ਮਾਰਕਫੈੱਡ ਪਟਿਆਲਾ ’ਚ ਕਣਕ ਦੀਆਂ ਹਜ਼ਾਰਾਂ ਬੋਰੀਆਂ ਗਾਇਬ!

07/20/2022 1:49:45 PM

ਪਟਿਆਲਾ/ਰੱਖੜਾ(ਜ. ਬ.) : ਕੁਝ ਦਿਨ ਪਹਿਲਾਂ ਹੀ ਜ਼ਿਲ੍ਹਾ ਪਟਿਆਲਾ ਦੇ ਪਨਸਪ ਵਿਭਾਗ ’ਚ ਕਰੋੜਾਂ ਰੁਪਏ ਦੀ ਕਣਕ ਦੇ ਖੁਰਦ-ਬੁਰਦ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਜ਼ਿਲ੍ਹਾ ਮਾਰਕਫੈੱਡ ਪਟਿਆਲਾ ’ਚ ਕਣਕ ਦੀਆਂ ਹਜ਼ਾਰਾਂ ਬੋਰੀਆਂ ਦੇ ਗਾਇਬ ਹੋਣ ਦਾ ਮਾਮਲਾ ਉਜਾਗਰ ਹੋਇਆ ਹੈ। ਹੈੱਡ ਆਫਿਸ ਦੇ ਹੁਕਮਾਂ ’ਤੇ ਮਾਰਕਫੈੱਡ ਸਮਾਣਾ ਸ਼ਾਖਾ ਦੇ ਇੰਚਾਰਜ ਨੇ ਆਪਣੀ ਟੀਮ ਨਾਲ ਜਦੋਂ ਮੈਸ. ਗੌਤਮ/ਐੱਸ. ਐੱਸ. ਓਪਨ ਪਲੰਥ ਦਾ ਨਿਰੀਖਣ ਕੀਤਾ ਤਾਂ 2021-22 ਦੇ ਕਣਕ ਦੇ ਜਮ੍ਹਾ ਸਟਾਕ ’ਚੋਂ ਕਾਫ਼ੀ ਸਟਾਕ ਘੱਟ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ- ਪਟਿਆਲਾ ’ਚ ਪਏ ਮੀਂਹ ਨੇ ਸੁੱਟੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਦੀ ਕੰਧ

ਸਮਾਣਾ ਸ਼ਾਖਾ ਦੇ ਇੰਚਾਰਜ ਨੇ ਆਪਣੇ ਪੱਤਰ ਨੰਬਰ 1150 ਮਿਤੀ 7.6.2022 ਰਾਹੀਂ ਹੈੱਡ ਆਫਿਸ ’ਚ ਭੇਜੀ ਗਈ ਰਿਪੋਰਟ ’ਚ ਸਪੱਸ਼ਟ ਕੀਤਾ ਕਿ ਉਪਰੋਕਤ ਕੰਪਲੈਕਸ ’ਚ 2021-22 ਅਤੇ 2022-23 ਦਾ ਸਟਾਕ ਲੱਗਾ ਹੋਇਆ ਹੈ। ਮਾਰਕਫੈੱਡ ਦੇ ਰਿਕਾਰਡ ਅਨੁਸਾਰ ਇਥੇ 7037 ਬੋਰੀਆਂ ਹੋਣੀਆਂ ਚਾਹੀਦੀਆਂ ਹਨ। ਜਦੋਂ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਗਈ ਤਾਂ 2021-22 ਦੇ ਸਟਾਕ ’ਚ ਕਾਫੀ ਕਣਕ ਘੱਟ ਦਿਖਾਈ ਦਿੱਤੀ। ਰਿਕਾਰਡ ਅਨੁਸਾਰ ਸਟਾਕ ਮੌਜੂਦ ਨਹੀਂ ਸੀ।ਹੈੱਡ ਆਫਿਸ ਚੰਡੀਗੜ੍ਹ ਤੋਂ ਮੈਨੇਜਰ ਮੋਨਿਕਾ ਸ਼ਰਮਾ ਨੇ ਖੁਦ ਇਨ੍ਹਾਂ ਗੋਦਾਮਾਂ ਦੀ ਚੈਕਿੰਗ ਕੀਤੀ। ਉਨ੍ਹਾਂ ਨੇ ਵੀ ਦੇਖਿਆ ਕਿ ਜਿੱਥੇ ਸਟਾਕ ਘੱਟ ਹੈ, ਉਥੇ ਹੀ ਜੋ ਬੋਰੀਆਂ ਪਈਆਂ ਹਨ, ਉਨ੍ਹਾਂ ’ਚ ਡੈਮੇਜ/ਗਲੀ-ਸੜੀ ਕਣਕ ਭਰੀ ਹੋਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮੌਕੇ ’ਤੇ ਹੀ ਖੇਤਰੀ ਅਫ਼ਸਰ (ਜ) ਕਸ਼ਮੀਰ ਸਿੰਘ ਅਤੇ ਵਿਕਾਸ ਕੁਮਾਰ ਨੂੰ ਬੁਲਾ ਕੇ ਪੁੱਛਿਆ ਗਿਆ ਕਿ ਇਹ ਸਟਾਕ ਘੱਟ ਅਤੇ ਡੈਮੇਜ ਕਿਉਂ ਹੈ ਤਾਂ ਉਨ੍ਹਾਂ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਇਸ ਸਟੋਰ ’ਚ ਜੋ ਤਿੰਨ ਹਜ਼ਾਰ ਦੇ ਲਗਭਗ ਕਣਕ ਦੀਆਂ ਬੋਰੀਆਂ ਜਮ੍ਹਾ ਹਨ, ਉਹ ਵੀ ਐੱਫ. ਸੀ. ਆਈ. ਦੀਆਂ ਸਪੈਸੀਫਿਕੇਸ਼ਨਾਂ ਅਨੁਸਾਰ ਠੀਕ ਨਹੀਂ ਹਨ।

