰ ਦਾ ਸਭ ਤੋਂ ਸਫਲ ਤੇ ਰਚਨਾਤਮਕ ਵਿਅਕਤੀ ਮੰਨਿਆ ਜਾਂਦਾ ਹੈ। ਜਾਬਸ ਦੀ ਕਹਾਣੀ ਵੀ ਬੜੀ ਦਿਲਚਸਪ ਹੈ। ਸੰਨ 1976 ਵਿਚ ਗੈਰੇਜ ਤੋਂ ਐਪਲ ਦੀ ਸ਼ੁਰੂਆਤ, 85 ਵਿਚ ਉਸੇ ਕੰਪਨੀ 'ਚੋਂ ਬੇਦਖਲ ਕੀਤੇ ਜਾਣਾ, 97 ਵਿਚ ਵਾਪਸੀ ਕਰ ਕੇ ਫਿਰ ਉਸੇ ਕੰਪਨੀ ਨੂੰ ਕੰਗਾਲ ਹੋਣ ਤੋਂ ਬਚਾਉਣਾ ਅਤੇ 2011 ਵਿਚ ਆਪਣੀ ਮੌਤ ਤਕ ਕੰਪਨੀ ਨੂੰ ਦੁਨੀਆ ਦੀ ਸਭ ਤੋਂ ਅਮੀਰ ਕੰਪਨੀ ਬਣਾਉਣਾ। ਜਾਬਸ ਦੇ ਜੀਵਨੀਕਾਰ ਵਾਲਟਰ ਆਈਜੈਕਸਨ ਅਨੁਸਾਰ ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਸੀ ਚੁਣੌਤੀਆਂ ਦਾ ਮਜ਼ਾ ਲੈਣਾ ਅਤੇ ਉਨ੍ਹਾਂ ਦੇ ਰਚਨਾਤਮਕ ਹੱਲ ਕੱਢਣੇ।
ਮੁਸ਼ਕਲਾਂ ਨੂੰ ਰਸਤਾ ਬਣਾਉਣ ਵਾਲੇ ਇਹੋ ਕਰਦੇ ਹਨ। ਜਾਬਸ ਨੇ ਹਰ ਮੁਸ਼ਕਲ ਨੂੰ ਅੱਗੇ ਵਧਣ ਦੇ ਮਾਧਿਅਮ ਵਾਂਗ ਲਿਆ। ਆਪਣੇ ਚਾਰੇ ਪਾਸੇ ਦੇਖੀਏ ਤਾਂ ਪਤਾ ਲੱਗੇਗਾ ਕਿ ਜਿੰਨਾ ਵੱਡਾ ਵਿਅਕਤੀ ਹੈ, ਉਸ ਨੇ ਓਨੀਆਂ ਹੀ ਵੱਡੀਆਂ ਰੁਕਾਵਟਾਂ ਪਾਰ ਕੀਤੀਆਂ ਹਨ। ਇਸ ਲਈ ਜੇਕਰ ਜੀਵਨ ਵਿਚ ਵੱਡੇ ਬਣਨਾ ਹੋਵੇ ਤਾਂ ਆਪਣਾ ਨਜ਼ਰੀਆ ਬਦਲ ਕੇ ਇਸ 'ਗ੍ਰੋਥ ਮਾਈਂਡਸੈੱਟ' ਨੂੰ ਅਪਨਾਉਣਾ ਹੀ ਸਭ ਤੋਂ ਅਸਰਦਾਰ ਤਰੀਕਾ ਹੈ।