ਕੁਝ ਅਣਗੌਲੇ ਤੱਥ : ਨਾਨਕ ਪੰਥੀ ਅਤੇ ਉਨ੍ਹਾਂ ਦੇ ਅਸਥਾਨ

2/19/2018 7:23:46 AM

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਬਾਅਦ ਸਥਿਤੀ 'ਚ ਕੁਝ ਨਿਘਾਰ ਆਉਣਾ ਸ਼ੁਰੂ ਹੋਇਆ। ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਤਰਾ ਦੇ ਦੌਰਾਨ ਡੇਰਾ, ਸੰਗਤ ਜਾਂ ਗੁਰਦੁਆਰੇ ਵਿਚ ਕੋਈ ਮੂਲ ਅੰਤਰ ਨਹੀਂ ਸੀ, ਸਾਰੇ ਸਮ-ਅਰਥੀ ਸਨ। ਪਹਿਲੇ ਯੂਰਪੀ ਇਤਿਹਾਸਕਾਰਾਂ ਅਨੁਸਾਰ ਪਟਨਾ ਅਖਾੜੇ ਦੇ ਮੁੱਖ ਉਦਾਸੀ ਮਹੰਤ ਗੋਵਿੰਦ ਦਾਸ ਜੀ ਸਨ, ਜੋ ਸਾਰੀਆਂ 360 ਉਦਾਸੀਆਂ ਸੰਗਤਾਂ ਦੇ ਮੁਖੀ ਹੋਣ ਦਾ ਦਾਅਵਾ ਕਰਦੇ ਸਨ ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਖੋਲਾਸਾ ਕਿਹਾ ਜਾਂਦਾ ਸੀ। ਸਾਨੂੰ ਪਤਾ ਲੱਗਦਾ ਹੈ ਕਿ ਖਾਲਸਾ ਅਤੇ ਖੋਲਾਸਾ ਦੋਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਅਤੇ ਇਸ ਦੇ ਸਿਧਾਂਤਾਂ ਦੀ ਪਾਲਣਾ ਕਰਨ ਵਾਲੇ ਸਨ। ਕੋਈ ਮੂਰਤੀ ਪੂਜਾ ਨਹੀਂ ਸੀ ਹੁੰਦੀ। ਪਟਨਾ ਸ਼ਹਿਰ ਦੇ ਪੂਰਬੀ ਹਿੱਸੇ 'ਚ ਸਥਿਤ ਦੀਦਾਰਗੰਜ ਇਲਾਕੇ ਦੇ ਰਕਾਬਗੰਜ ਵਿਚ ਇਨ੍ਹਾਂ ਦਾ ਡੇਰਾ ਹਾਲੇ ਵੀ ਕਾਇਮ ਹੈ। ਹੁਣ ਇਥੇ ਕੋਈ ਮਹੰਤ ਨਹੀਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁੰਦਰ ਹੱਥ-ਲਿਖਤ ਬੀੜ ਮੌਜੂਦ ਹੈ। ਇਹ ਉਦਾਸੀ ਵੀ ਕੇਵਲ ਇਕ ਨਿਰੰਕਾਰ ਪਰਮਾਤਮਾ, ਭਾਵ ਅਕਾਲ ਪੁਰਖ ਦੇ ਉਪਾਸ਼ਕ ਸਨ। ਦੀਵਾਨ ਦੇ ਭੋਗ ਉਪਰੰਤ ਕੜਾਹ ਪ੍ਰਸ਼ਾਦ ਵਰਤਾਉਂਦੇ ਸਨ ਅਤੇ ਸੰਗਤ ਤੇ ਪੰਗਤ ਦੇ ਸੰਕਲਪ ਦੇ ਧਾਰਨੀ ਸਨ ਪਰ ਕੁਝ ਅੰਤਰ ਵੀ ਦੇਖੇ ਗਏ। ਮਹੰਤ ਆਪਣੇ ਆਪ ਨੂੰ ਸਾਰੇ ਸਿੱਖਾਂ ਦੇ ਸ੍ਰੇਸ਼ਠ ਮੁਖੀ ਦੱਸਦੇ ਸਨ। ਡੇਰਿਆਂ ਦੇ ਮੁਖੀ ਬਣਨ ਦੇ ਸਵਾਲ 'ਤੇ ਮਹੰਤਾਂ ਵਿਚ ਵਿਵਾਦ ਉੱਠਦੇ ਰਹੇ। ਕੁਝ ਮੱਤਭੇਦ ਉੱਭਰਨ ਦੇ ਬਾਵਜੂਦ ਸਾਰੀ ਸੰਗਤ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਅਤੇ ਹੋਰ ਮਹੱਤਵਪੂਰਨ ਅਸਥਾਨਾਂ 'ਤੇ ਮੱਥਾ ਟੇਕਦੀ ਰਹੀ। ਸੰਕੇਤਕ ਅੰਤਰ ਬਾਅਦ 'ਚ ਵੱਡਾ ਪਾੜਾ ਬਣ ਗਏ। ਖਾਲਸਾ ਸਿੱਖਾਂ ਵਿਚ ਇਨ੍ਹਾਂ ਪ੍ਰਤੀ ਇਕ ਤਰ੍ਹਾਂ ਦੀ ਅਣਦੇਖੀ ਦਾ ਭਾਵ ਵੀ ਆ ਗਿਆ। ਇਹ ਇਕੱਲੀ ਇਥੋਂ ਦੀ ਗੱਲ ਨਹੀਂ, ਇਹ ਸਮੱਸਿਆਵਾਂ ਹੋਰ ਬਹੁਤ ਸਾਰੇ ਅਸਥਾਨਾਂ 'ਤੇ ਵੀ ਪੈਦਾ ਹੋਈਆਂ।
ਸਾਡੇ ਰਸਤੇ 'ਚ ਬਹੁਤ ਸਾਰੀਆਂ ਰੁਕਾਵਟਾਂ ਅਤੇ ਗਲਤਫਹਿਮੀਆਂ ਆ ਸਕਦੀਆਂ ਹਨ ਪਰ ਜੇਕਰ ਅਸੀਂ ਪੂਰੀ ਸੁਹਿਰਦਤਾ ਨਾਲ ਆਪਣੇ ਨਿਸ਼ਾਨੇ ਦੀ ਪੂਰਤੀ ਲਈ ਦ੍ਰਿੜ੍ਹਤਾ ਨਾਲ ਅੱਗੇ ਵਧੀਏ ਤਾਂ ਕੁਝ ਵੀ ਸਾਨੂੰ ਪ੍ਰੇਸ਼ਾਨ ਨਹੀਂ ਕਰ ਸਕਦਾ। ਅਸੀਂ ਜਿਥੇ-ਜਿਥੇ ਗਏ, ਉਨ੍ਹਾਂ 'ਚੋਂ ਬਹੁਤੇ ਅਸਥਾਨਾਂ 'ਤੇ ਹੁਣ ਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਵਿੱਤਰ ਗ੍ਰੰਥ ਦੇ ਰੂਪ ਵਿਚ ਬਹੁਤ ਅਦਬ-ਸਤਿਕਾਰ ਸਹਿਤ ਰੱਖਿਆ ਗਿਆ ਹੈ।  ਸੁੱਚਮ ਉਪਰ ਜ਼ੋਰ ਦੇਣ ਵਾਲੀ ਪੁਰਾਣੀ ਉਦਾਸੀ ਮਰਿਆਦਾ ਤੋਂ ਨਵੀਂ ਪੀੜ੍ਹੀ ਬਿਲਕੁਲ ਨਾਵਾਕਿਫ ਹੈ। ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਕੋਈ ਬੇਅਦਬੀ ਨਹੀਂ ਦੇਖੀ। ਕੁਝ ਥਾਈਂ ਬੇਆਬਾਦ ਅਤੇ ਢੱਠੀਆਂ ਸੰਗਤਾਂ ਨਾਲ ਹੋਰ ਦੇਵੀ-ਦੇਵਤਿਆਂ ਦੇ ਨਵੇਂ ਮੰਦਿਰ ਉੱਸਰ ਗਏ, ਜੋ ਲੋਕਾਂ ਵਿਚ ਸਿੱਖੀ ਪ੍ਰਤੀ ਘਟੇ ਵਿਸ਼ਵਾਸ ਨੂੰ ਦਰਸਾਉਂਦੇ ਹਨ।
