ਪੰਜਾਬੀ ਫ਼ੋਕ ਤੋਂ ਪੌਪ ਮਿਊਜ਼ਕ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਸਰਦੂਲ ਸਿਕੰਦਰ ਦੇ ਬਾਰੇ ਜਾਣੋ ਕੁਝ ਗੱਲਾਂ

02/24/2021 5:44:20 PM

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦਾ ਪਿੰਡ ਹਰਗਣਾ ਸੰਗੀਤ ਦੀ ਟਕਸਾਲ ਰਿਹਾ ਹੈ ਅਤੇ ਇਸੇ ਟਕਸਾਲ ਨਾਲ ਸਬੰਧਤ ਸਨ ‘ਜਨਾਬ ਸਾਗਰ ਮਸਤਾਨਾ’। ਸਾਗਰ ਮਸਤਾਨਾ ਨੇ ਬਾਂਸ ਦੀ ਪਤਲੀ ਜਿਹੀ ਛੜੀ, ਜਿਸ ਨੂੰ ਚਾਂਟੀ ਆਖਦੇ ਹਨ, ਨਾਲ ਤਬਲਾ ਬਜਾਉਣ ਦੀ ਵਿਧਾ ਈਜਾਦ ਕੀਤੀ। ਸਾਗਰ ਮਸਤਾਨਾ ਦੇ ਤਿੰਨੇ ਪੁੱਤਰ ਕਲਾਕਾਰਾਂ ਵਜੋਂ ਉਭਰੇ। ਸਵਰਗੀ ਗਮਦੂਰ ਅਮਨ ਨੇ ਲੋਕ ਗੀਤ ਅਤੇ ਕਿੱਸਾ ਗਾਇਕੀ ਨੂੰ ਨਵੀਆਂ ਉਚਾਈਆਂ ਦਿੱਤੀਆਂ, ਭਰਪੂਰ ਅਲੀ ਨੇ ਆਪਣੇ ਪਿਤਾ ਦੀ ਵਿਰਾਸਤ ਨੂੰ ਸੰਭਾਲਦਿਆਂ ਚਾਂਟੀ ਵਾਲੇ ਤਬਲੇ ਵਿਚ ਮੁਹਾਰਤ ਹਾਸਿਲ ਕੀਤੀ ਅਤੇ ਸਰਦੂਲ ਸਿਕੰਦਰ ਨੇ ਪੰਜਾਬੀ ਫ਼ੋਕ ਤੋਂ ਪੌਪ ਮਿਊਜ਼ਕ ਤੱਕ ਦਾ ਸਫ਼ਰ ਤੈਅ ਕੀਤਾ। ਗਮਦੂਰ ਬਹੁਤ ਸਮਾਂ ਪਹਿਲਾਂ ਉਡਾਰੀਆਂ ਮਾਰ ਗਿਆ ਸੀ। ਉਹ ਭਰਪੂਰ ਹਾਰਟ ਅਟੈਕ ਨਾਲ 6 ਮਹੀਨੇ ਪਹਿਲਾਂ ਪੂਰਾ ਹੋ ਗਿਆ ਸੀ ਅਤੇ ਸਰਦੂਲ ਅੱਜ ਸਾਡੇ ਕੋਲੋਂ ਵਿਦਾ ਹੋ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਮਸ਼ਹੂਰ ਪੰਜਾਬੀ ਗਾਇਕ ‘ਸਰਦੂਲ ਸਿਕੰਦਰ’ ਦੀ ਮੌਤ 'ਤੇ ਸਿਆਸੀ ਆਗੂਆਂ ਨੇ ਟਵੀਟ ਕਰ ਪ੍ਰਗਟਾਇਆ ਦੁੱਖ  

ਭਾਈ ਮਨਪ੍ਰੀਤ ਸਿੰਘ ਫਤਿਹਗੜ੍ਹ ਸਾਹਿਬ ਵਾਲੇ ਇਸੇ ਪਰਿਵਾਰ ਵਿਚੋਂ ਹਨ। ਤਿੰਨੇ ਭਰਾ ਉਨ੍ਹਾਂ ਦੇ ਮਾਮੇ ਸਨ। ਉਹ ਦਸਦੇ ਹਨ, "ਮੇਰੇ ਮਾਮਿਆਂ ਨੇ ਗੁਰਮਤਿ ਸੰਗੀਤ ਦੇ ਗਾਇਨ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਉਸੇ ਦੀ ਮਿਹਰ ਨਾਲ ਅੱਗੇ ਵਧੇ। ਰਬੋਂ ਡਰਨ ਵਾਲੇ ਸਨ ਤਿੰਨੇ ਭਰਾ। ਤਿੰਨੇ ਅੱਜ ਸਾਡੇ ਵਿਚਕਾਰ ਨਹੀਂ। "