ਇਹ ਵੀ ਪੜ੍ਹੋ- ਚੰਡੀਗੜ੍ਹ : ਹੋਟਲ ਦੇ ਕਮਰੇ ਅੰਦਰ ਚੱਲੀ ਗੋਲੀ, ਦਰਵਾਜ਼ਾ ਖੋਲ੍ਹਦੇ ਹੀ ਹੈਰਾਨ ਰਹਿ ਗਏ ਸਭ

ਰਿਪੋਰਟ ’ਚ ਕਿਹਾ ਗਿਆ ਹੈ ਕਿ ਮਿਤੀ 6 ਜੂਨ 2022 ਨੂੰ ਮਾਰਕਫੈੱਡ ਸਮਾਣਾ ਦੇ ਇੰਚਾਰਜ ਨੇ ਜ਼ਿਲ੍ਹਾ ਮੈਨੇਜਰ ਮਾਰਕਫੈੱਡ ਨੂੰ ਟੈਲੀਫੋਨ ’ਤੇ ਦੱਸ ਦਿੱਤਾ ਸੀ ਕਿ ਇਸ ਕੰਪਲੈਕਸ ਦੀ ਤੁਰੰਤ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਈ ਜਾਵੇ ਤਾਂ ਜੋ ਸਾਰੇ ਸਟਾਕ ਦੀ ਕੁਆਲਿਟੀ ਅਤੇ ਕਿੰਨੀ ਕਣਕ ਘੱਟ ਹੈ, ਉਸ ਬਾਰੇ ਸਪੱਸ਼ਟ ਰਿਪੋਰਟ ਸਾਹਮਣੇ ਆ ਸਕੇ ਪਰ ਅਜੇ ਤੱਕ ਜ਼ਿਲ੍ਹਾ ਮੈਨੇਜਰ ਨੇ ਕੋਈ ਕਾਰਵਾਈ ਨਹੀਂ ਕੀਤੀ। ਮਾਰਕਫੈੱਡ ਨੇ ਹੁਣ ਜ਼ਿਲ੍ਹਾ ਮੈਨੇਜਰ ਸੰਤ ਸ਼ਰਨ ਸਿੰਘ ਦਾ ਤਬਾਦਲਾ ਬਰਨਾਲਾ ਵਿਖੇ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਜਾਂਚ ਵੀ ਸ਼ੁਰੂ ਹੋ ਗਈ ਹੈ।

ਇਸ ਸਬੰਧੀ ਜਦੋਂ ਸੰਤ ਸ਼ਰਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਫਿਜ਼ੀਕਲ ਵੈਰੀਫਿਕੇਸ਼ਨ ਲਈ ਟੀ. ਓ. ਦੀ ਡਿਊਟੀ ਲਾ ਦਿੱਤੀ ਸੀ, ਉਸ ਨੇ ਰਿਪੋਰਟ ਭੇਜ ਦਿੱਤੀ ਹੋਵੇਗੀ। ਸਟਾਕ ਦੇ ਗਾਇਬ ਹੋਣ ਬਾਰੇ ਅਤੇ ਕਣਕ ਦੇ ਡੈਮੇਜ ਹੋਣ ਬਾਰੇ ਉਨ੍ਹਾਂ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ। ਸੂਤਰਾਂ ਅਨੁਸਾਰ ਮਾਰਕਫੈੱਡ ਦੇ ਬ੍ਰਾਂਚ ਘਨੌਰ, ਰਾਜਪੁਰਾ ਅਤੇ ਬ੍ਰਾਂਚ ਪਟਿਆਲਾ ’ਚ ਵੀ ਸਟਾਕ ਘੱਟ ਹੋਣ ਅਤੇ ਹੋਰ ਕਈ ਤਰ੍ਹਾਂ ਦੀਆਂ ਗੜਬੜੀਆਂ ਦੀ ਸੰਭਾਵਨਾ ਹੈ। ਇਸ ਬਾਰੇ ਵੀ ਮਾਰਕਫੈੱਡ ਦੇ ਉੱਚ ਅਧਿਕਾਰੀ ਜਾਂਚ ਕਰਵਾਉਣਗੇ।

ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਾਂਗੇ : ਮੰਤਰੀ ਜੋੜਾਮਾਜਰਾ

ਇਸ ਸਬੰਧੀ ਜਦੋਂ ਹਲਕਾ ਸਮਾਣਾ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਨ੍ਹਾਂ ਵੀ ਅਧਿਕਾਰੀਆਂ ਦੀ ਅਣਗਹਿਲੀ ਅਤੇ ਮਿਲੀਭੁਗਤ ਕਾਰਨ ਕਣਕ ਡੈਮੇਜ ਹੋਈ, ਸਰਕਾਰੀ ਸਟਾਕ ਗਾਇਬ ਹੋਇਆ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੋੜਾਮਾਜਰਾ ਨੇ ਕਿਹਾ ਕਿ ਉਹ ਇਸ ਸਬੰਧੀ ਫੂਡ ਸਪਲਾਈ ਮੰਤਰੀ ਨੂੰ ਕਹਿਣਗੇ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਹ ਘਟਨਾ ਮੇਰੇ ਹਲਕਾ ਸਮਾਣਾ ਦੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News