ਮੈਂ ਪ੍ਰਬੰਧਕਾਂ ਨੂੰ ਲਗਾਤਾਰ ਬੇਨਤੀ ਕਰਦਾ ਆ ਰਿਹਾ ਹਾਂ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਨ੍ਹਾਂ ਲੋਕਾਂ ਨੂੰ ਨਾ ਦੇਣ, ਜੋ ਮਰਿਆਦਾ ਦੇ ਨਾਂ 'ਤੇ ਸਾਡੇ ਇਤਿਹਾਸ ਤੇ ਪਿਛੋਕੜ ਨੂੰ ਖਤਮ ਕਰ ਰਹੇ ਹਨ। ਉਨ੍ਹਾਂ ਨੇ ਬਹੁਤ ਸਾਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਕੜੇ ਸਾਲ ਪੁਰਾਣੀਆਂ ਅਤੇ ਸੁੰਦਰ ਹੱਥ-ਲਿਖਤ ਬੀੜਾਂ ਹਟਾ ਦਿੱਤੀਆਂ ਹਨ। ਇਸ ਨਾਲ ਸਾਡੀ ਵਿਰਾਸਤ ਦੇ ਪੁਰਾਣੇ ਸਬੂਤ ਮਿਟ ਗਏ ਹਨ। ਪੂਜਾ ਦੀ ਜਗਵੇਦੀ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਣਾ ਹੀ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਇਹ ਸਥਾਨ ਸਿੱਖਾਂ ਨਾਲ ਸਬੰਧਤ ਰਹੇ ਹਨ। ਇਹ ਸਾਡੀ ਵਿਰਾਸਤ ਹਨ ਅਤੇ ਇਸ ਨੂੰ ਮਿਟਾਉਣ ਤੇ ਹਥਿਆਉਣ ਦੀ ਕੋਈ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਜੇ ਇਸ ਤਰ੍ਹਾਂ ਹੁੰਦਾ ਹੈ ਤਾਂ ਅਸੀਂ ਆਪਣਾ ਸੁਨਹਿਰੀ ਅਤੀਤ ਗੁਆ ਦੇਵਾਂਗੇ। ਸਿਰਫ ਚੀਕ-ਚਿਹਾੜਾ ਪਾਉਣ ਜਾਂ ਮਗਰਮੱਛ ਦੇ ਹੰਝੂ ਵਹਾਉਣ ਨਾਲ ਸਥਿਤੀ ਨਹੀਂ ਸੁਧਰੇਗੀ। ਜਿਨ੍ਹਾਂ ਲੋਕਾਂ ਨੂੰ ਇਸ ਖਾਤਮੇ ਦਾ ਸੱਚਮੁੱਚ ਦਰਦ ਹੈ ਤਾਂ ਉਨ੍ਹਾਂ ਨੂੰ ਲੰਮੇ ਸਮੇਂ ਲਈ ਇਥੇ ਆ ਕੇ ਅਤੇ ਰਹਿ ਕੇ ਪੁਰਾਣੀ ਮਾਣ-ਮਰਿਆਦਾ ਨੂੰ ਬਹਾਲ ਕਰਨਾ ਚਾਹੀਦਾ ਹੈ।
ਇਹ ਅਸਥਾਨ ਉਦੋਂ ਤਹਿਸ-ਨਹਿਸ ਹੋਣਾ ਸ਼ੁਰੂ ਹੋਏ, ਜਦੋਂ ਸਿੱਖ ਧਰਮ ਦਾ ਕੇਂਦਰ ਕਮਜ਼ੋਰ ਹੋ ਗਿਆ ਅਤੇ ਅਸੀਂ ਆਪਣੀ ਵਿਅਕਤੀਗਤ ਤੇ ਸਮੂਹਿਕ ਚੇਤਨਾ ਅਤੇ ਮੂਲ ਸਿੱਖ ਭਾਵਨਾ ਨੂੰ ਤਿਲਾਂਜਲੀ ਦੇ ਦਿੱਤੀ। ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਨਾਲ ਜਾਗ੍ਰਿਤ ਕੀਤਾ ਜਾਣਾ ਚਾਹੀਦਾ ਹੈ। ਇਕ ਤਾਜ਼ਾ ਉਦਾਹਰਣ ਬਾਬਾ ਅਜਾਇਬ ਸਿੰਘ ਲਲਤੋਂ ਦੀ ਹੈ, ਜਿਨ੍ਹਾਂ ਨੇ ਰਾਜਗੀਰ ਅਤੇ ਬਿਹਾਰ ਸ਼ਰੀਫ ਵਰਗੇ ਕੁਝ ਅਸਥਾਨਾਂ ਨੂੰ ਜ਼ਮੀਨਾਂ ਹਥਿਆਉਣ ਵਾਲੇ ਗਿਰੋਹ ਤੋਂ ਛੁਡਾਉਣ ਲਈ ਭੂ-ਮਾਫੀਏ ਅਤੇ ਕਈ ਹੋਰ ਗਲਤ ਅਨਸਰਾਂ ਖਿਲਾਫ ਇਕੱਲਿਆਂ ਲੜਾਈ ਲੜੀ। ਹੁਣ ਪਟਨਾ ਸਾਹਿਬ ਆਉਣ ਵਾਲੀ ਸੰਗਤ ਰਾਜਗੀਰ ਵੀ ਆਉਣ ਲੱਗੀ ਹੈ।
ਜੇ ਅਸੀਂ ਸਥਾਨਕ ਇਲਾਕਿਆਂ ਦਾ ਅਮਨ ਭੰਗ ਕੀਤੇ ਬਗੈਰ ਪੁਰਾਣੀ ਮਹਿਮਾ ਬਹਾਲ ਕਰਨਾ ਚਾਹੁੰਦੇ ਹਾਂ ਤਾਂ ਇਸ ਮਾਡਲ ਨੂੰ ਹੋਰ ਅਸਥਾਨਾਂ 'ਤੇ ਅਪਣਾਇਆ ਜਾ ਸਕਦਾ ਹੈ। ਜੇਕਰ ਸਾਡਾ ਉਦੇਸ਼ ਸੱਚਮੁੱਚ ਸੱਚਾਈ 'ਤੇ ਆਧਾਰਿਤ ਹੋਵੇਗਾ ਤਾਂ ਜਿਹੜੇ ਸਥਾਨਕ ਲੋਕਾਂ ਦੇ ਪੁਰਖੇ ਸਿੱਖੀ ਨਾਲ ਜੁੜੇ ਹੋਏ ਸਨ, ਉਹ ਸਾਡੇ ਨਾਲ ਜੁੜ ਸਕਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਚਾਰ-ਪ੍ਰਸਾਰ ਨਾਲ ਹੀ ਅਸੀਂ ਆਪਣੇ ਪੈਰਾਂ 'ਤੇ ਮਜ਼ਬੂਤੀ ਨਾਲ ਖੜ੍ਹੇ ਹੋ ਸਕਾਂਗੇ ਅਤੇ ਸਮੁੱਚੀ ਮਾਨਵ ਜਾਤੀ ਦੀ ਭਲਾਈ ਲਈ ਕੰਮ ਕਰ ਕੇ ਸਿੱਖੀ ਦੀ ਗੁਆਚੀ ਹੋਈ ਪੁਰਾਣੀ ਸ਼ਾਨ ਨੂੰ ਬਹਾਲ ਕਰ ਸਕਾਂਗੇ।
ਮੈਂ ਉਨ੍ਹਾਂ ਲੋਕਾਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ, ਜੋ ਪਹਿਲਾਂ ਸ੍ਰੀ ਗੁਰੂ ਨਾਨਕ ਦੇ ਸਿਧਾਂਤਾਂ ਅਤੇ ਉਪਦੇਸ਼ਾਂ ਦੇ ਧਾਰਨੀ ਸਨ ਜਾਂ ਉਨ੍ਹਾਂ ਦਾ ਸਿੱਖੀ ਵੱਲ ਝੁਕਾਅ ਸੀ। ਅਜਿਹਾ ਮਹਿਸੂਸ ਹੋਇਆ ਕਿ ਇਨ੍ਹਾਂ ਲੋਕਾਂ ਵਿਚ ਇਸ ਮੱਤ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਚਾਹਤ ਹੈ, ਜਿਸ ਦੇ ਉਹ ਧਾਰਨੀ ਰਹੇ ਹਨ ਪਰ ਆਪਣੇ ਪੁਰਾਤਨ ਖਜ਼ਾਨੇ ਦੀ ਖੋਜ ਪ੍ਰਤੀ ਮੇਰਾ ਉਤਸ਼ਾਹ ਉਸ ਸਮੇਂ ਥੋੜ੍ਹਾ ਜਿਹਾ ਮੁਰਝਾਉਣਾ ਸ਼ੁਰੂ ਹੋ ਗਿਆ, ਜਦੋਂ ਮੈਂ ਦੇਖਿਆ ਕਿ ਇਨ੍ਹਾਂ ਥਾਵਾਂ 'ਤੇ ਦੇਖਣ ਨੂੰ ਸਿੱਖ ਲੱਗਦੇ ਕੁਝ ਸੁਆਰਥੀ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਹੋਰ ਮੱਤਾਂ ਦੀਆਂ ਧਾਰਨਾਵਾਂ ਨਾਲ ਮਿਲਾ ਕੇ ਸ਼ਰਧਾਲੂਆਂ ਨੂੰ ਸਿੱਖੀ ਤੋਂ ਹੋਰ ਦਿਸ਼ਾ ਵੱਲ ਤੋਰਨ ਵਾਲੇ ਕੁਰਾਹੇ ਪਾਉਂਦੇ ਹਨ ਪਰ ਮੈਂ ਥੋੜ੍ਹੇ ਜਿਹੇ ਸਮੇਂ ਲਈ ਹੀ ਵਿਚਲਿਤ ਹੋਇਆ ਤਾਂ ਨਾਲ ਹੀ ਨਾਲ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਬੇਅੰਤ ਬਖਸ਼ਿਸ਼ ਦਾ ਪਾਤਰ ਬਣਨ ਲਈ ਉਤਸ਼ਾਹੀ ਭਾਵ ਨਾਲ ਆਪਣੀ ਖੋਜ ਦੇ ਨਵੇਂ ਦਿਸਹੱਦੇ ਤਲਾਸ਼ਣ ਲਈ ਲੋੜੀਂਦਾ ਬਲ ਬਖਸ਼ਣ ਦੀ ਅਰਦਾਸ ਕੀਤੀ।
ਮੇਰਾ ਇਹ ਵਿਸ਼ਵਾਸ ਬਣਿਆ ਕਿ ਸਾਨੂੰ ਪਛਤਾਵਾ ਕਰਦਿਆਂ ਵਕਤ ਬਰਬਾਦ ਕਰਨ ਦੀ ਬਜਾਏ ਇਨ੍ਹਾਂ ਗੁੰਝਲਦਾਰ ਮੁੱਦਿਆਂ ਨੂੰ ਹੱਲ ਕਰਨ ਲਈ ਆਪਣਾ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ। ਸਿੱਖਾਂ ਦਾ ਘਰ ਗੰਭੀਰ ਫੁੱਟ ਤੇ ਵੰਡ-ਵੰਡਾਈ ਦਾ ਸ਼ਿਕਾਰ ਜਾਪਦਾ ਹੈ। ਇਹ ਸਥਿਤੀ ਦੁਖਦਾਈ ਹੈ। ਸਾਨੂੰ ਅਜਿਹੇ ਵਿਚਾਰਧਾਰਕ ਸਾਂਝ ਰੱਖਣ ਵਾਲੇ ਅਤੇ ਸਪੱਸ਼ਟ ਦ੍ਰਿਸ਼ਟੀਕੋਣ  ਦੇ ਧਾਰਨੀ ਵਿਅਕਤੀਆਂ ਤੇ ਸੰਸਥਾਵਾਂ ਦੀ ਮਦਦ ਲੈਣ ਦਾ ਉਪਰਾਲਾ ਕਰਨਾ ਚਾਹੀਦਾ ਹੈ, ਜੋ ਸੁਹਿਰਦਤਾ ਅਤੇ ਤਨਦੇਹੀ ਨਾਲ ਇਸ ਮੁੱਦੇ ਨੂੰ ਸੁਲਝਾਉਣ 'ਚ ਦਿਲਚਸਪੀ ਰੱਖਦੇ ਹੋਣ।                                
- ਜਗਮੋਹਣ ਸਿੰਘ ਗਿੱਲ