ਵਿਸ਼ਵ ਪ੍ਰਸਿੱਧ ਕੀਰਤਨਕਾਰ ਡਾ. ਗੁਰਨਾਮ ਸਿੰਘ ਸਰਦੂਲ ਨੂੰ ਯਾਦ ਕਰਦਿਆਂ ਹੋਏ ਆਖਦੇ ਹਨ, " ਉਹ ਗਾਇਕੀ ਦੀ ਤ੍ਰਿਵੈਣੀ ਸੀ । ਇੱਕ ਪਾਸੇ ਜਿੱਥੇ ਉਸ ਨੂੰ ਗੁਰਮਤਿ ਸੰਗੀਤ ਦੀ ਰਹਿਮਤ ਪ੍ਰਾਪਤ ਸੀ, ਦੂਜੇ ਪਾਸੇ ਉਸ ਨੂੰ ਸ਼ਾਸਤਰੀ ਸੰਗੀਤ ਦੀ ਗਹਿਰੀ ਸੂਝ ਸੀ ਅਤੇ ਲੋਕ ਸੰਗੀਤ ਦਾ ਚੋਖ਼ਾ ਅਨੁਭਵ ਸੀ।"

ਪੜ੍ਹੋ ਇਹ ਵੀ ਖ਼ਬਰ -  ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼

ਸਰਦੂਲ ਨੇ ਕਰੀਬ ਤਿੰਨ ਦਹਾਕੇ ਪਹਿਲਾਂ ਪੰਜਾਬੀ ਗਾਇਕੀ ਵੱਲ ਮੋੜ ਕੱਟਿਆ। 1989 ਵਿੱਚ ਇੱਕ ਤੋਂ ਬਾਅਦ ਇੱਕ ਚਾਰ ਐਲਬਮ ਬਜ਼ਾਰ ਵਿੱਚ ਆਈਆਂ ਅਤੇ ਅਗਲੇ ਸਾਲ ਚਾਰ ਹੋਰ। 1991 ਵਿੱਚ ਆਈ ਐਲਬਮ ''ਆ ਗਈ ਰੋਡਵੇਜ਼ ਦੀ ਲਾਰੀ" ਨਾਲ ਸਰਦੂਲ ਨੂੰ ਖੂਬ ਸ਼ੋਹਰਤ ਮਿਲੀ। ਉਸੇ ਸਾਲ ਆਈ ਇੱਕ ਹੋਰ ਐਲਬਮ' 'ਹੁਸਨਾਂ ਦੇ ਮਾਲਿਕੋ' ਨੇ ਸਫਲਤਾ ਦੇ ਝੰਡੇ ਗੱਡੇ ਅਤੇ ਹੁਣ ਤੱਕ ਇਸ ਦੀਆਂ 50 ਲੱਖ ਤੋਂ ਵਧ ਕਾਪੀਆਂ ਵਿਕ ਚੁੱਕੀਆਂ ਹਨ। ਸੰਗੀਤ ਦੇ ਪਟਿਆਲਾ ਘਰਾਣੇ ਨਾਲ ਸਬੰਧਿਤ ਇਸ ਕਲਾਕਾਰ ਨੇ ਸਿੱਧੇ ਤੌਰ ’ਤੇ 27 ਐਲਬਮ ਦਿੱਤੀਆਂ । ਵੈਸੇ ਉਸ ਦਾ ਕੰਮ 50 ਤੋਂ ਵਧੇਰੇ ਐਲਬਮ ਵਿੱਚ ਪਸਰਿਆ ਹੋਇਆ ਹੈ। ਲੋਕ ਅਤੇ ਪੌਪ ਗਾਇਕੀ ਤੋਂ ਇਲਾਵਾ ਸਰਦੂਲ ਨੇ ਧਾਰਮਿਕ ਗੀਤਾਂ ਦਾ ਗਾਇਨ ਵੀ ਕੀਤਾ ਅਤੇ ਮਾਤਾ ਦੀਆਂ ਭੇਟਾਂ ਵੀ ਗਾਈਆਂ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਤਹਿਸੀਲ ਕੰਪਲੈਕਸ ਦੀਆਂ ਕੰਧਾਂ ’ਤੇ ਲੱਗੇ ਖ਼ਾਲਿਸਤਾਨ ਦੇ ਪੋਸਟਰ, ਲੋਕਾਂ ’ਚ ਦਹਿਸ਼ਤ ਦਾ ਮਾਹੌਲ

ਗੀਤ ਸੰਗੀਤ ਦੇ ਖੇਤਰ ਤੋਂ ਇਲਾਵਾ ਸਰਦੂਲ ਨੇ ਫ਼ਿਲਮਾਂ ਵਿਚ ਵੀ ਹੱਥ ਅਜਮਾਇਆ। ਉਸ ਨੇ ਐਕਟਿੰਗ ਵੀ ਕੀਤੀ ਅਤੇ ਪਲੇਬੈਕ ਸਿੰਗਰ ਦੇ ਤੌਰ ’ਤੇ ਆਪਣਾ ਯੋਗਦਾਨ ਦਿੱਤਾ। ਫ਼ਿਲਮੀ ਦੁਨੀਆਂ ਵਿਚ ਸਭ ਤੋਂ ਪਹਿਲਾਂ ਉਸ ਨੇ 1991 ਵਿਚ ਆਈ ਫ਼ਿਲਮ 'ਜੱਗਾ ਡਾਕੂ' ਵਿਚ ਪੁਲਸ ਇੰਸਪੈਕਟਰ ਦਾ ਰੋਲ ਨਿਭਾਇਆ ਅਤੇ 2014 ਵਿਚ ਆਈ ਫ਼ਿਲਮ 'ਪੁਲਸ ਇਨ ਪਾਲੀਵੁੱਡ' ਵਿਚ ਵੀ ਬਤੌਰ ਕਲਾਕਾਰ ਅਭਿਨੈ ਕੀਤਾ।

ਸਰਦੂਲ ਦੀ ਪਤਨੀ ਅਮਰ ਨੂਰੀ ਮੰਝੀ ਹੋਈ ਗਾਇਕ ਅਤੇ ਫਿਲਮ ਪਰਦੇ ਦੀ ਕਲਾਕਾਰ ਹੈ। ਦੋਵੇਂ ਬੇਟੇ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਵੀ ਸੰਗੀਤ ਦੇ ਖ਼ੇਤਰ ਨਾਲ ਹੀ ਜੁੜੇ ਹੋਏ ਹਨ। 

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ : 2 ਮਹੀਨਿਆਂ ਦੀ ਬੱਚੀ ਨੂੰ ਦੋ ਲੱਖ ’ਚ ਵੇਚ ਰਹੇ ਸੀ ਮਾਂ-ਬਾਪ, ਦਲਾਲਾਂ ਸਣੇ ਕਾਬੂ   

15 ਜਨਵਰੀ 1961 ਨੂੰ ਜਨਮੇ ਸਰਦੂਲ ਸਿਕੰਦਰ ਦਾ ਪ੍ਰੀਵਾਰ ਵੈਸੇ ਹਰਗਣਾ ਨਾਲ ਸਬੰਧਤ ਹੈ ਪਰ ਬਾਅਦ ਵਿਚ ਉਹ ਨੇੜੇ ਦੇ ਇੱਕ ਕਸਬਾਨੁਮਾ ਵੱਡੇ ਪਿੰਡ ਖੇੜੀ ਨੌਧ ਸਿੰਘ ਆ ਕੇ ਵਸ ਗਏ ਸਨ। ਕੱਲ੍ਹ ਇਸ ਪਿੰਡ ਵਿਚ ਹੀ ਉਸ ਦੀ ਮ੍ਰਿਤਕ ਦੇਹ ਨੂੰ ਸਦੀਵੀ ਵਿਦਾਇਗੀ ਦਿੱਤੀ ਜਾਵੇਗੀ।

(ਗੁਰ ਕ੍ਰਿਪਾਲ ਸਿੰਘ ਅਸ਼ਕ)
ਮੋਬਾਈਲ : 9878019889

 

rajwinder kaur

This news is Content Editor rajwinder kaur